

ਸਿਗਰਟ ਪੀਂਦੇ ਹੋ ?"
ਬਾਬੇ ਨੇ ਕੇਸ ਵਿੱਚੋਂ ਸਿਗਰਟ ਲਈ, ਆਪਣੀ ਜੇਬ ਵਿੱਚੋਂ ਅਖ਼ਬਾਰ ਦਾ ਇੱਕ ਜੋੜਿਆ ਹੋਇਆ ਟੋਟਾ ਕੱਢਿਆ, ਸਿਗਰਟ ਦਾ ਤਮਾਕੂ ਇਸ ਉਪਰ ਉਲਟਾ ਦਿੱਤਾ, ਇਸਨੂੰ ਵਲ੍ਹੇਟਿਆ ਤੇ ਸੁਲਗਾਉਣ ਪਿੱਛੋਂ ਪੂਰੇ ਸਵਾਦ ਨਾਲ ਇੱਕ ਕਸ਼ ਭਰਿਆ।
"ਸਿਗਰਟ ਪੀਂਦਾ ਹਾਂ ? ਬੇਸ਼ਕ, ਮੈਂ ਸਿਗਰਟ ਪੀਂਦਾ ਹਾਂ,” ਉਸਨੇ ਇੱਕ ਹੋਰ ਕਸ਼ ਭਰਨ ਪਿੱਛੋਂ ਕਿਹਾ। "ਹਾਂ, ਹਾਂ! ਸਿਰਫ ਜਦੋਂ ਦੇ ਜਰਮਨ ਆਏ ਨੇ ਉਦੋਂ ਦਾ ਮੈਨੂੰ ਕੋਈ ਦੇਖਣ ਨੂੰ ਵੀ ਤਮਾਕੂ ਨਹੀਂ ਮਿਲਿਆ । ਮੈਂ ਕਾਈ ਪੀਂਦਾ ਹਾਂ ਤੇ ਸਪਰਜ ਦੀਆਂ ਸੁੱਕੀਆਂ ਪੱਤੀਆਂ ਵੀ, ਹਾਂ!... ਤੇ ਜਿਥੋਂ ਤੱਕ ਉਹਦੇ ਲੇਟਣੀਆਂ ਲੈਣ ਦਾ ਸਵਾਲ ਹੈ, ਇਹ ਉਸੇ ਨੂੰ ਪੁੱਛੋ ਕਿ ਕਿਵੇਂ ਲੈਂਦਾ ਰਿਹਾ। ਮੈਂ ਨਹੀਂ ਦੇਖਿਆ। ਮੁੰਡੇ ਕਹਿੰਦੇ ਨੇ ਕਿ ਉਹ ਪਿੱਠ ਤੋਂ ਢਿੱਡ ਦੇ ਭਾਰ ਤੇ ਫਿਰ ਢਿੱਡ ਤੋਂ ਲੇਟਣੀ ਲੈਂਦਾ ਪਿੱਠ ਭਾਰ ਹੋ ਜਾਂਦਾ ਸੀ । ਦੇਖੋ ਨਾ, ਉਸ ਵਿੱਚ ਆਪਣੇ ਹੱਥਾਂ ਤੇ ਗੋਡਿਆਂ ਭਾਰ ਰਿੜ੍ਹਨ ਦੀ ਵੀ ਤਾਕਤ ਨਹੀਂ ਸੀ ਰਹਿ ਗਈ। ਇਸ ਤਰ੍ਹਾਂ ਦਾ ਆਦਮੀ ਹੈ ਇਹ!"
ਵਿੱਚ ਵਿੱਚ ਦੇਗਤੀਆਰੈਨਕੋ ਆਪਣੇ ਦੋਸਤ ਨੂੰ ਦੇਖਣ ਲਈ ਉਠ ਖੜ੍ਹਾ ਹੁੰਦਾ, ਜਿਸਨੂੰ ਔਰਤਾਂ ਭੂਰੇ ਫ਼ੌਜੀ ਕੰਬਲਾਂ ਵਿੱਚ ਲਪੇਟ ਰਹੀਆਂ ਸਨ। ਇਹ ਕੰਬਲ ਨਰਸ ਆਪਣੇ ਨਾਲ ਲੈ ਕੇ ਆਈ ਸੀ।
"ਬੈਠਾ ਰਹੁ, ਬਰਖੁਰਦਾਰ, ਬੈਠਾ ਰਹੁ ਚੁੱਪ ਕਰ ਕੇ। ਇਹ ਲਪੇਟਣ ਦਾ ਕੰਮ ਅਸਾ ਆਦਮੀਆਂ ਦਾ ਨਹੀਂ!" ਬਾਬਾ ਬੋਲਿਆ। “ਸੁਣ ਜੋ ਤੈਨੂੰ ਮੈਂ ਸੁਣਾ ਰਿਹਾ ਹਾਂ। ਤੇ ਆਪਣੇ ਉੱਪਰਲਿਆਂ ਵਿੱਚੋਂ ਕਿਸੇ ਨੂੰ ਇਹ ਦੱਸਣਾ ਨਾ ਭੁੱਲੀ। ਇਸ ਆਦਮੀ ਨੇ ਬਹੁਤ ਵੱਡਾ ਕੰਮ ਕੀਤੈ। ਦੇਖ ਹੁਣ ਇਹ ਕਿਸ ਤਰ੍ਹਾਂ ਦਾ ਲਗਦੈ। ਅਸੀਂ ਸਾਰੇ ਹੀ, ਸਾਰਾ ਸਾਂਝਾ ਫਾਰਮ ਇੱਕ ਹਫਤੇ ਤੋਂ ਇਸਦੀ ਸੇਵਾ ਕਰ ਰਿਹਾ ਹੈ, ਤਾਂ ਵੀ ਇਹ ਹਿੱਲ ਨਹੀਂ ਸਕਦਾ। ਪਰ ਸਾਡੇ ਜੰਗਲ ਤੇ ਦਲਦਲਾਂ ਵਿੱਚੋਂ ਰੀਂਗਣ ਦੀ ਇਸੇ ਵਿੱਚ ਹੀ ਹਿੰਮਤ ਸੀ । ਬਹੁਤੇ ਬੰਦੇ ਨਹੀਂ ਜਿਹੜੇ ਇਸ ਤਰ੍ਹਾਂ ਦੀ ਗੱਲ ਕਰ ਸਕਦੇ ਨੇ । ਸਾਧੂ ਮਹਾਤਮਾਵਾਂ ਨੇ ਵੀ ਇਹੋ ਜਿਹਾ ਕਾਰਨਾਮਾ ਆਪਣੀ ਜ਼ਿੰਦਗੀ ਵਿੱਚ ਨਹੀਂ ਕੀਤਾ ਹੋਣਾ। ਇਹ ਕਿਹੜੀ ਕੋਈ ਵੱਡੀ ਗੱਲ ਏ, ਖੰਭੇ ਉੱਤੇ ਖੜੇ ਰਹਿਣਾ ? ਕਿਉਂ, ਮੈਂ ਠੀਕ ਕਿਹੈ? ਕਿ ਨਹੀਂ ? ਪਰ ਤੂੰ, ਬਰਖੁਰਦਾਰ, ਸੁਣ ਮੇਰੀ ਗੱਲ!.."
ਬੁੱਢਾ ਝੁਕ ਕੇ ਦੇਗਤੀਆਰੈਨਕੋ ਦੇ ਕੰਨ ਕੋਲ ਹੋਇਆ, ਆਪਣੀ ਨਰਮ, ਖਿਲਰੀ ਦਾਹੜੀ ਨਾਲ ਉਸਨੂੰ ਜਲੂਣ ਕਰਦਾ ਹੋਇਆ ਲਗਭਗ ਕਾਨਾਫੂਸੀ ਦੇ ਅੰਦਾਜ਼ ਵਿੱਚ ਬੋਲਿਆ:
"ਤਾਂ ਵੀ, ਮੈਨੂੰ ਆਸ ਹੈ ਕਿ ਇਹ ਮਰਨ ਨਹੀਂ ਲੱਗਾ, ਹੈ? ਤੇਰਾ ਕੀ ਖਿਆਲ ਹੈ ? ਜਰਮਨਾਂ ਤੋਂ ਤਾਂ ਇਹ ਬਚ ਨਿਕਲਿਐ, ਪਰ ਉਸ ਦਾਤਰੀ ਵਾਲੇ ਜਮਦੂਤ ਤੋਂ ਉਹ ਬਚ ਸਕਦੈਂ ? ਨਿਰੀ ਹੱਡੀਆਂ ਦੀ ਮੁੱਠ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਇਹ ਰੀਂਗਦਾ ਕਿਵੇਂ ਰਿਹੈ। ਉਹ ਜ਼ਰੂਰ ਆਪਣੇ ਲੋਕਾਂ ਤੱਕ ਪੁੱਜਣ ਦੀ ਬੁਰੀ ਤਰ੍ਹਾਂ ਇੱਛਾ ਰੱਖਦਾ ਹੋਵੇਗਾ, ਹੈਂ? ਜਦੋਂ ਉਹ ਬੇਹੋਸ਼ ਹੁੰਦਾ ਸੀ ਤਾਂ ਸਾਰਾ ਸਮਾਂ ਕਹਿੰਦਾ ਰਹਿੰਦਾ ਸੀ: 'ਹਵਾਈ ਅੱਡਾ, 'ਹਵਾਈ