

ਆਪਣੇ ਦੋਸਤ ਦੇ ਪ੍ਰਸੰਨ ਨੈਨ-ਨਕਸ਼ ਲੱਭਣ ਦੀ ਕੋਸ਼ਿਸ਼ ਕਰਨ ਲੱਗਾ; ਤੇ ਸਿਰਫ਼ ਉਸਦੀਆਂ ਵੱਡੀਆਂ ਵੱਡੀਆਂ ਤੇ ਲਗਭਗ ਗੋਲ ਅੱਖਾਂ ਵਿੱਚ ਹੀ ਉਸਨੂੰ ਮਰੇਸੇਯੇਵ ਵਾਲਾ ਸਾਫ਼ ਦਿਲ ਤੇ ਦ੍ਰਿੜ੍ਹ ਪ੍ਰਗਟਾਅ ਮਿਲਿਆ, ਜਿਸ ਤੋਂ ਉਹ ਜਾਣੂ ਸੀ । ਉਸਦੀ ਟੋਪੀ ਫਰਸ਼ ਉੱਤੇ ਡਿੱਗ ਪਈ, ਪੈਕਟ ਤੇ ਪਾਰਸਲ ਡਿੱਗ ਕੇ ਖੁੱਲ੍ਹ ਗਏ, ਤੇ ਸੇਬ, ਸੰਤਰੇ ਤੇ ਬਿਸਕੁਟ ਫਰਸ਼ ਉੱਤੇ ਖਿੱਲਰ ਗਏ।
"ਲਿਓਸ਼ਕਾ! ਇਹ ਤੂੰ ਹੈ ?” ਉਸਦੀ ਅਵਾਜ਼ ਭਾਵਕਤਾ ਨਾਲ ਭਰੜਾ ਰਹੀ ਸੀ ਤੇ ਉਸਦੀਆਂ ਲੰਮੀਆਂ, ਬੇਰੰਗ ਝਿਮਣੀਆਂ ਡਿੱਗ ਪਈਆਂ। "ਲਿਓਸ਼ਕਾ। ਲਿਓਸ਼ਕਾ।" ਉਹ ਮੁੜ ਕੇ ਕੂਕਿਆ। ਉਸਨੇ ਕਮਜ਼ੋਰ ਸਰੀਰ ਨੂੰ ਉਸਦੇ ਬਿਸਤਰੇ ਤੇ ਇੰਝ ਹੌਲ਼ੀ ਜਿਹੀ ਚੁੱਕ ਲਿਆ, ਜਿਵੇਂ ਇਹ ਕਿਸੇ ਦੁੱਧ-ਪੀਂਦੇ ਬੱਚੇ ਦਾ ਹੋਵੇ, ਉਸਨੂੰ ਆਪਣੀ ਛਾਤੀ ਨਾਲ ਲਾਇਆ ਤੇ ਦੁਹਰਾਈ ਗਿਆ: "ਲਿਓਸ਼ਕਾ। ਲਿਓਸ਼ਕਾ।"
ਉਸਨੇ ਅਲੈਕਸੇਈ ਨੂੰ ਘੜੀ-ਪਲ ਲਈ ਆਪਣੀਆਂ ਬਾਹਵਾਂ ਵਿੱਚ ਫੜਿਆ ਤੇ ਉਸ ਵੱਲ ਦੇਖਣ ਲੱਗਾ, ਜਿਵੇਂ ਆਪਣੇ ਆਪ ਨੂੰ ਯਕੀਨ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕਿ ਇਹ ਸੱਚਮੁਚ ਉਸਦਾ ਦੋਸਤ ਹੀ ਸੀ, ਤੇ ਮੁੜ ਕੇ ਉਸਨੂੰ ਛਾਤੀ ਨਾਲ ਲਾ ਲਿਆ ।
"ਹਾਂ, ਇਹ ਤੂੰ ਹੀ ਹੈ! ਲਿਓਸ਼ਕਾ! ਤੂੰ ਸ਼ੈਤਾਨ!"
ਵਾਰੀਆ ਤੇ ਨਰਸ ਨੇ ਕਮਜ਼ੋਰ ਸਰੀਰ ਨੂੰ ਉਸਦੀ ਸ਼ਕਤੀਸ਼ਾਲੀ, ਰਿੱਛ ਵਰਗੀ ਪਕੜ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ।
“ਰੱਬ ਦੇ ਵਾਸਤੇ, ਇਹਨਾਂ ਨੂੰ ਛੱਡ ਦਿਓ, ਇਹਨਾਂ ਵਿਚ ਤਾਂ ਉਂਝ ਹੀ ਜਾਨ ਨਹੀਂ ਹੈਗੀ।" ਵਾਰੀਆ ਗੁੱਸੇ ਨਾਲ ਫੁਸਫਸਾਈ।
"ਇਸ ਲਈ ਭਾਵਕ ਹੋਣਾ ਮਾੜੀ ਗੱਲ ਹੈ। ਰੱਖ ਦਿਓ ਇਸਨੂੰ !" ਤੇਜ਼ ਤੇਜ਼ ਬੋਲਦਿਆਂ ਨਰਸ ਨੇ ਕਿਹਾ।
ਪਰ ਆਂਦਰੇਈ ਨੇ, ਆਖ਼ਰ ਇਸ ਗੱਲ ਦਾ ਯਕੀਨ ਹੋ ਜਾਣ ਪਿੱਛੋਂ ਕਿ ਇਹ ਕਾਲਾ ਪਿਆ ਹੋਇਆ, ਸੁੰਗੜਿਆ ਹੋਇਆ, ਹਲਕਾ ਜਿਹਾ ਸਰੀਰ ਸੱਚਮੁਚ ਉਸਦੇ ਜੁਝਾਰ ਸਾਥੀ, ਉਸਦੇ ਦੋਸਤ ਅਲੈਕਸੇਈ ਮਰੇਸੇਯੇਵ ਦਾ ਹੀ ਸੀ, ਜਿਸਨੂੰ ਸਾਰਾ ਵਿੰਗ ਹੀ ਮਰ ਗਿਆ ਸਮਝ ਬੈਠਾ ਹੋਇਆ ਸੀ, ਅਲੈਕਸੇਈ ਨੂੰ ਬਿਸਤਰੇ ਉੱਤੇ ਲਿਟਾ ਦਿੱਤਾ, ਆਪਣੇ ਸਿਰ ਨੂੰ ਦੋਹਾਂ ਹੱਥਾਂ ਨਾਲ ਫੜਿਆ ਤੇ ਜਿੱਤ ਦੀ ਕੂਕ ਛੱਡੀ, ਫਿਰ ਅਲੈਕਸੇਈ ਨੂੰ ਮੋਢਿਆਂ ਤੋਂ ਫੜਿਆ, ਉਸਦੀਆਂ ਕਾਲੀਆਂ ਅੱਖਾਂ ਵਿੱਚ ਝਾਕਿਆ, ਜਿਹੜਾ ਆਪਣੀਆਂ ਡੂੰਘੀਆਂ ਖੋੜਾ ਵਿੱਚ ਖੁਸ਼ੀ ਨਾਲ ਚਮਕ ਰਹੀਆਂ ਸਨ ਤੇ ਕੂਕਿਆ:
"ਤੂੰ ਜ਼ਿੰਦਾ ਹੈ! ਹੇ ਪਾਵਨ ਮਾਤਾ! ਜ਼ਿੰਦਾ ਹੈ, ਤੂੰ ਸ਼ੈਤਾਨ। ਇਹ ਸਾਰੇ ਦਿਨ ਤੂੰ ਕਿਥੇ ਰਿਹੈ ? ਕੀ ਹੋ ਗਿਆ ਸੀ ਤੈਨੂੰ ?"
ਪਰ ਚਪਟੇ ਨੱਕ ਵਾਲੀ ਗੋਲ-ਮਟੋਲ ਜਿਹੀ ਠਿਗਣੀ ਨਰਸ ਨੇ- ਜਿਸ ਨੂੰ ਵਿੰਗ ਵਿਚ ਹਰ ਕੋਈ, ਉਸਦੇ ਲੈਫਟੀਨੈਂਟ ਦੇ ਰੈਂਕ ਨੂੰ ਅੱਖੋਂ ਉਹਲੇ ਕਰਦਿਆਂ, ਲੇਨਚਕਾ, ਜਾਂ "ਚਿਕਿਤਸਾ ਵਿਗਿਆਨ ਦੀ ਸਿਸਟਰ", ਜਿਨ੍ਹਾਂ ਲਫ਼ਜ਼ਾਂ ਵਿੱਚ ਕਿ ਉਸਨੇ ਆਪਣੇ ਤੋਂ