

ਨੇ ਅੰਦਾਜਾ ਲਾਇਆ ਕਿ ਇਹ ਅਵਾਜ਼ "ਊ-2" ਹਵਾਈ ਜਹਾਜ਼ ਦੇ ਇੰਜਣ ਦੀ ਹੈ। ਅਵਾਜ਼ ਕਦੀ ਉੱਚੀ ਹੋ ਜਾਂਦੀ, ਕਦੀ ਮਧਮ ਪੈ ਜਾਂਦੀ, ਪਰ ਪੂਰੀ ਤਰ੍ਹਾਂ ਇਹ ਕਦੀ ਵੀ ਖ਼ਤਮ ਨਾ ਹੁੰਦੀ। ਅਲੈਕਸੇਈ ਨੇ ਆਪਣਾ ਸਾਹ ਰੋਕ ਲਿਆ। ਇਹ ਸਪੱਸ਼ਟ ਸੀ ਕਿ ਹਵਾਈ ਜਹਾਜ਼ ਕਿਤੇ ਆਸਪਾਸ ਹੀ ਸੀ, ਕਿ ਇਹ ਜੰਗਲ ਉੱਤੇ ਕਿਤੇ ਚੱਕਰ ਕੱਟ ਰਿਹਾ ਸੀ, ਜਾਂ ਤਾਂ ਸੂਹ ਲਾ ਰਿਹਾ ਸੀ, ਜਾਂ ਉਤਰਨ ਲਈ ਕੋਈ ਟਿਕਾਣਾ ਲੱਭ ਰਿਹਾ ਸੀ।
"ਵਾਰੀਆ, ਵਾਰੀਆ।" ਅਲੈਕਸੇਈ ਨੇ ਇੱਕ ਅਰਕ ਦੇ ਭਾਰ ਆਪਣੇ ਆਪ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦਿਆਂ ਅਵਾਜ਼ ਦਿੱਤੀ।
ਪਰ ਵਾਰੀਆ ਭੋਰੇ ਵਿੱਚ ਨਹੀਂ ਸੀ। ਬਾਹਰ ਔਰਤਾਂ ਦੀਆਂ ਉਤੇਜਿਤ ਅਵਾਜ਼ਾਂ ਤੇ ਕਹਾਲੇ ਕਹਾਲੇ ਕਦਮ ਸੁਣਾਈ ਦੇ ਰਹੇ ਸਨ।
ਭੋਰੇ ਦਾ ਦਰਵਾਜ਼ਾ ਘੜੀ-ਪਲ ਲਈ ਖੁਲ੍ਹਿਆ ਤੇ ਫੇਦਕਾ ਦਾ ਛਾਈਆਂ ਨਾਲ ਭਰਿਆ ਚਿਹਰਾ ਦਿਸਣ ਲੱਗਾ।
“ਮਾਮੀ ਵਾਰੀਆ! ਮਾਮੀ ਵਾਰੀਆ ।" ਮੁੰਡਾ ਕੂਕਿਆ ਤੇ ਫਿਰ ਉਤੇਜਿਤ ਅਵਾਜ਼ ਵਿੱਚ ਬੋਲਿਆ: "ਹਵਾਈ ਜਹਾਜ਼! ਇਹ ਸਾਡੇ ਸਿਰਾਂ ਉੱਤੇ ਚੱਕਰ ਕੱਟ ਰਿਹੈ!'' ਤੇ ਇਸਤੋਂ ਪਹਿਲਾਂ ਕਿ ਅਲੈਕਸੇਈ ਇੱਕ ਲਫ਼ਜ਼ ਵੀ ਬੋਲ ਸਕਦਾ, ਉਹ ਗਾਇਬ ਹੋ ਗਿਆ।
ਬੜੇ ਯਤਨ ਨਾਲ ਅਲੈਕਸੇਈ ਉਠ ਕੇ ਬੈਠ ਗਿਆ। ਉਸਦੇ ਦਿਲ ਦੀ ਧਕ-ਧਕ, ਪੁੜਪੁੜੀਆਂ ਵਿਚ ਉਸਦੇ ਖੂਨ ਦੇ ਉਛਾਲੇ ਖਾਣ ਤੇ ਜ਼ਖਮੀ ਪੈਰਾਂ ਵਿਚਲੀ ਪੀੜ ਉਸਦੇ ਸਾਰੇ ਸਰੀਰ ਵਿੱਚ ਕੰਬਣੀ ਪੈਦਾ ਕਰ ਰਹੀ ਸੀ । ਉਸਨੇ ਉਹ ਚੱਕਰ ਗਿਣਨੇ ਸ਼ੁਰੂ ਕਰ ਦਿੱਤੇ ਜਿਹੜੇ ਉਪਰ ਹਵਾਈ ਜਹਾਜ਼ ਲਾ ਰਿਹਾ ਸੀ: ਇੱਕ, ਦੋ, ਤਿੰਨ, ਤੇ ਉਤੇਜਨਾ ਦੇ ਅਸਰ ਹੇਠ ਉਹ ਫਿਰ ਚਟਾਈ ਉੱਤੇ ਢਹਿ ਪਿਆ ਤੇ ਮੁੜ ਤੇਜ਼ੀ ਨਾਲ ਤੇ ਅਰੁਕ ਤੌਰ ਉੱਤੇ ਘੂਕ, ਸਿਹਤਬਖ਼ਸ਼ ਨੀਂਦ ਵਿੱਚ ਜਾ ਲੱਥਾ।
ਜਵਾਨ, ਗੂੰਜਵੀ, ਗਰਜਵੀਂ ਖਰਜ ਅਵਾਜ਼ ਨੇ ਉਸਨੂੰ ਉਠਾ ਦਿੱਤਾ। ਉਹ ਕਿਸੇ ਸਮੂਹਗਾਣ ਵਿੱਚੋਂ ਵੀ ਉਸ ਅਵਾਜ਼ ਨੂੰ ਪਛਾਣ ਸਕਦਾ ਸੀ । ਲੜਾਕਾ ਜਹਾਜ਼ ਦੇ ਵਿੰਗ ਵਿੱਚ ਇਹੋ ਜਿਹੀ ਅਵਾਜ਼ ਵਾਲਾ ਇੱਕੋ ਇੱਕ ਬੰਦਾ ਸੁਕਾਡਰਨ ਕਮਾਂਡਰ ਆਂਦਰੇਈ ਦੇਗਤੀਆਰੈਨਕੋ ਸੀ।
ਅਲੈਕਸੇਈ ਨੇ ਅੱਖਾਂ ਖੋਹਲੀਆਂ, ਪਰ ਉਸਨੇ ਸਮਝਿਆ ਕਿ ਉਹ ਅਜੇ ਸੁੱਤਾ ਹੋਇਆ ਹੈ ਤੇ ਸੁਪਨੇ ਵਿੱਚ ਉਹ ਆਪਣੇ ਦੋਸਤ ਦਾ ਚੌੜਾ, ਉੱਚੇ ਜਬਾੜਿਆਂ ਵਾਲਾ, ਖੁਰਦਰਾ, ਚੰਗੇ ਸੁਭਾਅ ਵਾਲਾ ਚਿਹਰਾ ਦੇਖ ਰਿਹਾ ਹੈ, ਜਿਸਦੇ ਮੱਥੇ ਉੱਤੇ ਕਿਸੇ ਜ਼ਖਮ ਦਾ ਲਾਲ ਦਾਗ ਸੀ, ਉਸ ਦੀਆਂ ਅੱਖਾਂ ਹਲਕੇ ਰੰਗ ਦੀਆਂ ਤੇ ਓਨੀਆਂ ਹੀ ਹਲਕੀਆਂ ਤੇ ਬਿਨਾਂ ਕਿਸੇ ਰੰਗ ਦੇ ਉਸ ਦੀਆਂ ਲੰਮੀਆਂ ਝਿੰਮਣੀਆਂ ਸਨ, ਜਿਨ੍ਹਾਂ ਨੂੰ ਆਂਦਰੇਈ ਦੇ ਦੁਸ਼ਮਣ “ਸੂਰ ਦੀਆਂ ਝਿੰਮਣੀਆਂ" ਕਹਿੰਦੇ ਹੁੰਦੇ ਸਨ। ਧੂੰਏਂ-ਭਰੇ ਅਰਧ-ਹਨੇਰੇ ਵਿੱਚੋਂ ਕਾਸ਼ਨੀ ਅੱਖਾਂ ਦਾ ਇੱਕ ਜੋੜਾ ਸਵਾਲੀਆਂ ਅੰਦਾਜ਼ ਨਾਲ ਉਸ ਵੱਲ ਝਾਕ ਰਿਹਾ ਸੀ।
“ਹੁਣ, ਬਾਬਾ, ਮੈਨੂੰ ਆਪਣੀ ਮਾਲੀ ਦਿਖਾ," ਆਪਣੇ ਉੱਘੜਵੇਂ ਯੂਕਰੇਨੀ ਲਹਿਜੇ