

ਹਵਾਵਾਂ ਤੋਂ ਸੁਰਖਿਅਤ ਸੀ । ਪਰ ਹੁਣ ਉਹ ਉਸ ਥਾਂ, ਜਿੱਥੋਂ ਜੰਗਲ ਸਾਫ਼ ਕੀਤਾ ਜਾ ਚੁੱਕੇ, ਇੱਕ ਪੁਰਾਣੀ, ਗਲੀ ਹੋਈ ਮੁੱਢੀ ਵਾਂਗ ਹੈ, ਤੇ ਉਸਦਾ ਇੱਕੋ ਇੱਕ ਆਸਰਾ ਉਹ ਮੁਰਗੀ ਹੈ। ਤੂੰ ਕੁਝ ਕਹਿੰਦਾ ਕਿਉਂ ਨਹੀ । ਤੂੰ ਸੌਂ ਗਿਐਂ? ਅੱਛਾ, ਸੌਂ ਜਾਹ, ਸੌਂ ਜਾਹ ।"
ਅਲੈਕਸੇਈ ਸੁੱਤਾ ਹੋਇਆ ਵੀ ਸੀ ਤੇ ਨਾ ਸੁੱਤਾ ਹੋਇਆ ਵੀ ਸੀ। ਉਹ ਭੇਡ ਦੀ ਜੱਤ ਦੇ ਕੋਟ ਹੇਠਾਂ ਪਿਆ ਸੀ ਜਿਹੜਾ ਰੋਟੀ ਦੀ ਖੱਟੀ ਖੱਟੀ ਵਾਸ਼ਨਾ ਨਾਲ ਭਰਿਆ ਪਿਆ ਸੀ, ਪੁਰਾਣੇ ਕਿਸਾਨ ਘਰ ਦੀ ਵਾਸ਼ਨਾ ਨਾਲ ਉਸਨੂੰ ਬੀਂਡੇ ਦਾ ਸਹਿਲਾਵਾ ਟਰਾਉਣਾ ਸੁਣਾਈ ਦੇ ਰਿਹਾ ਸੀ ਤੇ ਉਹ ਇੱਕ ਉਂਗਲ ਹਿਲਾਉਣ ਤੇ ਵੀ ਝਿਜਕਦਾ ਸੀ । ਉਸਨੂੰ ਲੱਗਾ ਜਿਵੇਂ ਉਸਦੇ ਸਰੀਰ ਵਿੱਚ ਕੋਈ ਹੱਡੀ ਨਹੀਂ ਸੀ, ਸਗੋਂ ਇਹ ਨਿਘੇ ਰੂੰ ਨਾਲ ਭਰਿਆ ਹੋਇਆ ਸੀ, ਜਿਸਦੇ ਵਿੱਚੋਂ ਦੀ ਖੂਨ ਵਹਿ ਰਿਹਾ ਤੇ ਫੜਕ ਰਿਹਾ ਸੀ। ਉਸਦੇ ਟੁੱਟੇ ਹੋਏ, ਸੁੱਜੇ ਹੋਏ ਪੈਰ ਸੜ ਰਹੇ ਸਨ, ਸਖ਼ਤ, ਕਤਰਵੀਂ ਪੀੜ ਨਾਲ ਦਰਦ ਕਰ ਰਹੇ ਸਨ, ਪਰ ਉਸ ਵਿੱਚ ਪਾਸਾ ਮੋੜਨ ਦੀ ਤਾਂ ਕੀ, ਹਿੱਲ ਸਕਣ ਦੀ ਵੀ ਹਿੰਮਤ ਨਹੀਂ ਸੀ।
ਉਸ ਅਰਧ-ਮੂਰਛਾ ਦੀ ਹਾਲਤ ਵਿੱਚ, ਅਲੈਕਸੇਈ ਨੂੰ ਬਾਹਰੀ ਦੁਨੀਆਂ ਦਾ ਗਿਆਨ ਝਟਕਿਆਂ ਨਾਲ ਹੁੰਦਾ ਸੀ, ਜਿਵੇਂ ਕਿ ਉਹ ਅਸਲ ਜ਼ਿੰਦਗੀ ਨਾ ਹੋਵੇ ਸਗੋਂ ਕਿਸੇ ਸਿਨਮੇ ਦੇ ਪਰਦੇ ਉੱਤੇ ਅਜੀਬੋ-ਗਰੀਬ, ਇੱਕ ਦੂਜੇ ਨਾਲ ਸਬੰਧ ਨਾ ਰੱਖਦੇ ਦ੍ਰਿਸ਼ਾਂ ਦੀ ਲੜੀ ਦਾ ਟਿਮਟਿਮਾਉਣਾ ਹੋਵੇ।
ਬਸੰਤ ਆ ਗਈ ਸੀ। ਆਪਣੇ ਘਰਾਂ ਤੋਂ ਦੌੜੇ ਹੋਏ ਲੋਕਾ ਦਾ ਪਿੰਡ ਸਭ ਤੋਂ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਸੀ । ਇਸਦੇ ਵਾਸੀ ਆਪਣੀ ਰਸਦ ਦਾ ਆਖ਼ਰੀ ਹਿੱਸਾ ਖਾ ਰਹੇ ਸਨ, ਜਿਸਨੂੰ ਉਹ ਜ਼ਮੀਨ ਵਿੱਚ ਲੁਕਾ ਕੇ ਰੱਖਣ ਵਿਚ ਸਫ਼ਲ ਹੋ ਸਕੇ ਸਨ ਤੇ ਜਿਸਨੂੰ ਉਹਨਾਂ ਨੇ ਸੜੇ ਹੋਏ ਪਿੰਡ ਵਿੱਚੋਂ ਰਾਤ ਨੂੰ ਚੋਰੀ ਚੋਰੀ ਜਾ ਕੇ ਪੁਟਿਆ ਸੀ ਤੇ ਜੰਗਲ ਵਿੱਚ ਲੈ ਆਏ ਸਨ। ਜ਼ਮੀਨ ਤੋਂ ਬਰਫ਼ ਪਿਘਲ ਰਹੀ ਸੀ। ਕਾਹਲੀ ਨਾਲ ਬਣਾਏ ਗਏ ਭੋਰੇ "ਅੱਥਰੂ ਵਹਾ ਰਹੇ ਸਨ": ਕੰਧਾਂ ਤੇ ਛੱਤਾਂ ਤੋਂ ਪਾਣੀ ਚੋਂਦਾ ਸੀ। ਧਰਤ-ਹੇਠਲੇ ਇਸ ਪਿੰਡ ਦੇ ਪੱਛਮ ਵੱਲ ਓਲੇਨਿਨ ਜੰਗਲ ਵਿੱਚ ਛਾਪਾਮਾਰ ਲੜਾਈ ਲੜ ਰਹੇ ਉਹਨਾਂ ਦੇ ਆਦਮੀ ਇਕੱਲੇ ਇਕੱਲੇ ਤੇ ਰਾਤਾਂ ਨੂੰ ਉੱਥੇ ਆਇਆ ਕਰਦੇ ਸਨ ਪਰ ਹੁਣ ਮਹਾਜ ਰੇਖਾ ਨੇ ਉਹਨਾਂ ਦਾ ਸਬੰਧ ਤੋੜ ਦਿੱਤਾ ਸੀ। ਉਹਨਾਂ ਦੀ ਕੋਈ ਖ਼ਬਰ ਨਹੀਂ ਸੀ। ਇਸ ਨਾਲ ਔਰਤਾਂ ਦਾ ਪਹਿਲਾਂ ਹੀ ਕਠਿਨ ਜੀਵਨ ਹੋਰ ਵੀ ਭੈੜਾ ਹੋ ਗਿਆ। ਤੇ ਹੁਣ ਬਸੰਤ ਆ ਗਈ ਸੀ, ਬਰਫ਼ ਪਿਘਲ ਰਹੀ ਸੀ ਤੇ ਉਹਨਾਂ ਨੂੰ ਫ਼ਸਲਾਂ ਬੀਜਣ ਤੇ ਸਬਜ਼ੀਆਂ ਦੇ ਬਾਗ਼ ਲਾਉਣ ਬਾਰੇ ਸੋਚਣਾ ਪੈਣਾ ਸੀ।
ਔਰਤਾਂ ਫਿਕਰਾਂ ਮਾਰੀਆਂ ਤੇ ਖਿਝੀਆਂ ਖਿਝੀਆਂ ਪਈਆਂ ਫਿਰਦੀਆਂ ਸਨ। ਬਾਬੇ ਦੇ ਭੋਰੇ ਵਿੱਚ ਅਕਸਰ ਹੀ ਉੱਚੀ ਉੱਚੀ ਝਗੜਾ ਸ਼ੁਰੂ ਹੋ ਜਾਂਦਾ ਤੇ ਆਪਸੀ ਤੂੰ-ਤੂੰ ਮੈਂ-ਮੈਂ ਹੋਣ ਲੱਗ ਪੈਂਦੀ ਜਿਸਦੇ ਦੌਰਾਨ ਔਰਤਾਂ ਆਪਣੇ ਸਾਰੇ ਪੁਰਾਣੇ ਤੇ ਨਵੇਂ ਅਸਲੀ ਤੇ ਹਵਾਈ ਦੁਖੜੇ ਗਿਣਵਾਉਣ ਲੱਗ ਪੈਂਦੀਆਂ। ਕਦੀ ਕਦੀ ਤਾਂ ਸੱਚਮੁਚ ਚੀਖ ਚਿਹਾੜਾ ਪੈ ਜਾਂਦਾ; ਪਰ ਖਚਰੇ ਬੁੱਢੇ ਲਈ ਏਨਾਂ ਹੀ ਕਾਫੀ ਹੁੰਦਾ ਸੀ ਕਿ ਉਹ ਗੁੱਸੇ ਵਿੱਚ ਆਈਆਂ ਔਰਤਾਂ ਦੀਆਂ ਅਵਾਜ਼ਾਂ ਦੇ ਇਸ ਝੱਖੜ ਵਿੱਚ ਆਪਣੇ ਸਾਂਝੇ ਫ਼ਾਰਮ ਦੇ ਮਾਮਲਿਆਂ ਸਬੰਧੀ ਕੋਈ