

ਦਰਵਾਜ਼ੇ ਦੇ ਨੇੜੇ ਕੰਧ ਵਿੱਚ ਲਾਈ ਬੱਤੀ ਨੇ ਤਿੜ ਤਿੜ ਕੀਤਾ ਤੇ ਤੇਜ਼ ਤੇਜ਼ ਬਲਣ ਲੱਗੀ। ਡੋਲਦੀ, ਧੂੰਏਂ ਵਾਲੀ ਰੌਸ਼ਨੀ ਵਿੱਚ ਅਲੈਕਸੇਈ ਨੂੰ ਇੱਕ ਮਧਰੀ ਜਿਹੀ ਕੁੱਬੀ ਔਰਤ ਦਿਖਾਈ ਦਿੱਤੀ ਜਿਸ ਦਾ ਤੋਤੇ ਦੀ ਚੁੰਝ ਵਰਗਾ ਨੱਕ ਸੀ ਤੇ ਚਿਹਰਾ ਝੁਰੜੀਆਂ ਵਾਲਾ ਤੇ ਕੁਪੱਤੀਆਂ ਜਿਹੀਆਂ ਔਰਤਾਂ ਵਾਲਾ ਸੀ । ਉਹ ਕਿਸੇ ਵੱਡੀ ਸਾਰੀ ਚੀਜ਼ ਦੀ ਗੰਢੜੀ ਖੋਹਲਣ ਵਿੱਚ ਰੁਝੀ ਹੋਈ ਸੀ; ਪਹਿਲਾਂ ਉਸਨੇ ਇੱਕ ਬੋਰੀ ਦਾ ਟੋਟਾ ਹਟਾਇਆ, ਫਿਰ ਇੱਕ ਪੁਰਾਣਾ ਬੁੱਢੀਆਂ ਵਾਲਾ ਕੋਟ, ਫਿਰ ਕਾਗਜ਼ ਦਾ ਵਰਕਾ, ਤੇ ਅਖ਼ੀਰ ਇੱਕ ਲੋਹੇ ਦਾ ਪਤੀਲਾ ਦਿਖਾਈ ਦਿੱਤਾ ਜਿਸਨੇ ਭੋਰੇ ਨੂੰ ਚਰਬੀ ਵਾਲੇ ਮੁਰਗੇ ਦੇ ਸ਼ੋਰਬੇ ਦੀ ਇਹੋ ਜਿਹੀ ਸੁਆਦੀ ਵਾਸ਼ਨਾ ਨਾਲ ਭਰ ਦਿੱਤਾ ਕਿ ਅਲੈਕਸੇਈ ਦੇ ਖਾਲੀ ਢਿਡ ਵਿੱਚ ਵੱਟ ਪੈਣ ਲੱਗ ਪਏ।
ਦਾਦੀ ਵਾਸੀਲਿਸਾ ਦੇ ਝੁਰੜੀਆਂ ਭਰੇ ਚਿਹਰੇ ਉੱਤੇ ਉਸੇ ਤਰ੍ਹਾਂ ਕਰੜਾਈ ਤੇ ਕੁਪੱਤਿਆ ਵਾਲਾ ਪ੍ਰਗਟਾਅ ਕਾਇਮ ਰਿਹਾ।
“ਆਹ ਲੈ, ਮੈਂ ਤੇਰੇ ਲਈ ਲਿਆਦੈਂ,” ਉਹ ਬੋਲੀ। "ਕਿਰਪਾ ਕਰਕੇ, ਇਹਨੂੰ ਨਾਂਹ ਨਾ ਕਰੀਂ। ਇਹ ਖਾ ਲੈ ਤੇ ਰਾਜ਼ੀ ਹੋ ਜਾ। ਕੀ ਪਤਾ, ਰੱਬ ਦੀ ਮਰਜ਼ੀ ਹੋਈ ਤੇ ਇਸ ਨਾਲ ਤੈਨੂੰ ਕੁਝ ਫਾਇਦਾ ਹੋ ਜਾਏ।"
ਤੇ ਅਲੈਕਸੇਈ ਨੂੰ ਇਸ ਬੁੱਢੀ ਦੇ ਪਰਿਵਾਰ ਬਾਰੇ ਦੁਖਦਾਈ ਕਹਾਣੀ ਯਾਦ ਆ ਗਈ, ਤੇ ਉਸ ਮੁਰਗੀ ਦੀ ਕਹਾਣੀ ਵੀ, ਜਿਸਨੂੰ ਪਾਰਟੀਨਕਾ ਦਾ ਨਾਂ ਦਿੱਤਾ ਗਿਆ ਸੀ, ਤੇ ਸਾਰਾ ਕੁਝ — ਉਹ ਬੁੱਢੀ, ਵਾਰੀਆਂ ਤੇ ਸੁਆਦੀ ਵਾਸ਼ਨਾ ਫੈਲਾ ਰਿਹਾ ਮੇਜ਼ ਉੱਤੇ ਪਿਆ ਭਾਫ਼ ਛੱਡਦਾ ਲੋਹੇ ਦਾ ਪਤੀਲਾ- ਹੰਝੂਆਂ ਦੀਆਂ ਨਦੀਆਂ ਵਿੱਚ ਤਰਨ ਲੱਗਾ, ਜਿਨ੍ਹਾਂ ਵਿੱਚੋਂ ਉਸਨੇ ਦੇਖਿਆ ਕਿ ਬੁੱਢੀ ਦੀਆਂ ਗੁਸੈਲ ਅੱਖਾਂ ਉਸ ਵੱਲ ਅਥਾਹ ਤਰਸ ਦੀ ਭਾਵਨਾਂ ਨਾਲ ਦੇਖ ਰਹੀਆਂ ਸਨ।
"ਸ਼ੁਕਰੀਆ, ਬੇਬੇ," ਅਲੈਕਸੇਈ ਬੱਸ ਏਨੀ ਕੁ ਗੱਲ ਹੀ ਕਹਿ ਸਕਿਆ, ਜਦ ਕਿ ਬੁੱਢੀ ਦਰਵਾਜ਼ੇ ਵੱਲ ਜਾ ਰਹੀ ਸੀ।
ਤੇ ਜਦੋਂ ਉਹ ਦਰਵਾਜ਼ੇ ਕੋਲ ਪੁੱਜੀ ਤੇ ਅਲੈਕਸੇਈ ਨੇ ਉਸਨੂੰ ਇਹ ਕਹਿੰਦਿਆਂ ਸੁਣਿਆ
"ਸ਼ੁਕਰੀਆ ਕਾਹਦਾ। ਇਹਦੇ ਵਿੱਚ ਸ਼ੁਕਰੀਏ ਵਾਲੀ ਕਿਹੜੀ ਗੱਲ ਏ ? ਮੇਰੇ ਪੁੱਤ ਵੀ ਜੰਗ ਵਿੱਚ ਗਏ ਹੋਏ ਨੇ। ਕੀ ਪਤਾ ਉਹਨਾਂ ਨੂੰ ਵੀ ਕੋਈ ਸ਼ਰਬਾ ਦੇ ਦੇਵੇ ਖਾ ਲੈ। ਤੈਨੂੰ ਇਹਦੇ ਨਾਲ ਕੋਈ ਫਾਇਦਾ ਪਹੁੰਚੇ। ਰਾਜੀ ਹੋ ਜਾ।"
"ਬੇਬੇ ! ਬੇਬੇ!” ਅਲੈਕਸੇਈ ਨੇ ਉੱਠਣ ਦੀ ਕੋਸ਼ਿਸ਼ ਕੀਤੀ, ਪਰ ਵਾਰੀਆ ਨੇ ਉਸਨੂੰ ਰੋਕ ਲਿਆ ਤੇ ਹੌਲੀ ਜਿਹੀ ਦਬਾਉਂਦੀ ਨੇ ਉਸਨੂੰ ਵਾਪਸ ਚਟਾਈ ਉੱਤੇ ਪਾ ਦਿੱਤਾ।
"ਲੇਟ ਜਾਓ, ਲੇਟ ਜਾਓ! ਆਹ ਲਵੋ, ਕੁਝ ਸ਼ੋਰਬਾ ਲਵੋ।” ਉਸਨੇ ਉਸਨੂੰ ਜਰਮਨ ਫ਼ੌਜੀ ਡੱਬੇ ਦਾ ਐਲਮੀਨੀਅਮ ਦਾ ਢੱਕਣ ਦਿੱਤਾ, ਜਿਸ ਵਿੱਚੋਂ ਸੁਆਦੀ ਵਾਸ਼ਨਾ ਵਾਲੀ ਭਾਫ਼ ਉੱਠ ਰਹੀ ਸੀ, ਤੇ ਆਪਣਾ ਮੂੰਹ ਪਰੇ ਕਰ ਲਿਆ: ਪ੍ਰਤੱਖ ਤੌਰ ਉੱਤੇ, ਉਹ ਹੰਝੂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਿਹੜੇ ਬਿਨ ਬੁਲਾਏ ਉਸਦੀਆਂ ਅੱਖਾਂ ਵਿਚ ਆ ਗਏ ਸਨ। "ਲਵੋ ਜ਼ਰਾ ਕੁ", ਉਸਨੇ ਦੁਹਰਾਇਆ।