Back ArrowLogo
Info
Profile

ਬੋਲਿਆ ।"

ਇਸ ਵੱਡੀਆ, ਉਦਾਸ, ਥੱਕੀਆ ਅੱਖਾਂ ਵਾਲੇ ਤੇ ਕੱਕੇ ਵਾਲਾਂ ਵਾਲੇ ਮੁੰਡੇ ਨੂੰ ਸੁਣਦਿਆਂ ਅਲੈਕਸੇਈ ਨੂੰ ਲੱਗਾ ਜਿਵੇਂ ਅਜੀਬ ਜਿਹੀ ਸਨਸਨੀ ਉਸਦੇ ਸਾਰੇ ਸਰੀਰ ਵਿਚ ਦੌੜ ਗਈ ਹੋਵੇ। ਉਹ ਸੰਘਣੀ ਧੁੰਦ ਵਿੱਚ ਤਰ ਰਿਹਾ ਲੱਗਦਾ ਸੀ । ਅਜਿੱਤ ਥਕਾਵਟ ਨੇ ਉਸਦੇ ਸਾਰੇ ਸਰੀਰ ਨੂੰ, ਜਿਹੜਾ ਏਨੇ ਪਰਾ ਮਨੁੱਖੀ ਦਬਾਅ ਦਾ ਸ਼ਿਕਾਰ ਹੋਇਆ ਰਿਹਾ ਸੀ, ਨੂੜ ਲਿਆ ਸੀ। ਉਹ ਇੱਕ ਉਂਗਲ ਹਿਲਾਉਣ ਤੋਂ ਵੀ ਅਸਮਰਥ ਸੀ, ਤੇ ਉਸਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਸੀ ਕਿ ਅਜੇ ਦੋ ਘੰਟੇ ਪਹਿਲਾਂ ਉਹ ਚੱਲਦਾ ਰਿਹਾ ਸੀ।

"ਸੋ ਤੁਸੀਂ ਜੰਗਲ ਵਿੱਚ ਰਹਿੰਦੇ ਹੋ ?” ਉਸ ਨੇ ਆਪਣੇ ਆਪ ਨੂੰ ਬੜੀ ਮੁਸ਼ਕਲ ਨਾਲ ਨੀਂਦ ਦੇ ਸ਼ਿਕੰਜ਼ੇ ਵਿੱਚੋਂ ਕੱਢਦਿਆਂ, ਲਗਭਗ ਅਣਸੁਣੀਂਦੀ ਅਵਾਜ਼ ਵਿੱਚ ਕਿਹਾ।

"ਹਾਂ, ਬੇਸ਼ਕ । ਹੁਣ ਅਸੀਂ ਤਿੰਨ ਜਣੇ ਹਾਂ । ਫੇਦਕਾ, ਮਾਂ ਤੇ ਮੈਂ । ਮੇਰੀ ਇੱਕ ਭੈਣ ਹੁੰਦੀ ਸੀ, ਨਿਊਸ਼ਕਾ ਉਸਦਾ ਨਾਂ ਸੀ । ਉਹ ਸਰਦੀਆਂ ਵਿੱਚ ਮਰ ਗਈ । ਉਹ ਸਾਰੀ ਸੁੱਜ ਗਈ ਤੇ ਮਰ ਗਈ। ਤੇ ਮੇਰਾ ਛੋਟਾ ਜਿਹਾ ਭਰਾ ਵੀ ਮਰ ਗਿਆ। ਸੋ ਅਸੀਂ ਤਿੰਨ ਜਣੇ ਰਹਿ ਗਏ ਹਾਂ।... ਜਰਮਨ ਹੁਣ ਵਾਪਸ ਨਹੀਂ ਆ ਰਹੇ, ਹੈ ਨਾ? ਤੇਰਾ ਕੀ ਖਿਆਲ ਹੈ ? ਮੇਰਾ ਨਾਨਾ ਹੁਣ ਸਾਡਾ ਪ੍ਰਧਾਨ ਹੈ; ਉਹ ਕਹਿੰਦਾ ਹੈ ਕਿ ਉਹ ਹੁਣ ਨਹੀਂ ਆਉਣਗੇ; ਉਹ ਕਹਿੰਦਾ ਹੈ: 'ਮੁਰਦੇ ਕਦੀ ਕਬਰਾਂ ਤੋਂ ਨਹੀਂ ਮੁੜਦੇ । ਪਰ ਮਾਂ ਡਰੀ ਹੋਈ ਹੈ। ਉਹ ਦੋੜ ਜਾਣਾ ਚਾਹੁੰਦੀ ਹੈ। ਹੋ ਸਕਦੈ ਉਹ ਮੁੜ ਆਉਣ, ਉਹ ਕਹਿੰਦੀ ਹੈ।.. ਦੇਖ। ਔਹ ਨਾਨਾ ਤੇ ਫੇਦਕਾ ਆ ਗਏ ।"

ਦਰਖਤਾਂ ਤੋਂ ਸਾਫ਼ ਕੀਤੇ ਮੈਦਾਨ ਦੇ ਕਿਨਾਰੇ ਅਲੈਕਸੇਈ ਵੱਲ ਇਸ਼ਾਰਾ ਕਰ ਰਿਹਾ ਲਾਲ ਵਾਲਾਂ ਵਾਲਾ ਫੋਦਕਾ ਸੀ; ਤੇ ਉਸਦੇ ਨਾਲ ਇੱਕ ਉੱਚਾ-ਲੰਮਾ ਝੁਕੇ ਮੋਢਿਆਂ ਵਾਲਾ ਬੁੱਢਾ ਸੀ, ਜਿਸਨੇ ਫਟਿਆ ਪੁਰਾਣਾ ਘਰ ਉਣਿਆ ਕੋਟ ਪਾਇਆ ਹੋਇਆ ਸੀ, ਜਿਸਨੂੰ ਲੱਕ ਦੁਆਲੇ ਇੱਕ ਰੱਸੀ ਨਾਲ ਬੰਨਿਆ ਹੋਇਆ ਸੀ ਤੇ ਉਸਨੇ ਉੱਚੀ ਸਾਰੀ ਜਰਮਨ ਅਫਸਰਾਂ ਵਾਲੀ ਪੀ-ਕੈਪ ਪਾਈ ਹੋਈ ਸੀ।

ਇਹ ਸੀ ਬਾਬਾ ਮਿਖਾਇਲ, ਜਿਵੇਂ ਕਿ ਮੁੰਡੇ ਉਸਨੂੰ ਬੁਲਾਉਂਦੇ ਸਨ । ਉਸਦਾ ਚਿਹਰਾ ਸਾਦਾ ਜਿਹੀਆਂ ਪੇਂਡੂ ਮੂਰਤਾਂ ਵਿੱਚ ਚਿਤਰੇ ਸੰਤ ਨਿਕੋਲਾਸ ਦੇ ਸਖੀ ਚਿਹਰੇ ਨਾਲ ਮਿਲਦਾ ਸੀ, ਉਸਦੀਆਂ ਇੱਕ ਬੱਚੇ ਵਰਗੀਆਂ ਸਾਫ, ਲਿਸ਼ਕਦੀਆਂ ਅੱਖਾਂ ਸਨ ਤੇ ਨਰਮ ਜਿਹੀ ਪਤਲੀ ਤਰ ਰਹੀ ਦਾਹੜੀ ਸੀ ਜਿਹੜੀ ਬਿਲਕੁਲ ਚਾਂਦੀ ਵਰਗੀ ਸੀ। ਉਸਨੇ ਅਲੈਕਸੇਈ ਨੂੰ ਭੇਡ ਦੀ ਜੱਤ ਦੇ ਇੱਕ ਪੁਰਾਣੇ ਕੋਟ ਵਿੱਚ ਲਪੇਟ ਲਿਆ, ਜਿਸ ਉੱਤੇ ਹਰ ਥਾਂ ਰੰਗ ਬਰੰਗੀਆਂ ਟਾਕੀਆਂ ਲੱਗੀਆਂ ਹੋਈਆਂ ਸਨ, ਤੇ ਉਸਦੇ ਹਲਕੇ ਮਾੜੂਏ ਜਿਹੇ ਸਰੀਰ ਨੂੰ ਚੁੱਕਦਿਆਂ ਤੇ ਲਪੇਟਦਿਆਂ ਉਹ ਸਿੱਧੜਾ ਵਾਲੀ ਹੈਰਾਨੀ ਨਾਲ ਕਹੀ ਜਾ ਰਿਹਾ ਸੀ:

“ਵਿਚਾਰਾ, ਵਿਚਾਰਾ ਮੁੰਡਾ। ਕਿਉਂ, ਤੇਰੇ ਵਿੱਚ ਤਾਂ ਬਾਕੀ ਕੁਝ ਰਿਹਾ ਹੀ ਨਹੀਂ। ਉਫ਼ ਪ੍ਰਮਾਤਮਾ, ਤੂੰ ਤਾਂ ਨਿਰਾ ਪਿੰਜ਼ਰ ਹੀ ਰਹਿ ਗਿਆ ਹੈ। ਉਫ਼, ਇਹ ਜੰਗ ਵੀ ਲੋਕਾਂ ਦਾ ਕੀ ਹਾਲ ਕਰ ਰਹੀ ਹੈ! ਉਫ਼ !”

60 / 372
Previous
Next