

ਆਪਣੇ ਕੋਂਸਤੀਉਨਕਾ ਲਈ ਬਚਾ ਕੇ ਰਖਿਆ ਹੋਇਆ ਸੀ, ਪਰ ਹੁਣ ਉਸਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਇਹ ਲੈ ਲੈ ਤੇ ਆਪਣੇ ਪਰਾਹੁਣੇ ਲਈ ਕੁਝ ਬਣਾ ਦੇਹ। ਇਹ ਬੱਚਿਆਂ ਲਈ ਏ, ਤੇ ਇਹਨੂੰ ਇਸ ਵੇਲੇ ਬਿਲਕੁਲ ਇਹੋ ਜਿਹੀਆਂ ਚੀਜਾਂ ਦੀ ਲੋੜ ਏ।"
ਉਹ ਮੁੜੀ ਤੇ ਬਾਹਰ ਚਲੀ ਗਈ, ਤੇ ਭੋਰੇ ਵਿਚਲੇ ਸਾਰਿਆਂ ਉੱਤੇ ਆਪਣੇ ਗਮ ਦਾ ਅਸਰ ਛੱਡ ਗਈ। ਕਿਸੇ ਹੋਰ ਨੇ ਕੁਝ ਬਰਫ਼ ਵਿੱਚ ਜਮਾਈ ਬਰੀਮ ਮੱਛੀ ਲੈ ਆਂਦੀ, ਕਿਸੇ ਦੂਜੀ ਨੇ ਤੰਦੂਰ ਵਿੱਚ ਪਕਾਈਆਂ ਚਪਾਤੀਆਂ ਲੈ ਆਂਦੀਆਂ, ਜਿਸ ਨਾਲ ਭੋਰਾ ਸੱਜਰੀ ਪੱਕੀ ਰੋਟੀ ਦੀ ਖੱਟੀ ਖੱਟੀ, ਨਿੱਘੀ ਵਾਸ਼ਨਾ ਨਾਲ ਭਰ ਗਿਆ।
ਸੇਰਿਓਨਕਾ ਤੇ ਫੇਦਕਾ ਆ ਗਏ। ਕਿਸਾਨਾਂ ਵਰਗੀ ਗੰਭੀਰਤਾ ਨਾਲ ਆਪਣੀ ਫ਼ੌਜੀ ਟੋਪੀ ਲਾਹੁੰਦਿਆਂ ਸੇਰਿਓਨਕਾ ਬੋਲਿਆ: “ਸ਼ੁਭ ਪ੍ਰਭਾਤ", ਤੇ ਮੇਜ਼ ਉੱਤੇ ਖੰਡ ਦੀਆਂ ਦੋ ਡਲੀਆਂ ਰੱਖ ਦਿੱਤੀਆਂ ਜਿਨਾਂ ਉੱਪਰ ਤਮਾਕੂ ਦੇ ਰੇਸ਼ੇ ਤੇ ਸੂਹੜੀ ਚੰਬੜੀ ਹੋਈ ਸੀ ।
"ਮਾਂ ਨੇ ਇਹ ਭੇਜੀਆਂ ਨੇ। ਖੰਡ ਤੁਹਾਡੇ ਲਈ ਚੰਗੀ ਏ, ਇਹ ਖਾ ਲੈਣਾ," ਉਹ ਬੋਲਿਆ, ਤੇ ਮਿਖਾਇਲ ਵੱਲ ਮੁੜਦਿਆਂ ਉਸਨੇ ਕਾਰੋਬਾਰੀ ਅੰਦਾਜ਼ ਵਿੱਚ ਕਿਹਾ: "ਅਸੀਂ ਫਿਰ ਪੁਰਾਣੀ ਥਾਂ ਗਏ ਸਾਂ । ਸਾਨੂੰ ਇੱਕ ਲੋਹੇ ਦੀ ਕੇਤਲੀ, ਦੋ ਕਹੀਆਂ, ਬਿਲਕੁਲ ਠੀਕ ਠਾਕ, ਤੇ ਇੱਕ ਕੁਹਾੜੀ ਦਾ ਫਲ ਮਿਲਿਐ। ਇਹ ਸਭ ਚੀਜ਼ਾਂ ਕਿਸੇ ਕੰਮ ਆ ਸਕਦੀਆਂ ਨੇ।
ਇੱਧਰ ਫੇਦਕਾ, ਆਪਣੇ ਭਰਾ ਦੇ ਪਿੱਛੇ ਖੜ੍ਹਾ ਲਲਚਾਈਆਂ ਅੱਖਾਂ ਨਾਲ ਮੇਜ਼ ਉੱਤੇ ਪਈ ਖੰਡ ਵੱਲ ਦੇਖ ਰਿਹਾ ਸੀ, ਤੇ ਜ਼ੋਰ ਜ਼ੋਰ ਦੀ ਸਾਹ ਖਿੱਚ ਰਿਹਾ ਸੀ, ਕਿਉਂਕਿ ਉਸਦੇ ਮੂੰਹ ਵਿੱਚ ਪਾਣੀ ਆ ਰਿਹਾ ਸੀ ।
ਮਗਰੋਂ ਜਦੋਂ ਅਲੈਕਸੇਈ ਨੇ ਇਸ ਸਭ ਕਾਸੇ ਬਾਰੇ ਸੋਚਿਆ, ਤਾਂ ਉਸਨੂੰ ਇਹਨਾਂ ਸਾਰੀਆਂ ਸੁਗਾਤਾਂ ਦੀ ਕੀਮਤ ਦਾ ਅਹਿਸਾਸ ਹੋਇਆ, ਜਿਹੜੀਆਂ ਸੁਗਾਤਾਂ ਉਸਨੂੰ ਐਸੇ ਪਿੰਡ ਵਿੱਚ ਲਿਆ ਕੇ ਦਿੱਤੀਆਂ ਗਈਆਂ ਸਨ, ਜਿਸਦੇ ਲਗਭਗ ਇੱਕ ਤਿਹਾਈ ਵਾਸੀ ਉਸ ਸਿਆਲ ਭੁੱਖ ਨਾਲ ਮਾਰੇ ਗਏ ਸਨ, ਜਿਥੇ ਇੱਕ ਵੀ ਐਸਾ ਟੱਬਰ ਨਹੀਂ ਸੀ ਜਿਹੜਾ ਆਪਣੇ ਇੱਕ ਜਾਂ ਸਗੋਂ ਦੇ ਦੋ ਜੀਆਂ ਦਾ ਵੀ ਸੋਗ ਨਾ ਮਨਾ ਰਿਹਾ ਹੋਵੇ।
“ਉਫ਼, ਔਰਤ, ਔਰਤੋ, ਤੁਸੀਂ ਅਣਮੋਲ ਹੋ। ਤੂੰ ਸੁਣਦਾ ਏਂ, ਅਲੈਕਸੇਈ, ਮੈਂ ਕੀ ਕਹਿ ਰਿਹਾ ਹਾਂ ? ਮੈਂ ਕਹਿੰਦਾ ਹਾਂ ਕਿ ਰੂਸੀ ਔਰਤ ਅਣਮੋਲ ਹੈ। ਤੁਹਾਨੂੰ ਸਿਰਫ਼ ਉਸਦੇ ਦਿਲ ਨੂੰ ਛੁਹਣ ਦੀ ਲੋੜ ਹੈ, ਤੇ ਉਹ ਆਪਣੀ ਆਖ਼ਰੀ ਰੱਖੀ ਰਖਾਈ ਚੀਜ਼ ਵੀ ਦੇ ਦੇਵੇਗੀ, ਤੇ ਜੇ ਲੋੜ ਪਵੇ ਤਾਂ ਆਪਣਾ ਸਿਰ ਤੱਕ ਵਾਰ ਦੇਵੇਗੀ। ਇਸ ਤਰ੍ਹਾਂ ਦੀਆਂ ਨੇ ਸਾਡੀਆਂ ਔਰਤਾਂ। ਕਿਉਂ, ਮੈਂ ਠੀਕ ਨਹੀਂ ?" ਅਲੈਕਸੇਈ ਵੱਲੋਂ ਇਹ ਸੁਗਾਤਾਂ ਪ੍ਰਵਾਨ ਕਰਦਾ ਹੋਇਆ ਬਾਬਾ ਮਿਖਾਇਲ ਕਹਿੰਦਾ ਤੇ ਫਿਰ ਆਪਣੇ ਕੰਮ ਵੱਲ ਮੁੜ ਪੈਂਦਾ, ਜਿਹੜਾ ਹਮੇਸ਼ਾ ਉਹ ਕਰ ਰਿਹਾ ਹੁੰਦਾ ਸੀ — ਘੋੜੇ ਦੇ ਸਾਜ, ਪਟੇ ਜਾਂ ਨਮਦੇ ਦੇ ਘਸੇ ਹੋਏ ਬੂਟਾ ਦੀ ਮੁਰੰਮਤ ਕਰਨਾ। 'ਤੇ ਕੰਮ ਵਿੱਚ ਵੀ ਸਾਡੀਆਂ ਔਰਤਾਂ ਅਸਾਂ ਆਦਮੀਆਂ ਤੋਂ ਪਿੱਛੇ ਨਹੀਂ ਰਹੀਆਂ। ਉਹ ਸਗੋਂ ਸਾਨੂੰ ਦੋ ਚਾਰ ਗੱਲਾਂ ਸਿਖਾ ਸਕਦੀਆਂ ਹਨ। ਉਹਨਾਂ ਦੀਆਂ ਜ਼ੁਬਾਨਾਂ ਨੇ, ਜਿਹੜੀਆਂ ਮੈਨੂੰ