

ਅਮਲੀ ਸੁਝਾਅ ਸੁੱਟ ਦੇਵੇਂ, ਜਿਵੇਂ ਕਿ: "ਕੀ ਸਮਾਂ ਨਹੀਂ ਹੋ ਗਿਆ ਕਿ ਕੋਈ ਪੁਰਾਣੇ ਪਿੰਡ ਜਾ ਕੇ ਤੇ ਦੇਖੇ ਕਿ ਜ਼ਮੀਨ ਤੋਂ ਬਰਫ਼ ਪਿਘਲ ਗਈ ਜਾਂ ਨਹੀਂ?" ਜਾਂ "ਇਸ ਵੇਲੇ ਸੋਹਣੀ ਹਵਾ ਚੱਲ ਰਹੀ ਹੈ। ਕੀ ਖਿਆਲ ਜੇ ਅਸੀਂ ਬੀਆਂ ਨੂੰ ਹਵਾ ਲਵਾ ਲਈਏ ਤਾਂ। ਧਰਤ- ਹੇਠਲੇ ਖੱਤੇ ਵਿਚਲੀ ਸਿਲ੍ਹੀ ਮਿੱਟੀ ਕਾਰਨ ਇਹ ਸਿਲ੍ਹੇ ਹੋ ਗਏ ਨੇ !" ਤੇ ਲੜਾਈ ਇੱਕਦਮ ਰੁੱਕ ਜਾਂਦੀ।
ਇੱਕ ਦਿਨ ਬਾਬਾ ਭੋਰੇ ਵਿੱਚ ਆਇਆ ਤਾਂ ਉਹ ਖੁਸ਼ ਵੀ ਸੀ ਤੇ ਪ੍ਰੇਸ਼ਾਨ ਵੀ। ਉਹ ਘਾਹ ਦਾ ਇੱਕ ਹਰਾ ਤਿਣ ਲੈ ਕੇ ਆਇਆ ਸੀ । ਇਸਨੂੰ ਉਸਨੇ ਆਪਣੀ ਖੁਰਦਰੀ ਹਥੇਲੀ ਉੱਤੇ ਹੌਲੀ ਜਿਹੀ ਟਿਕਾ ਲਿਆ ਤੇ ਅਲੈਕਸੇਈ ਨੂੰ ਦਿਖਾਉਣ ਲਗਾ:
"ਇਸ ਵੱਲ ਦੇਖ," ਉਹ ਬੋਲਿਆ। "ਮੈਂ ਹੁਣੇ ਖੇਤਾਂ ਤੋਂ ਆ ਰਿਹਾ ਹਾਂ। ਜ਼ਮੀਨ ਤੋਂ ਬਰਫ਼ ਪਿਘਲ ਰਹੀ ਹੈ, ਤੇ ਸ਼ੁਕਰ ਹੈ ਪ੍ਰਮਾਤਮਾ ਦਾ ਸਿਆਲੀ ਫ਼ਸਲ ਉੱਗਣ ਲੱਗ ਪਈ ਹੈ। ਜੇ ਅਸੀਂ ਬਸੰਤ ਦੀ ਫਸਲ ਨਾ ਵੀ ਇਕੱਠੀ ਕਰ ਸਕੀਏ, ਤਾਂ ਸਿਆਲੀ ਤੋਂ ਹੀ ਸਾਨੂੰ ਰੋਟੀ ਮਿਲਦੀ ਹੋ ਜਾਇਗੀ। ਮੈਂ ਜਾ ਕੇ ਜ਼ਨਾਨੀਆਂ ਨੂੰ ਬੁਲਾਉਂਦਾ ਹਾਂ। ਇਸ ਨਾਲ ਉਹਨਾਂ ਦੇ ਦਿਲ ਖੁਸ਼ ਹੋਣਗੇ, ਵਿਚਾਰੀਆਂ ।"
ਭੋਰੇ ਤੋਂ ਬਾਹਰ ਔਰਤਾਂ ਨੇ ਚਿੜੀਆਂ ਦੇ ਝੁਰਮਟ ਵਾਂਗ ਚੀਂ-ਚੀਂ ਲਾਈ ਹੋਈ ਸੀ; ਖੇਤਾਂ ਤੋਂ ਲਿਆਂਦੇ ਗਏ ਘਾਹ ਦੇ ਹਰੇ ਤਿਣ ਨੇ ਉਹਨਾਂ ਨੂੰ ਸੱਜਰੀ ਆਸ ਦੁਆਈ। ਸ਼ਾਮ ਨੂੰ ਬਾਬਾ ਮਿਖਾਇਲ ਹੱਥ ਮਲਦਾ ਹੋਇਆ ਅੰਦਰ ਆਇਆ ਤੇ ਬੋਲਿਆ:
"ਤੂੰ ਕੀ ਖਿਆਲ ਕਰਦੈਂ, ਅਲੈਕਸੇਈ, ਕਿ ਮੇਰੇ ਲੰਮੇ ਵਾਲਾਂ ਵਾਲੇ ਮੰਤਰੀ ਮੰਡਲ ਦੇ ਮੈਂਬਰਾਂ ਨੇ ਕੀ ਫੈਸਲਾ ਕੀਤੈ ? ਕੋਈ ਮਾੜਾ ਨਹੀਂ, ਮੈਂ ਤੈਨੂੰ ਦੱਸਾਂ। ਇੱਕ ਟੀਮ ਤਾਂ ਢਲਾਣ ਵਾਲੀ ਜ਼ਮੀਨ ਉੱਤੇ ਵਾਹੀ ਕਰੇਗੀ, ਜਿਥੇ ਕੰਮ ਜ਼ਰਾ ਮੁਸ਼ਕਲ ਹੈ। ਉਹ ਗਾਈਆਂ ਨੂੰ ਜੋਤਣਗੀਆਂ। ਗੱਲ ਇਹ ਨਹੀਂ ਕਿ ਸਾਡੇ ਕੋਲ ਗਾਈਆਂ ਬਹੁਤ ਨੇ। ਪੂਰੇ ਇੱਜੜ ਵਿੱਚੋਂ ਸਾਡੇ ਕੋਲ ਸਿਰਫ਼ ਛੇ ਰਹਿ ਗਈਆਂ ਨੇ! ਦੂਜੀ ਟੀਮ ਉਚਾਈ ਉਪਰਲੇ ਖੇਤਾਂ ਨੂੰ ਲਵੇਗੀ ਜਿਹੜੇ ਵਧੇਰੇ ਸੁੱਕੇ ਨੇ। ਉਹ ਕਹੀਆਂ ਤੇ ਫਹੁੜਿਆਂ ਨਾਲ ਪੁੱਟਣਗੀਆਂ। ਸਬਜ਼ੀਆਂ ਦੀਆਂ ਕਿਆਰੀਆਂ ਤਾਂ ਅਸੀਂ ਇੰਝ ਹੀ ਖੋਦਦੇ ਹਾਂ, ਨਾ ਕਿਉਂ ਨਹੀਂ ? ਤੀਜੀ ਟੀਮ ਉੱਪਰ ਪਹਾੜੀ ਉੱਪਰ ਜਾਇਗੀ। ਉਥੇ ਜ਼ਮੀਨ ਰੇਤਲੀ ਹੈ; ਅਸੀਂ ਇਸ ਨੂੰ ਆਲੂਆਂ ਲਈ ਤਿਆਰ ਕਰਾਂਗੇ। ਇਹ ਸੌਖਾ ਕੰਮ ਹੈ। ਇਸ ਕੰਮ ਉੱਤੇ ਅਸੀਂ ਨਿੱਕੇ ਮੁੰਡਿਆਂ ਨੂੰ ਤੇ ਕਮਜ਼ੋਰ ਔਰਤਾਂ ਨੂੰ ਲਾਵਾਂਗੇ। ਤੇ ਜਲਦੀ ਹੀ ਸਾਨੂੰ ਸਰਕਾਰ ਵੱਲੋਂ ਸਹਾਇਤਾ ਵੀ ਮਿਲ ਜਾਇਗੀ। ਪਰ ਜੇ ਇਹ ਨਾ ਵੀ ਮਿਲੀ, ਤਾਂ ਵੀ ਅਸੀਂ ਸਾਰ ਲਵਾਂਗੇ। ਅਸੀਂ ਆਪ ਇਹ ਕੰਮ ਕਰਾਂਗੇ, ਤੇ ਕਿਸੇ ਵੀ ਜ਼ਮੀਨ ਨੂੰ ਜਾਇਆ ਨਹੀਂ ਜਾਣ ਦਿਆਂਗੇ, ਇਹ ਮੈਂ ਤੈਨੂੰ ਯਕੀਨ ਦੁਆਉਂਦਾ ਹਾਂ। ਸ਼ੁਕਰ ਹੈ ਸਾਡੇ ਆਦਮੀਆਂ ਦਾ ਜਿਨ੍ਹਾਂ ਨੇ ਫਾਸਿਸਟਾਂ ਨੂੰ ਇਥੋਂ ਭਜਾ ਦਿੱਤਾ ਹੈ; ਹੁਣ ਅਸੀਂ ਜਿਉਂ ਸਕਾਂਗੇ। ਅਸੀਂ ਕਰੜੀ ਨਸਲ ਦੇ ਲੋਕ ਹਾਂ, ਤੇ ਕੁਝ ਵੀ ਸਹਿ ਸਕਦੇ ਹਾਂ, ਭਾਵੇਂ ਇਹ ਕਿੰਨੀ ਵੀ ਮੁਸ਼ਕਲ ਕਿਉਂ ਨਾ ਹੋਵੇ !"
ਬਹੁਤ ਦੇਰ ਤੱਕ ਬਾਬਾ ਸੌਂ ਨਾ ਸਕਿਆ। ਉਹ ਘਾਹ ਦੇ ਆਪਣੇ ਬਿਸਤਰੇ ਉੱਤੇ ਪਾਸੇ