

ਆਪਣੀਆਂ ਲਿਸ਼ਕਦੀਆਂ ਅੱਖਾਂ ਤੇ ਦੰਦਾਂ ਤੋਂ ਹੀ, ਜਿਹੜੇ ਉਹਨਾਂ ਦੀਆਂ ਸਾਂਵਲੀਆਂ ਚਮੜੀਆਂ ਦੇ ਪਿਛੋਕੜ ਵਿੱਚ ਚਿੱਟੇ ਲਿਸ਼ਕ ਰਹੇ ਸਨ, ਇਹ ਦੱਸਣਾ ਸੰਭਵ ਸੀ ਕਿ ਜਵਾਨ ਕਿਹੜੀ ਹੈ ਤੇ ਬੁੱਢੀ ਕਿਹੜੀ।
"ਜ਼ਨਾਨੀਆਂ, ਉਫ਼, ਜ਼ਨਾਨੀਆਂ। ਇੱਥੇ ਕਾਹਦੇ ਲਈ ਤੁਸੀਂ ਝੁਰਮਟ ਪਾ ਲਿਐ ? ਇਹ ਕੋਈ ਤਮਾਸ਼ਾ ਤਾਂ ਨਹੀਂ ।" ਬਾਬਾ ਮਿਖਾਇਲ ਆਪਣੇ ਜੋਤਰੇ ਨੂੰ ਹੋਰ ਜ਼ੋਰ ਦੀ ਖਿੱਚਦਾ ਹੋਇਆ, ਗੁੱਸੇ ਨਾਲ ਕੂਕਿਆ। "ਰਾਹ 'ਚੋਂ ਹਟ ਜਾਓ, ਰੱਬ ਦੇ ਵਾਸਤੇ ਹੇ ਪ੍ਰਮਾਤਮਾ, ਭੇਡਾਂ ਵਾਂਗ ਨੇ ਇਹ ਤਾਂ ! ਜਾਹਲ !"
ਤੇ ਔਰਤਾਂ ਦੀ ਭੀੜ ਵਿੱਚੋਂ ਅਲੈਕਸੇਈ ਨੂੰ ਇਸ ਤਰ੍ਹਾਂ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ:
"ਉਫ਼, ਕਿੰਨਾਂ ਮਾੜੂਆ ਹੈ। ਇਹ ਤਾਂ ਪਿੰਜਰ ਵਾਂਗ ਲੱਗਦੈ। ਇਹ ਤਾਂ ਹਿਲਜੁਲ ਹੀ ਨਹੀਂ ਰਿਹਾ। ਜਿਉਂਦਾ ਤਾਂ ਹੈ ?"
"ਇਹ ਤਾਂ ਬੇਹੋਸ਼ ਹੋਇਆ ਪਿਐ। ਗੱਲ ਕੀ ਹੈ ਇਹਨੂੰ ? ਉਫ਼, ਕਿੰਨਾਂ ਮਾੜੂਆ ਜਿਹਾ ਹੈ, ਕਿੰਨਾਂ ਮਾੜੂਆ!"
ਫਿਰ ਅਸਚਰਜਤਾ ਦੀਆਂ ਕੂਕਾਂ ਰੁਕ ਗਈਆਂ। ਅਣਜਾਣੇ ਪਰ ਭਿਆਨਕ ਤਜਰਬਿਆਂ ਤੋਂ, ਜਿਨਾਂ ਵਿੱਚੋਂ ਦੀ ਪਾਇਲਟ ਲੰਘਿਆ ਹੋਵੇਗਾ, ਇਹ ਔਰਤਾ ਡੂੰਘੀ ਤਰਾਂ ਪ੍ਰਭਾਵਤ ਹੋਈਆ, ਤੇ ਅਜੇ ਬਰਫ਼ ਗੱਡੀ ਜੰਗਲ ਦੇ ਕਿਨਾਰੇ ਕਿਨਾਰੇ ਹੀ ਖਿੱਚੀ ਜਾ ਰਹੀ ਸੀ ਤੇ ਧਰਤ ਹੇਠਲਾ ਪਿੰਡ ਨੇੜੇ ਆ ਰਿਹਾ ਸੀ ਤਾਂ ਉਹਨਾਂ ਵਿਚਕਾਰ ਝਗੜਾ ਉਠ ਖੜਾ ਹੋਇਆ ਕਿ ਉਹਨਾਂ ਵਿੱਚੋਂ ਕੋਣ ਅਲੈਕਸੇਈ ਨੂੰ ਆਪਣੇ ਭੋਰੇ ਵਿੱਚ ਲੈ ਜਾਇਗੀ।
“ਮੇਰੀ ਥਾਂ ਖੁਸ਼ਕ ਏ । ਰੇਤ ਏ, ਸਾਰੀ ਰੇਤ ਤੇ ਬਹੁਤ ਹਵਾ ਆਉਂਦੀ ਏ।... ਤੇ ਮੇਰੇ ਕੋਲ ਅੰਗੀਠੀ ਵੀ ਹੈ," ਖੁਸ਼ ਅੱਖਾਂ ਵਾਲੀ, ਜਿਨ੍ਹਾਂ ਦੇ ਚਿੱਟੇ ਜਵਾਨ ਨੀਗਰੋ ਦੀਆਂ ਅੱਖਾਂ ਦੇ ਚਿੱਟਿਆਂ ਵਾਂਗ ਚਮਕ ਰਹੇ ਸਨ, ਇੱਕ ਮਧਰੀ ਜਿਹੀ, ਗੋਲ ਮੂੰਹ ਵਾਲੀ ਔਰਤ ਨੇ ਦਲੀਲ ਦਿੱਤੀ।
"ਅੰਗੀਠੀ! ਪਰ ਤੁਸੀਂ ਕਿੰਨੇ ਸਾਰੇ ਉੱਥੇ ਰਹਿ ਰਹੇ ਹੋ ? ਸਿਰਫ਼ ਹਵਾੜ ਹੀ ਤੁਹਾਨੂੰ ਅਗਲੇ ਜਹਾਨ ਭੇਜਣ ਲਈ ਕਾਫ਼ੀ ਹੈ! ਇਹਨੂੰ ਮੇਰੇ ਘਰ ਲੈ ਚੱਲ, ਮਿਖਾਇਲ। ਸੋਵੀਅਤ ਫ਼ੌਜ ਵਿੱਚ ਮੇਰੇ ਤਿੰਨ ਪੁੱਤ ਨੇ, ਤੇ ਮੇਰੇ ਕੋਲ ਕੁਝ ਆਟਾ ਵੀ ਹੈ ਬਚਿਆ ਹੋਇਆ। ਮੈਂ ਇਹਨੂੰ ਕੁਝ ਚਪਾਤੀਆਂ ਬਣਾ ਕੇ ਖੁਆਵਾਂਗੀ।"
"ਨਹੀਂ, ਨਹੀਂ। ਇਹਨੂੰ ਮੇਰੇ ਘਰ ਲੈ ਚੱਲ। ਮੇਰੇ ਕੋਲ ਬਹੁਤ ਥਾਂ ਹੈ। ਅਸੀਂ ਸਿਰਫ਼ ਦੋ ਜਣੇ ਹੀ ਹਾਂ, ਤੇ ਥਾਂ ਸਾਡੇ ਕੋਲ ਬਹੁਤ ਹੈ। ਆਪਣੀਆਂ ਚਪਾਤੀਆਂ ਤੂੰ ਮੇਰੇ ਘਰ ਲੈ ਆਈ, ਇਹਨੂੰ ਕੋਈ ਫ਼ਰਕ ਨਹੀਂ ਪੈਂਦਾ ਇਹ ਕਿੱਥੇ ਖਾਂਦਾ ਹੈ। ਮੈਂ ਤੇ ਕਸੀਊਸ਼ਾ ਇਸਦਾ ਧਿਆਨ ਰੱਖ ਲਵਾਂਗੇ, ਯਕੀਨ ਰੱਖ। ਮੇਰੇ ਕੋਲ ਕੁਝ ? ਜਮਾਈਆਂ ਮੱਛੀਆਂ ਤੇ ਖੁੰਬਾਂ ਵੀ ਨੇ।... ਮੈਂ ਇਹਨੂੰ ਕੁਝ ਮੱਛੀਆਂ ਤੇ ਖੁੰਬਾ ਦਾ ਸ਼ਰਬਾ ਬਣਾ ਦਿਆਂਗੀ।..."
"ਸ਼ੋਰਬੇ ਦਾ ਇਹਨੂੰ ਕੀ ਫ਼ਾਇਦਾ ਹੋਊ, ਇਹਦਾ ਤਾਂ ਅੱਗੇ ਇੱਕ ਪੈਰ ਕਬਰ ਵਿੱਚ ਏ ?