

ਚਟਾਈ ਤੋਂ ਬਣਾਇਆ ਸਪੰਜ ਇਸ ਵਿੱਚ ਡੁਬੋਇਆ ਤੇ ਚੁੱਕ ਕੇ ਅਲੈਕਸੇਈ ਦੇ ਪਿੰਡੇ ਦੇ ਉੱਪਰ ਲੈ ਆਂਦਾ। ਭਾਫ਼ ਦੇ ਵਿੱਚੋਂ ਦੀ ਉਸਨੂੰ ਘਾਹ ਉੱਪਰ ਪਿਆ ਸੂਤਿਆ ਹੋਇਆ ਸਰੀਰ ਦਿਖਾਈ ਦਿੱਤਾ ਤੇ ਉਸਦਾ ਸਪੰਜ ਵਾਲਾ ਹੱਥ ਜਿਥੇ ਸੀ, ਉਥੇ ਦਾ ਉਥੇ ਰਹਿ ਗਿਆ।
"ਹੇ ਪ੍ਰਮਾਤਮਾ।” ਉਹ ਕੂਕ ਉਠਿਆ। "ਤੇਰੀ ਤਾਂ ਬੁਰੀ ਹਾਲਤ ਹੈ, ਅਲੈਕਸੇਈ! ਮੈਂ ਤੈਨੂੰ ਦੱਸਾਂ, ਤੇਰਾ ਤਾਂ ਭੈੜਾ ਹਾਲ ਹੈ। ਕੀ ? ਜਰਮਨਾਂ ਤੋਂ ਤਾਂ ਤੂੰ ਬਚ ਨਿਕਲਿਆ ਹੈ, ਪਰ ਕੀ ਤੂੰ ਉਸਤੋਂ ਬਚ ਸਕੇਗਾ" ਤੇ ਇਕਦਮ ਉਹ ਗੁੱਸੇ ਨਾਲ ਵਾਰੀਆ ਵੱਲ ਮੁੜਿਆ, ਜਿਸਨੇ ਅਲੈਕਸੇਈ ਦੀ ਪਿੱਠ ਨੂੰ ਆਸਰਾ ਦਿੱਤਾ ਹੋਇਆ ਸੀ । "ਕੀ ਤੂੰ ਨੰਗੇ ਆਦਮੀ ਵੱਲ ਅੱਖਾਂ ਪਾੜ ਪਾੜੇ ਦੇਖਣ ਡਹੀ ਏ, ਕਮਜਾਤ ? ਕਾਹਦੇ ਲਈ ਆਪਣੇ ਬੁਲ ਟੁੱਕਣ ਡਹੀ ਏ ? ਤੁਸੀਂ ਔਰਤਾਂ, ਤੁਸੀਂ ਸਭ ਇੱਕੋ ਜਿਹੀਆਂ ਹੋ! ਤੇ ਤੂੰ, ਅਲੈਕਸੇਈ, ਤੂੰ ਕੋਈ ਖਿਆਲ ਨਾ ਮਨ ਵਿੱਚ ਲਿਆ ਫ਼ਿਕਰ ਨਾ ਕਰ ਅਸੀਂ ਤੈਨੂੰ ਉਸ ਦਾਤਰੀ ਵਾਲੇ ਯਮਦੂਤ ਦੇ ਕਾਬੂ ਨਹੀਂ ਆਉਣ ਦਿਆਂਗੇ । ਏਨਾਂ ਅਸੀਂ ਕਰ ਲਾਂਗੇ ! ਅਸੀਂ ਤੇਰੀ ਸੇਵਾ ਕਰਕੇ ਮੁੜ ਸਿਹਤਮੰਦ ਬਣਾ ਦਿਆਂਗੇ, ਆਪਣੇ ਪੈਰਾਂ ਉੱਤੇ ਖੜਾ ਹੋਣ ਜੋਗਾ ਕਰ ਦਿਆਂਗੇ। ਯਕੀਨ ਜਾਣ।"
ਬੜੇ ਧਿਆਨ ਤੇ ਹੁਸ਼ਿਆਰੀ ਨਾਲ, ਜਿਵੇਂ ਕਿ ਉਹ ਕਿਸੇ ਦੁੱਧ ਪੀਂਦੇ ਬਾਲ ਨੂੰ ਫੜ ਰਿਹਾ ਹੋਵੇ, ਉਸਨੇ ਅਲੈਕਸੇਈ ਨੂੰ ਖਾਰ ਵਾਲੇ ਪਾਣੀ ਨਾਲ ਨੁਹਾਇਆ, ਉਸ ਉੱਪਰ ਪਾਣੀ ਪਾਉਂਦਿਆਂ ਉਸਦੇ ਪਾਸੇ ਪਰਤੇ, ਤੇ ਇੰਝ ਜ਼ੋਰ ਜ਼ੋਰ ਦੀ ਰਗੜਿਆ ਕਿ ਉਸਦੀਆਂ ਬਾਹਰ ਨਿਕਲੀਆਂ ਪੱਸਲੀਆਂ ਉੱਪਰ ਤਿਲਕਦੇ ਉਸਦੇ ਹੱਥ ਕਿਚ ਕਿਚ ਕਰਦੇ ਸਨ।
ਵਾਰੀਆ ਚੁੱਪ ਚਾਪ ਉਸਦੀ ਸਹਾਇਤਾ ਕਰਦੀ ਰਹੀ।
ਪਰ ਉਸਨੂੰ ਬੁੱਢੇ ਨੇ ਐਵੇਂ ਹੀ ਝਾੜ ਦਿੱਤਾ ਸੀ। ਉਹ ਉਸ ਡਰਾਉਣੇ, ਪਤਲੇ ਸਰੀਰ ਵੱਲ ਨਹੀਂ ਸੀ ਦੇਖ ਰਹੀ, ਜਿਹੜਾ ਬੇਵੱਸ ਉਸਦੀਆਂ ਬਾਹਵਾਂ ਵਿੱਚ ਪਿਆ ਸੀ। ਉਹ ਆਪਣੀਆਂ ਅੱਖਾਂ ਉਸ ਤੋਂ ਪਰੇ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਜਦੋਂ ਭਾਫ਼ ਥਾਣੀ ਉਹ ਸੁਭਾਵਕੀ ਹੀ ਅਲੈਕਸੇਈ ਦੀ ਲੱਤ, ਜਾਂ ਬਾਂਹ ਉੱਤੇ ਪੈ ਜਾਂਦੀਆਂ, ਤਾਂ ਉਹਨਾਂ ਵਿੱਚ ਭੈ ਦੀ ਲਿਸ਼ਕ ਆ ਜਾਂਦੀ। ਉਹ ਕਲਪਨਾ ਕਰਨ ਲਗ ਪੈਂਦੀ ਕਿ ਇਹ ਪਾਇਲਟ ਕੋਈ ਓਪਰਾ ਬੰਦਾ ਨਹੀਂ ਸੀ ਜਿਹੜਾ ਪਤਾ ਨਹੀਂ ਕਿਵੇਂ ਉਹਨਾਂ ਦੇ ਘਰ ਆ ਗਿਆ ਸੀ, ਸਗੋਂ ਉਸਦਾ ਆਪਣਾ ਮੀਸ਼ਾ ਸੀ; ਕਿ ਇਹ ਕੋਈ ਅਚਨਚੇਤੀ ਪ੍ਰਾਹੁਣਾ ਨਹੀਂ ਸੀ, ਸਗੋਂ ਉਸਦਾ ਆਪਣਾ ਪਤੀ ਸੀ, ਜਿਸ ਨਾਲ ਉਸਨੇ ਸਿਰਫ਼ ਇੱਕ ਬਸੰਤ ਹੀ ਕੱਟੀ ਸੀ ਚੌੜੀ ਛਾਤੀ ਵਾਲਾ ਆਦਮੀ ਜਿਸ ਦੇ ਮੂੰਹ ਉੱਤੇ ਵੱਡੀਆਂ ਵੱਡੀਆਂ ਚਮਕੀਲੀਆਂ ਛਾਈਆਂ ਸਨ, ਤੇ ਭਵਾਂ ਦਾ ਰੰਗ ਏਨਾਂ ਚਿੱਟਾ ਸੀ ਕਿ ਇੰਝ ਲੱਗਦਾ ਸੀ ਜਿਵੇਂ ਉਸਦੇ ਭਵਾਂ ਹੁੰਦੀਆਂ ਹੀ ਨਹੀਂ, ਜਿਸਦੇ ਵੱਡੇ ਵੱਡੇ, ਸ਼ਕਤੀਸ਼ਾਲੀ ਹੱਥ ਸਨ ਤੇ ਜਿਸ ਦਾ ਫਾਸਿਸਟ ਦੈਂਤਾਂ ਨੇ ਇਹ ਹਾਲ ਕਰ ਦਿੱਤਾ ਸੀ। ਕਿ ਇਹ ਉਸਦੇ ਮੀਸ਼ਾ ਦਾ ਬੇਜਾਨ ਲੱਗਦਾ ਸਰੀਰ ਸੀ ਜਿਸਨੂੰ ਉਸਨੇ ਆਪਣੀਆਂ ਬਾਹਵਾਂ ਵਿੱਚ ਫੜਿਆ ਹੋਇਆ ਸੀ। ਤੇ ਉਸ ਉੱਤੇ ਭੈ ਤਾਰੀ ਹੋ ਜਾਂਦਾ, ਉਸਦਾ ਸਿਰ ਘੁੰਮਣ ਲੱਗ ਪੈਂਦਾ, ਤੇ ਸਿਰਫ ਆਪਣੇ ਬੁਲ੍ਹਾਂ ਨੂੰ ਟੁੱਕ ਕੇ ਹੀ ਉਹ ਆਪਣੇ ਆਪ ਨੂੰ ਬੇਹੋਸ਼ ਹੋਣ ਤੋਂ ਰੋਕ ਸਕਦੀ ਸੀ...