

ਪਸੰਦ ਨਹੀਂ! ਇਹ ਮੇਰੀ ਜਾਨ ਲੈ ਕੇ ਛੱਡਣਗੀਆਂ, ਇਹ ਔਰਤਾਂ ਮੇਰੀ ਜਾਨ ਲੈ ਕੇ ਛੱਡਣਗੀਆਂ, ਮੈਂ ਤੈਨੂੰ ਦਸ ਦਿਆਂ। ਜਦੋਂ ਮੇਰੀ ਅਨੀਸੀਆ ਮਰੀ, ਤਾਂ ਮੈਂ ਆਪਣੇ ਮਨ ਵਿੱਚ ਸੋਚਿਆ: 'ਸ਼ੁਕਰ ਹੈ ਪ੍ਰਮਾਤਮਾ ਦਾ, ਹੁਣ ਜ਼ਰਾ ਮੈਂ ਸ਼ਾਂਤ ਜ਼ਿੰਦਗੀ ਬਿਤਾ ਸਕਾਂਗਾ।' ਪਰ ਦੇਖ, ਰੱਬ ਨੇ ਮੈਨੂੰ ਇਸ ਗੱਲ ਦੀ ਸਜ਼ਾ ਦਿੱਤੀ। ਸਾਡੇ ਜਿਨ੍ਹਾਂ ਆਦਮੀਆਂ ਨੂੰ ਫੌਜ ਵਿੱਚ ਨਹੀਂ ਸੀ ਲਿਆ ਗਿਆ, ਉਹ ਸਾਰੇ ਜਰਮਨਾਂ ਨਾਲ ਲੜਨ ਲਈ ਛਾਪੇਮਾਰਾਂ ਵਿੱਚ ਸ਼ਾਮਲ ਹੋ ਗਏ ਤੇ ਮੈਂ, ਆਪਣੇ ਗੁਨਾਹ ਕਰਕੇ, ਔਰਤਾਂ ਦਾ ਕਮਾਂਡਰ ਬਣ ਗਿਆ, ਜਿਸ ਤਰ੍ਹਾਂ ਭੇਡਾਂ ਦੇ ਝੁੰਡ ਵਿੱਚ ਬੱਕਰਾ ਹੁੰਦਾ ਹੈ।... ਓ-ਹੋ-ਹੋ!”
ਇਸ ਜੰਗਲ ਵਿੱਚ ਵਸੀ ਬਸਤੀ ਵਿੱਚ ਅਲੈਕਸੇਈ ਨੂੰ ਕਈ ਚੀਜ਼ਾਂ ਦਿਖਾਈ ਦਿੱਤੀਆਂ ਜਿਹੜੀਆਂ ਉਸਨੂੰ ਬਹੁਤ ਹੈਰਾਨ ਕਰਨ ਵਾਲੀਆਂ ਸਨ । ਜਰਮਨਾਂ ਨੇ ਪਲਾਵਨੀ ਦੇ ਵਾਸੀਆਂ ਤੋਂ ਉਹਨਾਂ ਦੇ ਘਰ ਖੋਹ ਲਏ ਸਨ, ਉਹਨਾਂ ਦੀਆਂ ਚੀਜ਼ਾਂ, ਉਹਨਾਂ ਦੇ ਖੇਤੀ ਦੇ ਸੰਦ, ਡੰਗਰ-ਢੇਰ, ਘਰੇਲੂ ਬਰਤਨ ਤੇ ਕੱਪੜੇ ਖੋਹ ਲਏ ਸਨ, ਸਭ ਕੁਝ ਖੋਹ ਲਿਆ ਸੀ । ਜੋ ਕੁਝ ਪੁਸ਼ਤਾਂ ਦੀ ਮੁਸ਼ੱਕਤ ਦੇ ਨਾਲ ਉਹਨਾਂ ਨੇ ਇਕੱਠਾ ਕੀਤਾ ਸੀ, ਤੇ ਇਸ ਵੇਲੇ ਲੋਕ ਭਾਰੀ ਮੁਸੀਬਤਾਂ ਝਾਗਦੇ ਜੰਗਲ ਵਿੱਚ ਰਹਿ ਰਹੇ ਸਨ, ਲਗਾਤਾਰ ਇਸ ਖਤਰੇ ਵਿੱਚ ਕਿ ਜਰਮਨ ਉਹਨਾਂ ਨੂੰ ਕਿਤੇ ਲੱਭ ਨਾ ਲੈਣ। ਉਹ ਭੁੱਖੇ ਰਹਿੰਦੇ ਤੇ ਠੰਡ ਝਾਗਦੇ ਸਨ - ਪਰ ਸਾਂਝਾ ਫਾਰਮ ਖੇਰੂੰ ਖੇਰੂੰ ਨਹੀਂ ਸੀ ਹੋਇਆ; ਇਸਦੇ ਉਲਟ, ਜੰਗ ਦੀ ਭਾਰੀ ਬਿਪਤਾ ਨੇ ਲੋਕਾਂ ਨੂੰ ਸਗੋਂ ਇੱਕ ਦੂਜੇ ਦੇ ਹੋਰ ਨੇੜੇ ਲੈ ਆਂਦਾ ਸੀ। ਇਥੋਂ ਤੱਕ ਕਿ ਉਹਨਾਂ ਨੇ ਭੋਰੇ ਵੀ ਮਿਲ ਕੇ ਖੋਦੇ ਸਨ ਤੇ ਉਹਨਾਂ ਵਿੱਚ ਜਾ ਕੇ ਟਿਕਾਣਾ ਕੀਤਾ ਸੀ, ਬੇਤਰਤੀਬੀ ਨਾਲ ਨਹੀ, ਸਗੋਂ ਉਹਨਾਂ ਟੀਮਾਂ ਦੇ ਹਿਸਾਬ ਨਾਲ ਜਿਨਾਂ ਅਨੁਸਾਰ ਉਹ ਫਾਰਮ ਉੱਤੇ ਕੰਮ ਕਰਦੇ ਰਹੇ ਸਨ। ਜਦੋਂ ਬਾਬੇ ਮਿਖਾਇਲ ਦਾ ਜਵਾਈ ਮਾਰਿਆ ਗਿਆ ਸੀ, ਤਾਂ ਉਸਨੇ ਸਾਂਝੇ ਫਾਰਮ ਦੇ ਪ੍ਰਧਾਨ ਦੇ ਫਰਜ਼ ਆਪਣੇ ਜ਼ਿੰਮੇ ਲੈ ਲਏ ਸਨ, ਤੇ ਜੰਗਲ ਵਿੱਚ ਉਹ ਸਾਂਝੇ ਫਾਰਮ ਦੀਆਂ ਸਾਰੀਆਂ ਰੀਤਾਂ ਦੀ ਪਵਿੱਤਰ ਚੀਜ ਵਾਂਗ ਪਾਲਣਾ ਕਰ ਰਿਹਾ ਸੀ। ਤੇ ਹੁਣ, ਉਸਦੇ ਨਿਰਦੇਸ਼ਨ ਹੇਠ, ਅਛੋਹ ਜੰਗਲ ਦੇ ਧੁਰ ਅੰਦਰ, ਗੁਫਾਵਾਂ ਵਿੱਚ ਰਹਿ ਰਿਹਾ ਪਿੰਡ ਬ੍ਰਿਗੇਡ ਤੇ ਟੀਮਾਂ ਬਣਾ ਕੇ ਬਸੰਤ ਲਈ ਤਿਆਰ ਹੋ ਰਿਹਾ ਸੀ।
ਭਾਵੇਂ ਆਪ ਭੁੱਖੀਆਂ ਮਰ ਰਹੀਆਂ ਸਨ, ਤਾਂ ਵੀ ਕਿਸਾਨ ਔਰਤਾਂ ਉਹ ਸਾਰਾ ਅਨਾਜ ਸਾਂਝੀ ਗੁਫ਼ਾ ਵਿੱਚ ਲੈ ਆਈਆਂ ਜਿਹੜਾ ਵੀ ਉਹ ਉਸ ਵੇਲੇ ਬਚਾ ਸਕੀਆਂ ਸਨ, ਜਦੋਂ ਉਹ ਆਪਣੇ ਪਿੰਡ ਤੋਂ ਦੌੜੀਆਂ ਸਨ ਸਾਰਾ ਹੀ, ਆਖ਼ਰੀ ਦਾਣੇ ਤੱਕ। ਜਰਮਨਾਂ ਤੋਂ ਬਚਾਈਆਂ ਗਾਈਆਂ ਤੋਂ ਜੰਮੇ ਵੱਛਿਆਂ ਦਾ ਸਭ ਤੋਂ ਵੱਧ ਧਿਆਨ ਰੱਖਿਆ ਗਿਆ ਸੀ । ਇਹ ਲੋਕ ਭੁੱਖੇ ਮਰ ਰਹੇ ਸਨ, ਪਰ ਸਾਂਝੀ ਮਾਲਕੀ ਹੇਠਲੇ ਡੰਗਰਾਂ ਨੂੰ ਉਹ ਨਹੀਂ ਸਨ ਝਟਕਾ ਰਹੇ। ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਕੇ ਪਿੰਡ ਦੇ ਮੁੰਡੇ ਪੁਰਾਣੇ, ਸੜੇ ਹੋਏ ਪਿੰਡ ਜਾਂਦੇ ਸਨ ਤੇ ਸਵਾਹ ਦੇ ਢੇਰਾਂ ਨੂੰ ਫਰੋਲਦੇ ਹੋਏ ਹਲਾਂ ਦੇ ਫਲ ਲੱਭ ਲਿਆਉਂਦੇ ਸਨ, ਜਿਹੜੇ ਤਪਣ ਕਰਕੇ ਨੀਲੇ ਪਏ ਹੁੰਦੇ ਸਨ। ਇਹ ਫਲ ਉਹ ਧਰਤ-ਹੇਠਲੇ ਇਸ ਪਿੰਡ ਵਿੱਚ ਲੈ ਆਉਂਦੇ ਤੇ ਵਰਤੋਂ ਲਈ ਸਭ ਤੋਂ ਵਧੇਰੇ ਠੀਕ ਫਲਾਂ ਨੂੰ ਲੱਕੜ ਦੀਆਂ ਮੁੱਠੀਆਂ ਲਾ ਲੈਂਦੇ। ਬਸੰਤ ਦੀ ਵਾਹੀ ਲਈ