Back ArrowLogo
Info
Profile

ਕਿ ਬਲੂਤ ਦੇ ਸੰਗ ਮਿਲੇ

ਇਕੱਲਾ ਹੀ ਜੁਗਾਂ ਜੁਗਾਂ ਤੱਕ

ਹਵਾ 'ਚ ਹੁਣ ਉਹ ਹਿਲੇ..

ਵਾਰੀਆ ਗਾ ਰਹੀ ਸੀ ਤੇ ਉਸਦੀ ਅਵਾਜ਼ ਵਿੱਚ ਸੱਚਮੁਚ ਦੇ ਹੰਝੂਆਂ ਦੀ ਕੁੜੱਤਣ ਮਹਿਸੂਸ ਕੀਤੀ ਜਾ ਸਕਦੀ ਸੀ । ਜਦੋਂ ਉਸਨੇ ਗਾਉਣਾ ਬੰਦ ਕੀਤਾ, ਤਾਂ ਅਲੈਕਸੇਈ ਉਸਦੀ ਬਾਹਰ ਬਸੰਤ ਦੀ ਧੁੱਪ ਨਾਲ ਰੋਸ਼ਨ ਦਰਖਤਾਂ ਹੇਠ ਬੈਠੀ ਦੀ, ਤੇ ਉਸਦੀਆਂ ਹੰਝੂਆਂ ਨਾਲ ਭਰੀਆਂ ਵੱਡੀਆਂ ਵੱਡੀਆਂ, ਗੋਲ, ਸਿੱਕਦੀਆਂ ਅੱਖਾਂ ਦੀ ਤਸਵੀਰ ਆਪਣੇ ਮਨ ਵਿੱਚ ਲਿਆ ਸਕਦਾ ਸੀ । ਉਸਨੂੰ ਆਪਣੇ ਗਲੇ ਵਿੱਚ ਵੀ ਗੱਚ ਭਰਦਾ ਮਹਿਸੂਸ ਹੋਇਆ ਤੇ ਨਾ ਦਬਾਈ ਜਾ ਸਕਣ ਵਾਲੀ ਇੱਛਾ ਮਹਿਸੂਸ ਹੋਈ ਕਿ ਉਹ ਆਪਣੀ ਵਰਦੀ ਦੀ ਜੇਬ ਵਿੱਚ ਪਈਆਂ ਉਹਨਾਂ ਪੁਰਾਣੀਆਂ ਚਿੱਠੀਆਂ ਨੂੰ, ਜਿਨਾਂ ਦੇ ਵਸਤੂ ਨੂੰ ਉਹ ਮੂੰਹ ਜ਼ਬਾਨੀ ਜਾਣਦਾ ਸੀ, ਪੜੇ ਨਹੀਂ, ਦੇਖੋ, ਸਬਜ਼ਾਜ਼ਾਰ ਵਿੱਚ ਬੈਠੀ ਪਤਲੀ ਜਿਹੀ ਕੁੜੀ ਦੀ ਫੋਟੋ ਉੱਤੇ ਇੱਕ ਨਜ਼ਰ ਮਾਰੇ। ਉਸਨੇ ਆਪਣੀ ਜੈਕਟ ਤੱਕ ਹੱਥ ਵਧਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਦੀ ਬਾਂਹ ਬੇਵੱਸ ਚਟਾਈ ਉੱਤੇ ਆ ਡਿੱਗੀ। ਮੁੜ ਕੇ ਸਾਰਾ ਕੁਝ ਉਸ ਦੁਧੀਆ ਹਨੇਰੇ ਵਿੱਚ ਤਰਨ ਲੱਗਾ, ਜਿਸ ਵਿੱਚ ਕਿਤੇ ਕਿਤੇ ਸਤਰੰਗੀ ਪੀਂਘ ਦੇ ਰੰਗਾਂ ਦੇ ਹਲਕਿਆਂ ਦੇ ਧੱਬੇ ਸਨ। ਮਗਰੋਂ, ਉਸ ਹਨੇਰੇ ਵਿੱਚ, ਜਿਸ ਵਿੱਚੋਂ ਅਜੀਬ ਜਿਹੀ ਦਿਲ-ਚੀਰਵੀਂ ਸਰਸਰ ਆ ਰਹੀ ਸੀ, ਉਸਨੂੰ ਦੋ ਅਵਾਜ਼ਾ ਸੁਣਾਈ ਦਿੱਤੀਆਂ ਇੱਕ ਵਾਰੀਆ ਦੀ ਤੇ ਦੂਜੀ ਕਿਸੇ ਬੁੱਢੀ ਔਰਤ ਦੀ; ਇਹ ਦੂਜੀ ਅਵਾਜ਼ ਵੀ ਉਸਦੀ ਜਾਣੀ ਪਛਾਣੀ ਸੀ । ਉਹ ਘੁਸਰ ਮੁਸਰ ਕਰ ਰਹੀਆਂ ਸਨ।

"ਉਹ ਖਾਂਦਾ ਨਹੀਂ ?"

"ਨਹੀਂ, ਉਹ ਖਾ ਹੀ ਨਹੀਂ ਸਕਦਾ। ਕੱਲ ਉਸਨੇ ਚਪਾਤੀ ਦੀ ਇੱਕ ਬੁਰਕੀ ਚਬਾਈ - ਬਹੁਤ ਛੋਟੀ ਜਿਹੀ - ਤੇ ਉਸ ਨਾਲ ਵੀ ਉਹਨੂੰ ਉਲਟੀ ਆ ਗਈ। ਇਹ ਵੀ ਕੋਈ ਖਾਣਾ ਹੈ! ਉਹ ਜ਼ਰਾ ਕੁ ਦੁੱਧ ਪੀਂਦਾ ਹੈ, ਸੋ ਅਸੀਂ ਉਸਨੂੰ ਥੋਹੜਾ ਜਿਹਾ ਦੇ ਦੇਂਦੇ ਹਾਂ।"

"ਦੇਖ, ਮੈਂ ਥੋਹੜਾ ਜਿਹਾ ਸ਼ੋਰਬਾ ਲੈ ਕੇ ਆਈ ਹਾਂ ।... ਸ਼ਾਇਦ ਵਿਚਾਰੇ ਨੂੰ ਜ਼ਰਾ ਕੁ ਸ਼ੋਰਬਾ ਚੰਗਾ ਲੱਗੇ।"

“ਚਾਚੀ ਵਾਸੀਲਿਸਾ।" ਵਾਰੀਆਂ ਕੂਕ ਉਠੀ । "ਕੀ ਤੂੰ ਸੱਚਮੁਚ..."

"ਹਾਂ, ਇਹ ਮੁਰਗੀ ਦਾ ਸ਼ੋਰਬਾ ਹੈ। ਤੂੰ ਕਾਹਦੇ ਤੇ ਹੈਰਾਨ ਹੋਣ ਡਹੀ ਏਂ? ਏਸ ਵਿੱਚ ਕਿਹੜੀ ਕੋਈ ਖਾਸ ਗੱਲ ਏ। ਜਗਾ ਉਹਨੂੰ, ਕੀ ਪਤਾ ਜ਼ਰਾ ਕੁ ਲੈ ਹੀ ਲਵੇ।"

ਅਲੈਕਸੇਈ ਨੇ ਇਹ ਗੱਲਬਾਤ ਸੁਣ ਲਈ ਸੀ, ਤੇ ਇਸਤੋਂ ਪਹਿਲਾਂ ਕਿ ਉਹ ਅੱਖਾਂ ਖੋਹਲ ਸਕਦਾ, ਵਾਰੀਆ ਨੇ ਉਸਨੂੰ ਜ਼ੋਰ ਜ਼ੋਰ ਦੀ, ਬਿਨਾਂ ਕਿਸੇ ਸੰਗ ਸਲੀਕੇ ਦੇ ਹਿਲਾਉਣਾ ਸ਼ੁਰੂ ਕਰ ਦਿੱਤਾ ਤੇ ਖੁਸ਼ੀ ਨਾਲ ਉੱਚੀ ਸਾਰੀ ਕੂਕੀ:

"ਅਲੈਕਸੇਈ ਪਿਤਰੋਵਿਚ! ਅਲੈਕਸੇਈ ਪਿਤਰੋਵਿਚ। ਉੱਠੋ! ਚਾਚੀ ਵਾਸੀਲਿਸਾ ਤੁਹਾਡੇ ਲਈ ਕੁਝ ਮੁਰਗੀ ਦਾ ਸ਼ੋਰਬਾ ਲੈ ਕੇ ਆਈ ਹੈ ! ਉਠੋ! ਮੈਂ ਕਿਹਾ!

76 / 372
Previous
Next