

ਪ੍ਰਭਾਤ ਦੀ ਪਹਿਲੀ ਕਿਰਨ ਨਾਲ ਹੀ ਬੁੱਢਾ ਜਾਗ ਪਿਆ, ਅਲੈਕਸੇਈ ਵੱਲ ਨਜ਼ਰ ਮਾਰੀ, ਜਿਹੜਾ ਹੁਣ ਚੁੱਪ ਸੀ ਤੇ ਉਂਘਲਾ ਰਿਹਾ ਸੀ, ਤੇ ਵਾਰੀਆਂ ਨੂੰ ਕੰਨ ਵਿੱਚ ਕੁਝ ਕਹਿੰਦਾ ਹੋਇਆ ਸਫ਼ਰ ਲਈ ਤਿਆਰ ਹੋ ਪਿਆ। ਉਸਨੇ ਨਮਦੇ ਦੇ ਬੂਟਾਂ ਵਾਲੇ ਆਪਣੇ ਪੈਰਾਂ ਨੂੰ ਗਾਲੇਸ਼ਿਆਂ ਵਿੱਚ ਧੁਸ ਦਿੱਤਾ, ਜਿਹੜੇ ਉਸਨੇ ਆਪ ਕਿਸੇ ਬੱਸ ਦੇ ਟਾਇਰ ਤੋਂ ਬਣਾਏ ਸਨ, ਦਰਖਤ ਦੇ ਛਿਲਕੇ ਦੇ ਰੇਸ਼ਿਆਂ ਤੋਂ ਬਣਾਈ ਪੇਟੀ ਆਪਣੇ ਕੋਟ ਦੁਆਲੇ ਘੁੱਟ ਕੇ ਬੰਨ੍ਹ ਲਈ ਤੇ ਜੂਨੀਪਰ ਦੀ ਸੋਟੀ ਫੜ ਲਈ ਜਿਸਨੂੰ ਉਸਨੇ ਆਪ ਪਾਲਿਸ਼ ਕੀਤਾ ਸੀ ਤੇ ਜਿਹੜੀ ਲੰਮੇ ਸਫਰਾਂ ਵੇਲੇ ਹਮੇਸ਼ਾਂ ਉਹਦੇ ਨਾਲ ਹੁੰਦੀ ਸੀ।
ਉਹ ਅਲੈਕਸੇਈ ਨੂੰ ਇੱਕ ਵੀ ਲਫ਼ਜ਼ ਕਹੇ ਤੋਂ ਬਿਨ੍ਹਾਂ ਬਾਹਰ ਚਲਾ ਗਿਆ।
17
ਮਰੇਸੇਯੇਵ ਐਸੀ ਹਾਲਤ ਵਿੱਚ ਸੀ ਕਿ ਆਪਣੇ ਮੇਜ਼ਬਾਨ ਦੇ ਜਾਣ ਵੱਲ ਉਸਦਾ ਧਿਆਨ ਹੀ ਨਾ ਗਿਆ। ਅਗਲਾ ਸਾਰਾ ਦਿਨ ਉਹ ਬੇਹੋਸ਼ ਪਿਆ ਰਿਹਾ, ਤੇ ਤੀਜੇ ਦਿਨ ਜਾ ਕੇ ਕਿਤੇ ਉਸਨੂੰ ਹੋਸ਼ ਆਈ, ਜਦੋਂ ਸੂਰਜ ਸਿਰ ਉੱਤੇ ਆ ਚੁੱਕਾ ਸੀ ਤੇ ਧੁੱਪ ਦੀ ਇੱਕ ਤੇਜ਼ ਤੇ ਤਗੜੀ ਕਿਰਨ, ਚੁਲ੍ਹੇ ਦੇ ਦੁਧੀਆਂ, ਤਹਿਦਾਰ ਧੂਏਂ ਨੂੰ ਚੀਰਦੀ ਹੋਈ ਝਰੋਖੇ ਤੋਂ ਲੈ ਕੇ ਅਲੈਕਸੇਈ ਦੇ ਪੈਰਾਂ ਤੱਕ ਫੈਲੀ ਹੋਈ ਸੀ ਤੇ ਹਨੇਰੇ ਨੂੰ ਦੂਰ ਕਰਨ ਦੀ ਥਾਂ ਇਸਨੂੰ ਸੰਘਣਾ ਬਣਾ ਰਹੀ ਸੀ।
ਭੋਰੇ ਵਿੱਚ ਕੋਈ ਨਹੀਂ ਸੀ । ਵਾਰੀਆਂ ਦੀ ਮੱਧਮ, ਬੈਠੀ ਜਿਹੀ ਅਵਾਜ਼ ਦਰਵਾਜ਼ੇ ਥਾਣੀ ਆ ਰਹੀ ਸੀ। ਪ੍ਰਤੱਖ ਤੌਰ ਉੱਤੇ, ਕਿਸੇ ਚੀਜ਼ ਵਿੱਚ ਰੁਝੀ ਹੋਈ ਉਹ ਪੁਰਾਣਾ ਕੋਈ ਗੀਤ ਗਾ ਰਹੀ ਸੀ, ਜਿਹੜਾ ਇਸ ਜੰਗਲ ਦੇ ਇਲਾਕੇ ਵਿੱਚ ਪ੍ਰਚੱਲਤ ਸੀ। ਇਹ ਇਕੱਲੇ ਕਾਰੇ ਐਸ਼ ਦੇ ਦਰਖਤ ਬਾਰੇ ਗੀਤ ਸੀ ਜਿਹੜਾ ਬਲੂਤ ਵੱਲ ਜਾਣ ਲਈ ਤਾਂਘ ਰਿਹਾ ਸੀ; ਇਹ ਬਲੂਤ ਵੀ ਕੁਝ ਫਾਸਲੇ ਉੱਤੇ ਇਕੱਲਾ ਕਾਰਾ ਖੜ੍ਹਾ ਸੀ।
ਅਲੈਕਸੇਈ ਪਹਿਲਾਂ ਵੀ ਇਸ ਗੀਤ ਨੂੰ ਕਈ ਵਾਰੀ ਸੁਣ ਚੁੱਕਾ ਸੀ; ਇਹ ਗੀਤ ਉਹ ਕੁੜੀਆਂ ਗਾਇਆ ਕਰਦੀਆਂ ਸਨ ਜਿਹੜੀਆਂ ਹਵਾਈ ਅੱਡੇ ਨੂੰ ਪੱਧਰਾ ਤੇ ਸਾਫ਼ ਕਰਨ ਲਈ ਲਾਂਭ ਚਾਂਭ ਦੇ ਪਿੰਡਾ ਨੂੰ ਪ੍ਰਸੰਨ ਟੋਲੀਆਂ ਬਣਾ ਕੇ ਆਇਆ ਕਰਦੀਆਂ ਸਨ। ਉਸਨੂੰ ਇਸਦੀ ਮੱਧਮ ਚਾਲ ਤੇ ਸੋਗੀ ਧੁਨ ਪਸੰਦ ਸੀ । ਪਰ ਪਹਿਲਾਂ ਉਸਨੇ ਕਦੀ ਇਸਦੇ ਲਫ਼ਜ਼ਾਂ ਵੱਲ ਧਿਆਨ ਨਹੀਂ ਸੀ ਦਿੱਤਾ, ਤੇ ਫ਼ੌਜੀ
ਜ਼ਿੰਦਗੀ ਦੇ ਰੁਝੇਵੇਂ ਵਿੱਚ ਇਹ ਬਿਨਾਂ ਕੋਈ ਪ੍ਰਭਾਵ ਛੱਡਿਆ ਉਸਦੇ ਮਨ ਵਿਚੋਂ ਗਾਇਬ ਹੋ ਗਏ ਸਨ । ਪਰ ਹੁਣ ਉਹ ਇਸ ਜਵਾਨ, ਵੱਡੀਆਂ ਵੱਡੀਆਂ ਅੱਖਾਂ ਵਾਲੀ ਤੇ ਏਨੇ ਨਿੱਘੇ ਜਜ਼ਬਿਆਂ ਨਾਲ ਭਰੀ ਔਰਤ ਦੇ ਮੂੰਹ ਤੋਂ ਨਿੱਕਲ ਰਹੇ ਸਨ, ਤੇ ਉਹ ਇਸਤਰੀ ਦੇ ਮਨ ਦੀ ਏਨੀਂ ਅਸਲੀ, ਨਾ ਕਿ ਸਿਰਫ ਭਾਵਿਕ ਹੀ, ਸਿੱਕ ਪ੍ਰਗਟ ਕਰਦੇ ਸਨ ਕਿ ਅਲੈਕਸੇਈ ਇੱਕਦਮ ਇਸ ਧੁਨ ਦੀ ਪੂਰੀ ਡੂੰਘਾਈ ਮਹਿਸੂਸ ਕਰਨ ਲੱਗ ਪਿਆ ਤੇ ਸਮਝ ਗਿਆ ਕਿ ਐਸ਼ ਦਾ ਰੁੱਖ ਵਾਰੀਆ ਆਪਣੇ ਬਲੂਤ ਲਈ ਕਿਵੇਂ ਤਰਸ ਰਹੀ ਹੈ।
ਪਰ ਐਸ਼ ਦੇ ਭਾਗਾਂ 'ਚ ਨਹੀਂ ਸੀ