

"ਬਾਬਾ ਮਿਖਾਇਲ ਕਿੱਥੇ ਹੈ ?"
"ਉਹ ਬਾਹਰ ਗਏ ਨੇ, ਕਿਸੇ ਕੰਮ। ਪਤਾ ਕਰਨ ਕਿ ਜ਼ਿਲ੍ਹਾ ਕਮੇਟੀ ਕਿੱਥੇ ਹੈ। ਉਹ ਜਲਦੀ ਨਹੀਂ ਮੁੜਨ ਲੱਗੇ। ਪਰ ਤੁਸੀਂ ਲਵੋ, ਆਹ, ਲਵੋ।”
ਆਪਣੇ ਬਿਲਕੁਲ ਨੱਕ ਹੇਠ ਅਲੈਕਸੇਈ ਨੂੰ ਇੱਕ ਵੱਡਾ ਸਾਰਾ ਲਕੜੀ ਦਾ ਜ਼ਰਾ ਕੁ ਟੁੱਟਾ ਹੋਇਆ ਚਿਮਚਾ ਦਿਖਾਈ ਦਿੱਤਾ, ਜਿਹੜਾ ਸਮੇਂ ਦੇ ਨਾਲ ਕਾਲਾ ਪੈ ਚੁੱਕਾ ਸੀ, ਤੇ ਉਸ ਵਿੱਚ ਅੰਬਰ ਦੇ ਰੰਗ ਦਾ ਸ਼ੋਰਬਾ ਸੀ।
ਪਹਿਲੇ ਚਿਮਚੇ ਨੇ ਉਸਦੀ ਭੁੱਖ ਨੂੰ ਖੂਬ ਚਮਕਾ ਦਿੱਤਾ। ਉਹ ਏਨਾਂ ਹਾਬੜ ਗਿਆ ਕਿ ਉਸਨੂੰ ਆਪਣੇ ਪੇਟ ਵਿੱਚ ਵੱਟ ਪੈਂਦੇ ਲੱਗੇ; ਪਰ ਉਸਨੇ ਸਿਰਫ਼ ਦਸ ਚਿਮਚੇ ਪੀਤੇ ਤੇ ਮੁਰਗੀ ਦੇ ਚਿੱਟੇ ਮਾਸ ਦੇ ਕੁਝ ਰੇਸ਼ੇ ਲਏ। ਭਾਵੇਂ ਉਸਦਾ ਪੇਟ ਹੋਰ ਖਾਣੇ ਦੀ ਜ਼ੋਰਦਾਰ ਮੰਗ ਕਰ ਰਿਹਾ ਸੀ, ਤਾਂ ਵੀ ਉਸਨੇ ਖਾਣਾ ਲਾਂਭੇ ਧੱਕ ਦਿੱਤਾ; ਉਸਨੂੰ ਪਤਾ ਸੀ ਕਿ ਉਸਦੀ ਮੌਜੂਦਾ ਹਾਲਤ ਵਿੱਚ ਇੱਕ ਵੀ ਵਾਧੂ ਚਿਮਚਾ ਉਸ ਲਈ ਜਹਿਰ ਦਾ ਕੰਮ ਕਰ ਸਕਦਾ ਹੈ।
ਬੇਬੇ ਦੇ ਬਣਾਏ ਸ਼ੋਰਬੇ ਨੇ ਕਰਾਮਾਤ ਕਰ ਦਿਖਾਈ। ਅਲੈਕਸੇਈ ਨੂੰ ਨੀਂਦ ਆ ਗਈ, ਬੇਹੋਸ਼ੀ ਵਾਲੀ ਨਹੀ, ਸਗੋਂ ਅਸਲੀ, ਘੂਕ, ਸਿਹਤਬਖਸ਼ ਨੀਂਦ । ਉਹ ਉਠਿਆ, ਕੁਝ ਹੋਰ ਸ਼ੋਰਬਾ ਲਿਆ ਤੇ ਮੁੜ ਸੌਂ ਗਿਆ, ਤੇ ਕਿਸੇ ਚੀਜ਼ ਨਾਲ ਵੀ ਉਸਦੀ ਨੀਂਦ ਨਹੀਂ ਸੀ ਉਖੜ ਰਹੀ, ਨਾ ਚੁਲ੍ਹੇ ਦੇ ਧੂੰਏਂ ਨਾਲ, ਨਾ ਔਰਤਾਂ ਦੀਆਂ ਗੱਲਾਂ ਨਾਲ, ਨਾ ਹੀ ਵਾਰੀਆਂ ਦਾ ਹੱਥ ਲੱਗਣ ਨਾਲ - ਕਿਉਂਕਿ ਇਸ ਗੱਲ ਤੋਂ ਡਰਦਿਆਂ ਕਿ ਉਹ ਕਿਤੇ ਮਰ ਹੀ ਨਾ ਗਿਆ ਹੋਵੇ, ਉਹ ਮੁੜ ਮੁੜ ਕੇ ਉਸ ਉੱਤੇ ਝੁਕਦੀ, ਇਹ ਮਹਿਸੂਸ ਕਰਨ ਲਈ ਕਿ ਉਸਦਾ ਦਿਲ ਧੜਕ ਰਿਹਾ ਹੈ ਜਾਂ ਨਹੀਂ।
ਉਹ ਜਿਊਂਦਾ ਸੀ; ਉਹ ਬਾਕਾਇਦਾ, ਡੂੰਘੇ ਸਾਹ ਲੈ ਰਿਹਾ ਸੀ । ਉਹ ਬਾਕੀ ਦਾ ਸਾਰਾ ਦਿਨ, ਸਾਰੀ ਰਾਤ ਸੁੱਤਾ ਰਿਹਾ, ਤੇ ਇੰਝ ਸੁੱਤਾ ਰਿਹਾ ਜਿਵੇਂ ਧਰਤੀ ਉੱਪਰਲੀ ਕੋਈ ਤਾਕਤ ਉਸਨੂੰ ਜਗਾ ਨਹੀਂ ਸੀ ਸਕਦੀ।
ਅਗਲੇ ਦਿਨ ਸਵੇਰੇ ਸਵੇਰੇ ਜੰਗਲ ਨੂੰ ਭਰ ਰਹੀਆਂ ਅਵਾਜ਼ਾਂ ਤੋਂ ਉੱਚੀ, ਦੂਰੋਂ ਕਿਤੋਂ ਆ ਰਹੀ ਇਕਸਾਰ ਭਿਣਕ ਦੀ ਅਵਾਜ਼ ਅਸਪੱਸ਼ਟ ਜਿਹੀ ਸੁਣੀ ਜਾ ਸਕਦੀ ਸੀ। ਅਲੈਕਸੇਈ ਭਕ ਪਿਆ, ਉਸਨੇ ਸਿਰਹਾਣੇ ਤੋਂ ਆਪਣਾ ਸਿਰ ਚੁੱਕਿਆ ਤੇ ਪੂਰਾ ਜ਼ੋਰ ਲਾ ਕੇ ਸੁਨਣ ਲੱਗਾ।
ਝੱਲਿਆ ਵਾਲੀ, ਨਾ ਦਬਾਈ ਜਾ ਸਕਣ ਵਾਲੀ ਖੁਸ਼ੀ ਉਸਦੇ ਸਾਰੇ ਸਰੀਰ ਵਿੱਚ ਭਰ ਗਈ। ਉਹ ਬੇਹਰਕਤ ਪਿਆ ਰਿਹਾ ਉਸ ਦੀਆਂ ਅੱਖਾਂ ਉਤੇਜਨਾ ਨਾਲ ਚਮਕਣ ਲੱਗੀਆਂ। ਉਹ ਚੁਲ੍ਹੇ ਠੰਡੇ ਹੋ ਰਹੇ ਪੱਥਰਾਂ ਦੀ ਉੱਚੀ ਉੱਚੀ ਤਿੜ-ਤਿੜ, ਆਪਣੇ ਰਾਤ ਭਰ ਦੇ ਕੰਮ ਪਿੱਛੋਂ ਥੱਕੇ ਬੀਂਡੇ ਦੀ ਮੱਧਮ ਜਿਹੀ ਟਰਾਂ-ਟਰਾਂ, ਭੋਰੇ ਦੇ ਦੁਆਲੇ ਉੱਗੇ ਪੁਰਾਣੇ ਦਿਆਰ ਦੇ ਦਰਖਤਾਂ ਦੇ ਝੂਲਣ ਦਾ ਬਾਕਾਇਦਾ ਤਾਲ, ਤੇ ਇਥੋਂ ਤੱਕ ਕਿ ਦਰਵਾਜ਼ੇ ਦੇ ਬਾਹਰ ਬਸੰਤ ਦੀ ਸਿਲ੍ਹ ਦੇ ਵੱਡੇ ਵੱਡੇ ਤੁਪਕੇ ਡਿੱਗਣ ਦਾ ਖੜਾਕ ਵੀ ਸੁਣ ਸਕਦਾ ਸੀ। ਪਰ ਇਹਨਾਂ ਸਾਰੀਆਂ ਅਵਾਜ਼ਾਂ ਤੋਂ ਉੱਪਰ ਭਿਣਕ ਵਰਗੀ ਕੋਈ ਅਵਾਜ਼ ਸਪੱਸ਼ਟ ਸੁਣੀ ਜਾ ਸਕਦੀ ਸੀ। ਅਲੈਕਸੇਈ