

ਵਿਛਾ ਦਿੱਤਾ ਗਿਆ। ਇਸਤੋਂ ਮਗਰੋਂ ਬਾਬੇ ਮਿਖਾਇਲ ਨੇ ਕੱਪੜੇ ਲਾਹ ਲਏ, ਤੇ ਸਿਰਫ਼ ਕੱਛ ਹੀ ਰਹਿਣ ਦਿੱਤੀ, ਜਲਦੀ ਨਾਲ ਕੁਝ ਖਾਰ ਛੋਟੀ ਜਿਹੀ ਲੱਕੜ ਦੀ ਬਾਲਟੀ ਵਿੱਚ ਘੋਲੀ ਤੇ ਨਹਾਉਣ ਵਾਲਾ ਸਪੰਜ ਬਣਾਉਣ ਲਈ ਦਰਖਤ ਦੀ ਛਿੱਲ ਦੀ ਬਣੀ ਚਟਾਈ ਦਾ ਇੱਕ ਟੋਟਾ ਤੋੜਿਆ । ਜਦੋਂ ਭੋਰਾ ਏਨਾਂ ਗਰਮ ਹੋ ਗਿਆ ਕਿ ਪਾਣੀ ਦੇ ਠੰਡੇ ਤੁਪਕੇ ਛੱਤ ਤੋਂ ਡਿੱਗਣ ਲੱਗ ਪਏ, ਤਾਂ ਬੁੱਢਾ ਜਲਦੀ ਜਲਦੀ ਬਾਹਰ ਗਿਆ ਤੇ ਲੋਹੇ ਦੀ ਚਾਦਰ ਉੱਤੇ ਲਾਲ ਸੁਰਖ ਪੱਥਰ ਲੈ ਕੇ ਜਲਦੀ ਹੀ ਵਾਪਸ ਆ ਗਿਆ। ਉਸਨੇ ਉਹ ਪੱਥਰ ਟੱਪ ਵਿੱਚ ਸੁੱਟ ਦਿੱਤਾ। ਭਾਫ਼ ਦਾ ਇੱਕ ਭਾਰੀ ਬੱਦਲ ਜਲਦੀ ਨਾਲ ਛੱਤ ਵੱਲ ਉਠਿਆ, ਇਸਦੇ ਹੇਠਾਂ ਫੈਲ ਗਿਆ ਤੇ ਫਿਰ ਘੁੰਘਰਾਲੀ ਉੱਨ ਵਿੱਚ ਵੱਟ ਗਿਆ। ਧੁੰਦ ਵਿੱਚੋਂ ਕੁਝ ਨਹੀਂ ਸੀ ਦੇਖਿਆ ਜਾ ਸਕਦਾ, ਪਰ ਅਲੈਕਸੇਈ ਨੇ ਮਹਿਸੂਸ ਕੀਤਾ ਕਿ ਬੁੱਢੇ ਦੇ ਛੋਹਲੇ ਹੱਥ ਉਸਦੇ ਕੱਪੜੇ ਲਾਹ ਰਹੇ ਹਨ।
ਵਾਰੀਆ ਆਪਣੇ ਸਹੁਰੇ ਦੀ ਮਦਦ ਕਰ ਰਹੀ ਸੀ । ਗਰਮੀ ਹੋ ਜਾਣ ਕਰਕੇ ਉਸਨੇ ਆਪਣਾ ਰੂੰ ਦੀ ਭਰਤੀ ਵਾਲਾ ਕੋਟ ਤੇ ਰੁਮਾਲ ਲਾਹ ਮਾਰਿਆ। ਉਸਦੀਆਂ ਭਾਰੀ ਲਿਟਾਂ, ਜਿਨ੍ਹਾਂ ਦੀ ਹੋਂਦ ਦਾ ਉਸਦੇ ਫਟੇ ਰੁਮਾਲ ਹੇਠ ਸ਼ੱਕ ਵੀ ਨਹੀਂ ਸੀ ਕੀਤਾ ਜਾ ਸਕਦਾ ਉਸਦੇ ਲੱਕ ਉੱਤੇ ਡਿੱਗ ਪਈਆਂ ਤੇ ਇੱਕਦਮ, ਪਤਲੀ ਜਿਹੀ, ਵੱਡੀਆਂ ਵੱਡੀਆਂ ਅੱਖਾਂ ਤੇ ਛੁਹਲੇ ਪੈਰਾਂ ਵਾਲੀ, ਉਹ ਇੱਕ ਧਾਰਮਿਕ ਜਿਹੀ ਬੁੱਢੀ ਜ਼ਨਾਨੀ ਤੋਂ ਜਵਾਨ ਮੁਟਿਆਰ ਵਿਚ ਬਦਲ ਗਈ। ਇਹ ਤਬਦੀਲੀ ਏਨੀ ਅਚਨਚੇਤ ਸੀ ਕਿ ਅਲੈਕਸੇਈ, ਜਿਸਨੇ ਹੁਣ ਤੱਕ ਉਸ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ, ਆਪਣੇ ਨੰਗੇਜ਼ ਉੱਤੇ ਸ਼ਰਮਿੰਦਾ ਹੋ ਗਿਆ।
“ਪ੍ਰਵਾਹ ਨਾ ਕਰ, ਅਲੈਕਸੇਈ ਬੱਚੇ, ਕੋਈ ਗੱਲ ਨਹੀਂ," ਬਾਬੇ ਮਿਖਾਇਲ ਨੇ ਉਸਨੂੰ ਧੀਰਜ ਦਿੰਦਿਆਂ ਕਿਹਾ। "ਇਸ ਤੋਂ ਬਿਨ੍ਹਾਂ ਗੁਜ਼ਾਰਾ ਨਹੀਂ। ਸਾਨੂੰ ਤੇਰੇ ਨਾਲ ਇਹ ਕੰਮ ਕਰਨਾ ਹੀ ਪੈਣਾ ਹੈ। ਮੈਂ ਸੁਣਿਐ ਕਿ ਫਿਨਲੈਂਡ ਵਿੱਚ ਔਰਤਾਂ ਤੇ ਆਦਮੀ ਇਕੱਠੇ ਹੀ ਨਹਾਉਂਦੇ ਨੇ। ਕੀ ? ਇਹ ਸੱਚ ਨਹੀਂ? ਸ਼ਾਇਦ, ਹੋ ਸਕਦੈ ਉਹਨਾਂ ਮੈਨੂੰ ਝੂਠ ਹੀ ਦੱਸਿਆ ਹੋਵੇ। ਪਰ ਆਹ ਵਾਰੀਆ ਤਾਂ ਹੁਣ ਹਸਪਤਾਲ ਦੀ ਨਰਸ ਵਾਂਗ ਹੈ, ਜਿਹੜੀ ਜ਼ਖਮੀ ਸਿਪਾਹੀ ਦਾ ਖਿਆਲ ਰੱਖ ਰਹੀ ਹੈ, ਸੋ ਸ਼ਰਮ ਵਾਲੀ ਕੋਈ ਗੱਲ ਨਹੀਂ। ਫੜ ਕੇ ਰੱਖ ਇਹਨੂੰ, ਵਾਰੀਆ, ਤੇ ਮੈਂ ਇਹਦੀ ਕਮੀਜ਼ ਲਾਹੁੰਦਾ ਹਾਂ। ਹੇ ਪ੍ਰਮਾਤਮਾ, ਇਹ ਤਾਂ ਬਿਲਕੁਲ ਗਲ ਚੁੱਕੀ ਹੈ! ਲੀਰਾਂ ਲੀਰਾਂ ਹੋ ਰਹੀ ਹੈ!"
ਅਲੈਕਸੇਈ ਨੂੰ ਜਵਾਨ ਔਰਤ ਦੀਆਂ ਵੱਡੀਆਂ ਵੱਡੀਆਂ, ਕਾਲੀਆਂ ਅੱਖਾਂ ਵਿੱਚ ਤ੍ਰਾਹਭਰੀ ਤੱਕਣੀ ਦਿਖਾਈ ਦਿੱਤੀ। ਭਾਫ਼ ਦੇ ਝੂਲਦੇ ਪਰਦੇ ਥਾਣੀਂ ਉਸਨੇ ਆਪਣੇ ਨਾਲ ਵਾਪਰੀ ਦੁਰਘਟਨਾ ਤੋਂ ਮਗਰੋਂ ਪਹਿਲੀ ਵਾਰੀ ਆਪਣਾ ਸਰੀਰ ਦੇਖਿਆ। ਸੁਨਹਿਰੀ ਘਾਹ ਉੱਤੇ ਇੱਕ ਇਨਸਾਨ ਪਿਆ ਸੀ, ਚਮੜੀ ਨਾਲ ਢੱਕਿਆ ਪਿੰਜਰ, ਗੋਡਿਆਂ ਦੀਆਂ ਚੱਪਣੀਆਂ ਨਿੱਕਲੀਆਂ ਹੋਈਆਂ, ਪੇਡੂ ਦੀਆਂ ਨੁਕਰਾਂ, ਬਿਲਕੁਲ ਖੋਖਲਾ ਢਿਡ ਤੇ ਪੱਸਲੀਆਂ ਵੱਖ ਵੱਖ ਦਿਖਾਈ ਦੇ ਰਹੀਆਂ ਸਨ।
ਬੁੱਢੇ ਨੇ ਬਾਲਟੀ ਵਿੱਚ ਖਾਰ ਵਾਲਾ ਪਾਣੀ ਹਿਲਾਇਆ, ਭੂਰੇ, ਤੇਲ ਵਰਗੇ ਘੋਲ ਵਿੱਚ