

ਮਾਰਦਾ ਰਿਹਾ, ਖੰਘਦਾ ਰਿਹਾ, ਆਪਣੇ ਆਪ ਨੂੰ ਖੁਰਕਦਾ ਤੇ ਹੁੰਗਰਦਾ ਰਿਹਾ: "ਹੇ ਪ੍ਰਮਾਤਮਾ! ਹੇ ਮਾਲਕ !" ਕਈ ਵਾਰੀ ਉਹ ਉਠਿਆ, ਪਾਣੀ ਦੀ ਬਾਲਟੀ ਤੱਕ ਗਿਆ, ਗੜਗੜ ਦੀ ਅਵਾਜ਼ ਨਾਲ ਡੱਬਾ ਭਰਿਆ, ਤੇ ਸਾਹੋ ਸਾਹ ਘੋੜੇ ਵਾਂਗ ਵੱਡੇ ਵੱਡੇ, ਤਿਹਾਏ ਘੁੱਟ ਭਰਦਾ ਪਾਣੀ ਪੀ ਗਿਆ। ਆਖ਼ਰ ਉਸ ਲਈ ਇਸਨੂੰ ਹੋਰ ਸਹਿਣਾ ਮੁਸ਼ਕਲ ਹੋ ਗਿਆ। ਉਹ ਉਠਿਆ, ਬੱਤੀ ਜਗਾਈ, ਅਲੈਕਸੇਈ ਨੂੰ ਟੋਹਿਆ, ਜਿਹੜਾ ਅਰਧ ਚੇਤਨਤਾ ਦੀ ਹਾਲਤ ਵਿੱਚ ਅੱਖਾਂ ਖੋਹਲੀ ਪਿਆ ਸੀ ਤੇ ਬੋਲਿਆ:
"ਤੂੰ ਸੁੱਤਾ ਪਿਐਂ, ਅਲੈਕਸੇਈ ? ਮੈਂ ਇਥੇ ਪਿਆ ਪਿਆ ਸੋਚੀ ਜਾ ਰਿਹਾਂ। ਪਿਆ ਪਿਆ ਸੋਚੀ ਜਾ ਰਿਹਾਂ, ਮੈਂ ਕਿਹਾ। ਪੁਰਾਣੇ ਪਿੰਡ ਵਿੱਚ, ਉੱਥੇ, ਚੌਕ ਵਿੱਚ ਇੱਕ ਬਲੂਤ ਦਾ ਦਰਖਤ ਖੜਾ ਹੈ। ਲਗਭਗ ਤੀਹ ਸਾਲ ਪਹਿਲਾਂ ਪਹਿਲੀ ਵੱਡੀ ਜੰਗ ਦੇ ਦੌਰਾਨ, ਜਦੋਂ ਨਿਕੋਲਸ ਰਾਜ ਕਰਦਾ ਸੀ, ਇਸ ਬਲੂਤ ਉੱਤੇ ਬਿਜਲੀ ਆ ਡਿੱਗੀ ਸੀ, ਜਿਸ ਨਾਲ ਇਸਦੀ ਟੀਸੀ ਸੜ ਗਈ ਸੀ । ਪਰ ਇਹ ਮਜ਼ਬੂਤ ਦਰਖਤ ਸੀ, ਸ਼ਕਤੀਸ਼ਾਲੀ ਜੜ੍ਹਾਂ ਤੇ ਬਹੁਤ ਸਾਰਾ ਰਸ । ਰਸ ਲਈ ਹੁਣ ਉੱਪਰ ਨੂੰ ਜਾਣ ਲਈ ਕੋਈ ਥਾਂ ਨਹੀਂ ਸੀ, ਸੋ ਇਸਨੇ ਇੱਕ ਨਾਲ ਲਗਦੀ ਲਗਰ ਕੱਢੀ, ਤੇ ਜੇ ਕਿਤੇ ਤੂੰ ਦੇਖੇਂ ਕਿ ਇਸਦੀ ਕਿਆ ਸੋਹਣੀ, ਨਵੀਂ ਘੁੰਘਰਾਲੀ ਟੀਸੀ ਹੈ। ਸਾਡੇ ਪਲਾਵਨੀ ਦਾ ਵੀ ਇਹੀ ਹਾਲ ਹੈ। ਸਿਰਫ਼ ਜੇ ਧੁੱਪ ਨਿੱਕਲੀ ਰਹੇ ਤੇ ਜ਼ਮੀਨ ਜ਼ਰਖੇਜ਼ ਹੋਵੇ ਤਾਂ ਆਪਣੀ, ਸੋਵੀਅਤ ਸਰਕਾਰ ਨਾਲ, ਭਾ ਅਲੈਕਸੇਈ, ਅਸੀਂ ਸਭ ਕੁਝ ਪੰਜਾਂ ਕੁ ਸਾਲਾਂ ਵਿੱਚ ਮੁੜ ਖੜਾ ਕਰ ਲਵਾਂਗੇ। ਅਸੀਂ ਤਾਂ ਪੱਕੇ ਇਰਾਦੇ ਵਾਲੇ ਲੋਕ ਹਾਂ, ਇਸ ਬਾਰੇ ਕੋਈ ਸ਼ੱਕ ਨਹੀਂ ਹੋ ਸਕਦਾ। ਸਿਰਫ ਜੇ ਕਿਤੇ ਜੰਗ ਜਲਦੀ ਖ਼ਤਮ ਹੋ ਜਾਏ ! ਅਸੀਂ ਉਹਨਾਂ ਨੂੰ ਭੰਨ ਕੇ ਰੱਖ ਦਿਆਂਗੇ, ਤੇ ਫਿਰ ਕੰਮ ਵਿੱਚ ਜੁੱਟ ਜਾਵਾਂਗੇ, ਸਾਰੇ ਮਿਲ ਕੇ। ਤੇਰਾ ਕੀ ਖਿਆਲ ਹੈ।"
ਉਸ ਰਾਤ ਅਲੈਕਸੇਈ ਦੀ ਹਾਲਤ ਹੋਰ ਭੈੜੀ ਹੋ ਗਈ।
ਬਾਬੇ ਮਿਖਾਇਲ ਦੇ ਅਸ਼ਨਾਨ ਨੇ ਅਲੈਕਸੇਈ ਲਈ ਉਤੇਜਕ ਦਾ ਕੰਮ ਕੀਤਾ ਤੇ ਉਸਨੂੰ ਉਸਦੀ ਮੂਰਛਤ ਜਿਹੀ ਹਾਲਤ ਵਿੱਚੋਂ ਜਗਾ ਦਿੱਤਾ। ਉਹ ਆਪਣੀ ਪੂਰਨ ਖੀਣਤਾ ਤੇ ਥਕਾਵਟ ਬਾਰੇ, ਤੇ ਆਪਣੇ ਪੈਰਾਂ ਵਿਚਲੀ ਪੀੜ ਬਾਰੇ ਏਨਾਂ ਚੇਤਨ ਹੋ ਗਿਆ, ਜਿੰਨਾਂ ਪਹਿਲਾਂ ਕਦੀ ਨਹੀਂ ਸੀ ਹੋਇਆ। ਉਹ ਜ਼ੋਰ ਜ਼ੋਰ ਦੀ ਆਪਣੀ ਚਟਾਈ ਉੱਪਰ ਪਾਸੇ ਮਾਰ ਰਿਹਾ ਸੀ, ਕਰਾਹ ਰਿਹਾ ਸੀ, ਆਪਣੇ ਦੰਦ ਕਰੀਚ ਰਿਹਾ ਸੀ, ਕਿਸੇ ਨੂੰ ਬੁਲਾ ਰਿਹਾ ਸੀ, ਕਿਸੇ ਨੂੰ ਬੁਰਾ ਭਲਾ ਕਹਿ ਰਿਹਾ ਸੀ, ਕੁਝ ਮੰਗੀ ਜਾ ਰਿਹਾ ਸੀ।
ਵਾਰੀਆ ਸਾਰੀ ਰਾਤ, ਲੱਤਾਂ ਸੁੰਗੇੜੀ, ਠੋਡੀ ਆਪਣੇ ਗੋਡਿਆਂ ਉੱਤੇ ਟਿਕਾਈ, ਤੇ ਆਪਣੀਆਂ ਵੱਡੀਆਂ ਵੱਡੀਆਂ, ਗੋਲ, ਉਦਾਸ ਅੱਖਾਂ ਨਾਲ ਇੱਕ ਟੱਕ ਆਪਣੇ ਸਾਮ੍ਹਣੇ ਗੱਡੀ ਉਸ ਕੋਲ ਬੈਠੀ ਰਹੀ। ਕੁਝ ਕੁਝ ਦੇਰ ਪਿੱਛੋਂ ਉਹ ਅਲੈਕਸੇਈ ਦੇ ਸਿਰ ਤੇ ਛਾਤੀ ਉੱਤੇ ਠੰਡਾ ਭਿੱਜਾ ਕੱਪੜਾ ਰੱਖ ਦੇਂਦੀ, ਜਾਂ ਭੇਡ ਦੀ ਜੱਤ ਨੂੰ ਠੀਕ ਠਾਕ ਕਰ ਦੇਂਦੀ ਜਿਸਨੂੰ ਉਹ ਮੁੜ ਮੁੜ ਕੇ ਲਾਹ ਦੇਂਦਾ ਸੀ, ਤੇ ਸਾਰਾ ਸਮਾਂ ਉਹ ਆਪਣੇ ਪਤੀ ਬਾਰੇ ਸੋਚ ਰਹੀ ਸੀ ਜਿਹੜਾ ਦੂਰ ਕਿਤੇ ਸੀ, ਜਿਸਨੂੰ ਜੰਗ ਦੀ ਹਵਾ ਉਡਾ ਕੇ ਇਧਰ ਉਧਰ ਲਿਜਾ ਰਹੀ ਸੀ।