

"ਮੈਨੂੰ ਇਹਦੇ ਖੂਨ ਦੀ ਲੋੜ ਨਹੀਂ। ਮੇਰੇ ਲਈ ਮੇਰੇ ਮੁੰਡੇ ਆਪਣਾ ਖੂਨ ਡੋਲ੍ਹ ਰਹੇ ਨੇ ! ਤੂੰ ਗੱਲ ਹੀ ਨਾ ਕਰ। ਮੈਂ ਜੁ ਤੈਨੂੰ ਕਹਿ ਦਿੱਤੈ, ਮੈਂ ਨਹੀਂ ਲਿਆ ਕੇ ਦਿਆਂਗੀ।"
ਇੱਕ ਬੁੱਢੇ ਜਿਹੇ ਸਰੀਰ ਦਾ ਕਾਲਾ ਪ੍ਰਛਾਵਾਂ ਦਰਵਾਜ਼ੇ ਵੱਲ ਨੂੰ ਹਿਲਿਆ ਤੇ ਦਰਵਾਜ਼ੇ ਦੇ ਖੁੱਲ੍ਹਣ ਨਾਲ ਭੋਰੇ ਵਿੱਚ ਬਸੰਤ ਦੇ ਚਾਨਣ ਦਾ ਹੜ੍ਹ ਆ ਗਿਆ, ਜਿਹੜਾ ਏਨਾਂ ਚੁੰਧਿਆਵਾਂ ਸੀ ਕਿ ਅਲੈਕਸੇਈ ਨੇ ਆਪਣੀਆਂ ਅੱਖਾਂ ਘੁੱਟ ਕੇ ਬੰਦ ਕਰ ਲਈਆਂ ਤੇ ਕੱਰਾਹੁਣ ਲੱਗਾ। ਬੁੱਢਾ ਕਾਹਲੀ ਕਾਹਲੀ ਉਸ ਕੋਲ ਆਇਆ:
"ਤੂੰ ਸੁੱਤਾ ਨਹੀਂ ਸੀ ਹੋਇਆ, ਅਲੈਕਸੇਈ ? ਤੂੰ ਉਸ ਦੀਆਂ ਗੱਲਾਂ ਸੁਣੀਆਂ ? ਸੁਣਿਐ ਤੂੰ ? ਪਰ ਉਸਨੂੰ ਨਿੰਦੀ ਨਾ, ਅਲੈਕਸੇਈ, ਉਸਦੇ ਲਫ਼ਜਾਂ ਕਰਕੇ ਉਸਦੀ ਨਿਖੇਧੀ ਨਾ ਕਰੀ। ਲਫ਼ਜ਼ ਤਾਂ ਐਵੇਂ ਛਿਲਕਾ ਨੇ, ਉਹਨਾਂ ਵਿਚਲੀ ਗਿਰੀ ਬੜੀ ਸਵਸਥ ਏ। ਤੇਰਾ ਖਿਆਲ ਏ ਉਸਨੂੰ ਮੁਰਗੀ ਦੇਂਦਿਆਂ ਕੋਈ ਸੰਕੋਚ ਆਉਂਦੈ ? ਬਿਲਕੁਲ ਨਹੀਂ, ਅਲਿਓਸ਼ਾ। ਜਰਮਨਾਂ ਨੇ ਉਸਦੇ ਸਾਰੇ ਪ੍ਰਵਾਰ ਦਾ ਸਫਾਇਆ ਕਰ ਦਿੱਤਾ, ਤੇ ਪ੍ਰਵਾਰ ਇਹ ਸਬਰਕਤਾ ਸੀ, ਦਸ ਜੀਅ ਸਨ। ਉਸਦਾ ਸਭ ਤੋਂ ਵੱਡਾ ਮੁੰਡਾ ਕਰਨੈਲ ਸੀ। ਜਰਮਨਾਂ ਨੇ ਇਸ ਗੱਲ ਦਾ ਪਤਾ ਲਾ ਲਿਆ ਤੇ ਵਾਸੀਲਿਸਾ ਨੂੰ ਛੱਡ ਕੇ ਕਰਨੈਲ ਦੇ ਸਾਰੇ ਪ੍ਰਵਾਰ ਨੂੰ ਇੱਕੋ ਵੇਲੇ ਹੀ ਖਾਈ ਵਿੱਚ ਲੈ ਗਏ। ਤੇ ਉਹਨਾਂ ਉਹਦਾ ਘਰ ਸਾੜ ਦਿੱਤਾ। ਤੂੰ ਖਿਆਲ ਕਰ ਸਕਦੈਂ ਕਿ ਇਸ ਉਮਰੇ ਕਿਸੇ ਜ਼ਨਾਨੀ ਲਈ ਬਿਨਾਂ ਅੰਗਾਂ-ਸਾਕਾਂ ਦੇ ਰਹਿ ਜਾਣ ਦਾ ਕੀ ਮਤਲਬ ਹੈ! ਉਸ ਕੋਲ ਬੱਸ ਇੱਕ ਮੁਰਗੀ ਰਹਿ ਗਈ ਹੈ। ਇਹ ਇੱਕ ਚਤੁਰ ਪੰਛੀ ਹੈ, ਮੈਂ ਤੈਨੂੰ ਦੱਸਾਂ, ਅਲਿਓਸ਼ਾ। ਬਿਲਕੁਲ ਪਹਿਲੇ ਹਫਤੇ ਹੀ ਜਰਮਨਾਂ ਨੇ ਸਭ ਮੁਰਗੀਆਂ ਤੇ ਬੱਤਖਾਂ ਸਾਫ ਕਰ ਦਿੱਤੀਆਂ। ਉਹ ਬੜੇ ਸ਼ੁਕੀਨ ਨੇ ਮੁਰਗੀਆਂ ਤੇ ਬੱਤਖਾਂ ਦੇ, ਇਹ ਜਰਮਨ ! ਤੁਹਾਨੂੰ ਸਿਰਫ ਇਹੀ ਗੱਲ ਸੁਣਾਈ ਦੇਂਦੀ ਸੀ: 'ਮੁਰਗੀ, ਮਾਂ, ਮੁਰਗੀ' ਪਰ ਇਹ ਮੁਰਗੀ ਬਚ ਨਿਕਲੀ। ਇਹ ਕੋਈ ਸਧਾਰਨ ਮੁਰਗੀ ਨਹੀਂ, ਮੈਂ ਤੈਨੂੰ ਦਸਾਂ। ਇਹ ਤਾਂ ਸਰਕਸ ਵਿੱਚ ਕੰਮ ਕਰ ਸਕਦੀ ਹੈ। ਜਦੋਂ ਫਾਸਿਸਟ ਵਿਹੜੇ ਵਿੱਚ ਆਉਂਦੇ, ਤਾਂ ਇਹ ਉਪਰ ਅਟਾਰੀ ਵਿੱਚ ਜਾ ਵੜਦੀ ਤੇ ਦਬਕ ਕੇ ਬੈਠੀ ਰਹਿੰਦੀ, ਜਿਵੇਂ ਕਿ ਇਹ ਉਥੇ ਹੁੰਦੀ ਹੀ ਨਹੀਂ। ਪਰ ਜਦੋਂ ਕਦੀ ਸਾਡਾ ਕੋਈ ਆਦਮੀ ਵਿਹੜੇ ਵਿੱਚ ਆਉਂਦਾ, ਤਾਂ ਇਹ ਜ਼ਰਾ ਵੀ ਨਾ ਪ੍ਰਵਾਹ ਕਰਦੀ। ਰੱਬ ਹੀ ਜਾਣੇ, ਇਸਨੂੰ ਇਸ ਫਰਕ ਦਾ ਕਿਵੇਂ ਪਤਾ ਲੱਗਦਾ ਸੀ! ਤੇ ਇਸ ਤਰ੍ਹਾਂ ਇਹ ਇੱਕੋ ਇੱਕ ਮੁਰਗੀ ਸੀ ਜਿਹੜੀ ਸਾਰੇ ਪਿੰਡ ਵਿੱਚ ਬਚੀ। ਤੇ ਇਹਦੀ ਚਤੁਰਾਈ ਲਈ ਅਸੀਂ ਇਹਦਾ ਨਾਂ ਪਾਰਟੀਜ਼ਾਨਕਾ ਪਾ ਦਿੱਤਾ।"
ਮਰੇਸੇਯੇਵ ਖੁੱਲੀਆਂ ਅੱਖਾਂ ਨਾਲ ਹੀ ਊਂਘਣ ਲੱਗ ਪਿਆ; ਜੰਗਲ ਵਿੱਚ ਉਹ ਇਸਦਾ ਆਦੀ ਹੋ ਗਿਆ ਸੀ। ਉਸਦੀ ਚੁੱਪ ਤੋਂ ਬਾਬਾ ਮਿਖਾਇਲ ਜ਼ਰੂਰ ਚਿੰਤਤ ਹੋਇਆ ਹੋਵੇਗਾ। ਭੋਰੇ ਵਿੱਚ ਹੱਥ ਪੈਰ ਮਾਰਦਿਆਂ ਤੇ ਮੇਜ਼ ਕੋਲ ਬੈਠ ਕੇ ਕੁਝ ਕਰਦਿਆਂ, ਉਸਨੇ ਉਹ ਵਿਸ਼ਾ ਮੁੜ ਛੇੜ ਲਿਆ ਜਿਸ ਬਾਰੇ ਉਹ ਗੱਲਾਂ ਕਰਦਾ ਰਿਹਾ ਸੀ:
"ਇਸ ਔਰਤ ਨੂੰ ਬੁਰਾ ਨਾ ਕਹੀ, ਅਲੈਕਸੇਈ। ਉਸਨੂੰ ਸਮਝਣ ਦੀ ਕੋਸ਼ਿਸ਼ ਕਰ, ਮੇਰੇ ਦੋਸਤ ! ਉਹ ਇੱਕ ਜੰਗਲ ਵਿਚ ਬਰਚੇ ਦੇ ਪੁਰਾਣੇ ਦਰਖਤ ਵਾਂਗ ਸੀ, ਜਿਹੜੀ ਚਾਰੇ ਪਾਸਿਉਂ