Back ArrowLogo
Info
Profile

ਮਗਰੋਂ, ਅਲੈਕਸੇਈ ਦੇ ਲੰਮੀ ਸਾਰੀ ਤੇ ਕਿੰਨੀਆਂ ਸਾਰੀਆਂ ਟਾਕੀਆਂ ਵਾਲੀ ਪਰ ਸਾਫ ਸੁਥਰੀ ਤੇ ਨਰਮ ਜਿਹੀ ਕਮੀਜ਼ ਪਾਈ, ਜਿਹੜੀ ਬਾਬੇ ਮਿਖਾਇਲ ਦੀ ਸੀ, ਆਪਣੇ ਸਾਰੇ ਸਰੀਰ ਵਿੱਚ ਤਾਜ਼ਗੀ ਤੇ ਸ਼ਕਤੀ ਦੇ ਅਹਿਸਾਸ ਤੋਂ ਚੇਤਨ, ਪਤਲੀ ਜਿਹੀ ਧਾਰੀਦਾਰ ਚਟਾਈ ਉੱਤੇ ਪਿਆ ਸੀ । ਅਸ਼ਨਾਨ ਤੋਂ ਮਗਰੋਂ ਜਦੋਂ ਚੁਲ੍ਹੇ ਦੇ ਉੱਪਰ ਛੱਤ ਵਿੱਚ ਕੀਤੇ ਛੇਕ ਵਿੱਚੋਂ ਸਾਰੀ ਭਾਫ਼ ਉੱਡ ਚੁੱਕੀ ਸੀ, ਤਾਂ ਵਾਰੀਆ ਨੇ ਉਸਨੂੰ ਕੁਝ ਗਰਮ ਗਰਮ, ਧੂਏ ਦੀ ਹਵਾੜ ਵਾਲੀ ਬਿਲਬੈਰੀ ਦੀ ਚਾਹ ਦਿੱਤੀ। ਉਸਨੇ ਖੰਡ ਦੀਆਂ ਦੋ ਛੋਟੀਆਂ ਛੋਟੀਆਂ ਡਲੀਆਂ ਨਾਲ, ਜਿਹੜੀਆਂ ਮੁੰਡੇ ਉਸ ਲਈ ਦੇ ਗਏ ਸਨ, ਤੇ ਜਿਨਾਂ ਨੂੰ ਵਾਰੀਆ ਨੇ ਤੋੜਿਆ ਸੀ ਤੇ ਬਰਚੇ ਦੇ ਚਿੱਟੇ ਛਿਲਕੇ ਦੀ ਕਾਤਰ ਉੱਤੇ ਰੱਖ ਕੇ ਉਸਨੂੰ ਦਿੱਤਾ ਸੀ, ਉਸਨੇ ਚਾਹ ਦੀਆਂ ਚੁਸਕੀਆਂ ਭਰੀਆਂ। ਫਿਰ ਉਸਨੂੰ ਨੀਂਦ ਆ ਗਈ ਉਸ ਨਾਲ ਵਾਪਰੀ ਦੁਰਘਟਨਾ ਤੋਂ ਪਿੱਛੋਂ ਪਹਿਲੀ ਡੂੰਘੀ ਸੁਪਨਿਆਂ ਤੋਂ ਬਿਨਾਂ ਨੀਂਦ।

ਉੱਚੀ ਉੱਚੀ ਗੱਲਬਾਤ ਨਾਲ ਉਸਦੀ ਨੀਂਦ ਖੁੱਲ ਗਈ। ਭੋਰੇ ਵਿੱਚ ਲਗਭਗ ਹਨੇਰਾ ਸੀ, ਬੱਤੀ ਮਸਾਂ ਹੀ ਧੁਖ ਰਹੀ ਸੀ। ਇਸ ਧੂੰਏ ਭਰੇ ਹਨੇਰੇ ਵਿੱਚ ਉਸਨੇ ਬਾਬੇ ਮਿਖਾਇਲ ਦੀ ਫਟੀ ਹੋਈ, ਉੱਚੀ ਸਾਰੀ ਆਵਾਜ਼ ਸੁਣੀ:

"ਬਿਲਕੁਲ ਜ਼ਨਾਨੀਆਂ ਵਾਂਗ ਕਰਦੀ ਏ ਤੂੰ। ਤੇਰਾ ਦਿਮਾਗ਼ ਕਿੱਥੇ ਗਿਐ? ਯਾਰਾਂ ਦਿਨਾਂ ਤੋਂ ਬੰਦੇ ਦੇ ਮੂੰਹ ਵਿੱਚ ਜੋਆਂ ਦਾ ਦਾਣਾ ਤੱਕ ਨਹੀਂ ਗਿਆ, ਤੇ ਤੂੰ ਇਹਨਾਂ ਨੂੰ ਉਬਾਲ ਕੇ ਸਖ਼ਤ ਕਰ ਲਿਆਂਦੀ ਏਂ।... ਇਹ ਸਖ਼ਤ ਉਬਲੇ ਆਂਡੇ ਖਾ ਕੇ ਤਾਂ ਉਹ ਮਰ ਜਾਇਗਾ।" ਫਿਰ ਉਸਦੀ ਅਵਾਜ਼ ਨੇ ਵਾਸਤਾ ਪਾਉਣ ਵਾਲਾ ਅੰਦਾਜ਼ ਧਾਰਨ ਕਰ ਲਿਆ: "ਹੁਣ ਉਸਨੂੰ ਲੋੜ ਆਂਡਿਆਂ ਦੀ ਨਹੀਂ । ਤੈਨੂੰ ਪਤੈ, ਵਾਸੀਲਿਸਾ, ਉਸ ਲਈ ਗੁਣਕਾਰੀ ਚੀਜ਼ ਇਸ ਵੇਲੇ ਕਿਹੜੀ ਹੋਵੇਗੀ ? ਮੁਰਗੇ ਦਾ ਕੁਝ ਸੋਹਣਾ ਜਿਹਾ ਸ਼ੋਰਬਾ ! ਹਾਂ। ਇਸ ਨਾਲ ਉਸਨੂੰ ਨਵੀਂ ਜ਼ਿੰਦਗੀ ਮਿਲ ਜਾਇਗੀ । ਸੋ, ਜੇ ਤੂੰ ਕਿਤੇ ਸਾਨੂੰ ਆਪਣੀ ਪਾਰਟੀਨਕਾ ਲਿਆ ਦੇਵੇਂ ਤਾਂ... ਹੈ?"

ਪਰ ਡਰੀ ਹੋਈ ਬੁੱਢੀ ਜ਼ਨਾਨੀ ਦੀ ਚੱਕੀ ਵਰਗੀ ਅਵਾਜ਼ ਨੇ ਉਸਨੂੰ ਵਿਚੋਂ ਟੋਕਿਆ:

"ਮੈਂ ਨਹੀਂ ਲਿਆਵਾਂਗੀ । ਨਹੀਂ ਲਿਆਵਾਂਗੀ ਨਹੀਂ ਲਿਆਵਾਂਗੀ। ਬੁੱਢੇ ਸ਼ੈਤਾਨ, ਉਸਨੂੰ ਤਾਂ ਤੂੰ ਮੰਗ ਹੀ ਨਾ, ਕੁਝ ਨਹੀਂ ਮਿਲਣ ਲੱਗਾ। ਮੁੜ ਇਹੋ ਜਿਹੀ ਗੱਲ ਨਾ ਕਰੀ! ਪਾਰਟੀਜ਼ਾਨਕਾ ਲਿਆ ਦਿਆਂ?.. ਮੁਰਗੇ ਦਾ ਸੋਰਬਾ!.. ਦੇਖ, ਪਹਿਲਾਂ ਹੀ ਉਹਨੂੰ ਕਿੰਨਾਂ ਕੁਝ ਲਿਆ ਦਿੱਤੈ। ਪੂਰੀ ਜੰਝ ਨੂੰ ਖੁਆਇਆ ਜਾ ਸਕਦੈ। ਅੱਗੋਂ ਹੁਣ ਪਤਾ ਨਹੀਂ ਕੀ ਮੰਗਣ ਦਾ ਤੈਨੂੰ ਕੁੱਝ ਪਵੇ!"

"ਵਾਸੀਲਿਸਾ, ਇੰਝ ਜ਼ਨਾਨੀਆਂ ਵਾਂਗ ਗੱਲਾਂ ਕਰਦਿਆਂ ਤੈਨੂੰ ਆਪਣੇ ਆਪ ਉੱਤੇ ਸ਼ਰਮ ਆਉਣੀ ਚਾਹੀਦੀ ਹੈ!" ਬੁੱਢੇ ਦੀ ਭਰੜਾਉਂਦੀ ਅਵਾਜ਼ ਮੁੜ ਕੇ ਆਈ। "ਤੇਰੇ ਆਪਣੇ ਦੋ ਮੁੰਡੇ ਮਹਾਜ਼ ਉੱਤੇ ਨੇ, ਤਾਂ ਵੀ ਤੂੰ ਇੰਝ ਬੇਵਕੂਫਾਂ ਵਾਲੀਆਂ ਮਾਰੀ ਜਾ ਰਹੀ ਏ! ਇਸ ਆਦਮੀ ਨੇ, ਸਗੋਂ ਕਹਿਣਾ ਚਾਹੀਦੈ, ਸਾਡੇ ਲਈ ਆਪਣੇ ਆਪ ਨੂੰ ਅਪਾਹਜ ਬਣਾ ਲਿਐ, ਸਾਡੇ ਲਈ ਆਪਣਾ ਖੂਨ ਡੋਹਲਿਐ..."

70 / 372
Previous
Next