

ਨਾਲ ਉਛਲ ਰਿਹਾ ਫੇਦਕਾ ਸਭ ਤੋਂ ਅੱਗੇ ਸਨ । ਇੱਕ ਪੁਰਾਣੇ ਦੋਸਤ ਵਜੋਂ, ਜਿਸਨੇ ਪਾਇਲਟ ਨੂੰ ਜੰਗਲ ਵਿਚ ਲੱਭਾ ਸੀ, ਸੇਰਿਓਨਕਾ ਇਸ ਗੱਲ ਨੂੰ ਆਪਣਾ ਹੱਕ ਸਮਝਦਾ ਹੋਇਆ, ਗੰਭੀਰਤਾ ਨਾਲ ਸਟਰੈਚਰ ਦੇ ਅੱਗੇ ਅੱਗੇ ਜਾ ਰਿਹਾ ਸੀ, ਬੜਾ ਜ਼ੋਰ ਲਾ ਕੇ ਆਪਣੇ ਪੈਰਾਂ ਨੂੰ, ਜਿਨ੍ਹਾਂ ਉੱਤੇ ਉਸਦੇ ਮਰਹੂਮ ਪਿਉ ਵੱਲੋਂ ਛੱਡੇ ਗਏ ਵੱਡੇ ਵੱਡੇ ਨਮਦੇ ਦੇ ਬੂਟ ਚੜ੍ਹੇ ਹੋਏ ਸਨ, ਬਰਫ਼ ਵਿੱਚੋਂ ਕੱਢ ਰਿਹਾ ਸੀ, ਤੇ ਦੂਜੇ ਚਿੱਟੇ ਦੰਦਾਂ ਵਾਲੇ, ਮੈਲੇ ਮੂੰਹਾਂ ਵਾਲੇ, ਬੇਹੱਦ ਪਾਟੇ ਕੱਪੜਿਆਂ ਵਾਲੇ ਮੁੰਡਿਆਂ ਦੀ ਕਰੜਾਈ ਨਾਲ ਡਾਂਟ-ਡਪਟ ਕਰ ਰਿਹਾ ਸੀ। ਦੇਗਤੀਆਰੈਨਕ ਤੇ ਬਾਬਾ ਕਦਮ ਮਿਲਾ ਕੇ ਚਲਦੇ ਹੋਏ ਸਟਰੈਚਰ ਲਿਜਾ ਰਹੇ ਸਨ, ਜਦ ਕਿ ਲੇਨਚਕਾ ਪਾਸੇ ਵੱਲ ਅਣਮਧੋਲੀ ਬਰਫ਼ ਉਪਰ ਚੱਲ ਰਹੀ ਸੀ, ਕਦੀ ਅਲੈਕਸੇਈ ਦੇ ਕੰਬਲਾਂ ਨੂੰ ਠੀਕ ਠਾਕ ਕਰਦੀ, ਤੇ ਕਦੀ ਆਪਣਾ ਸਕਾਰਫ ਉਸਦੇ ਸਿਰ ਦੁਆਲੇ ਬੰਨ੍ਹਦੀ। ਮਗਰ ਮਗਰ ਔਰਤਾਂ, ਕੁੜੀਆਂ, ਤੇ ਬੁੱਢੀਆਂ ਆ ਰਹੀਆਂ ਸਨ; ਸਭ ਤੁਰਦੀਆਂ ਤੁਰਦੀਆਂ ਗੱਲਾਂ ਵੀ ਮਾਰੀ ਜਾ ਰਹੀਆਂ ਸਨ।
ਪਹਿਲਾਂ ਪਹਿਲਾਂ ਤਾਂ ਬਰਫ਼ ਦੀ ਪਰਤਾਈ ਤੇਜ਼ ਰੋਸ਼ਨੀ ਨੇ ਅਲੈਕਸੇਈ ਨੂੰ ਚੁੰਧਿਆ ਦਿੱਤਾ। ਸੋਹਣਾ ਬਸੰਤ ਦਾ ਦਿਨ ਉਸਦੀਆਂ ਅੱਖਾਂ ਵਿੱਚ ਇੰਝ ਜ਼ੋਰ ਦੀ ਵੱਜਾ ਕਿ ਉਸਨੂੰ ਅਪਣੀਆਂ ਅੱਖਾਂ ਬੰਦ ਕਰਨੀਆਂ ਪਈਆਂ, ਤੇ ਉਹ ਲਗਭਗ ਬੇਹੋਸ਼ ਹੋ ਗਿਆ । ਪਲਕਾਂ ਨੂੰ ਜ਼ਰਾ ਜ਼ਰਾ ਚੁਕਦਿਆਂ ਉਸਨੇ ਆਪਣੀਆਂ ਅੱਖਾਂ ਨੂੰ ਚਾਨਣ ਦੀਆਂ ਆਦੀ ਹੋਣ ਦਿੱਤਾ ਤੇ ਫਿਰ ਚੁਫੇਰੇ ਨਜ਼ਰ ਮਾਰੀ । ਇਕ ਲੁਕੇ ਹੋਏ ਪਿੰਡ ਦੀ ਤਸਵੀਰ ਉਸਦੀਆਂ ਅੱਖਾਂ ਸਾਹਮਣੇ ਸੀ ।
ਜਿਧਰ ਵੀ ਤੁਹਾਡੀ ਨਜ਼ਰ ਪੈਂਦੀ ਸੀ, ਪੁਰਾਣਾ ਜੰਗਲ ਕੰਧ ਬਣਾਈ ਖੜ੍ਹਾ ਸੀ । ਉੱਪਰ ਦਰਖਤਾਂ ਦੀਆਂ ਟੀਸੀਆਂ ਲਗਭਗ ਮਿਲੀਆ ਹੋਈਆਂ ਸਨ ਤੇ ਹੇਠਾਂ ਜ਼ਮੀਨ ਨੂੰ ਅਰਧ ਹਨੇਰੇ ਵਿੱਚ ਸੁੱਟ ਰਹੀਆਂ ਸਨ । ਇਹ ਮਿਲਿਆ-ਜੁਲਿਆ ਜੰਗਲ ਸੀ। ਅਜੇ ਤੱਕ ਸੱਖਣੇ ਬਰਚੇ ਦੇ ਦਰਖਤਾਂ ਦੇ ਤਣੇ, ਜਿਨ੍ਹਾਂ ਦੀਆਂ ਟੀਸੀਆਂ ਹਵਾ ਵਿੱਚ ਜੰਮੇ ਹੋਏ ਧੁੰਏਂ ਵਾਂਗ ਲੱਗਦੀਆਂ ਸਨ, ਦਿਆਰ ਦੇ ਦਰਖਤਾਂ ਦੇ ਸੁਨਹਿਰੀ ਤਣਿਆਂ ਦੇ ਨਾਲ ਨਾਲ ਖੜ੍ਹੇ ਸਨ, ਤੇ ਉਹਨਾਂ ਦੇ ਵਿੱਚ ਵਿੱਚ ਕਿਤੇ ਕਿਤੇ ਫਰ ਦੇ ਦਰਖਤਾਂ ਦੀਆਂ ਕਾਲੀਆਂ, ਨੋਕਦਾਰ ਟੀਸੀਆਂ ਦਿਖਾਈ ਦੇਂਦੀਆਂ ਸਨ।
ਦਰਖਤਾਂ ਦੇ ਹੇਠਾਂ ਐਸੀ ਥਾਂ, ਜਿਥੇ ਚੱਲਦੇ ਸੈਂਕੜੇ ਪੈਰਾਂ ਨੇ ਬਰਫ਼ ਮਧੋਲ ਦਿੱਤੀ ਹੋਈ ਸੀ, ਭੋਰੇ ਸਨ। ਇਹ ਦਰਖਤ ਉਹਨਾਂ ਨੂੰ ਧਰਤੀ ਤੋਂ ਵੀ ਤੇ ਅਕਾਸ਼ ਤੋਂ ਵੀ ਦੁਸ਼ਮਣ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਦੇ ਸਨ। ਸੌ ਸੌ ਸਾਲ ਪੁਰਾਣੇ ਫਰ ਦੇ ਦਰਖਤਾਂ ਦੀਆਂ ਟਾਹਣੀਆਂ ਉੱਤੇ ਬਾਲਾਂ ਦੇ ਪੋਤੜੇ ਸੁੱਕਣੇ ਪਏ ਹੋਏ ਸਨ, ਭਾਂਡਿਆਂ ਤੇ ਘੜਿਆਂ ਨੂੰ ਦਿਆਰਾਂ ਦੀਆਂ ਮੁੱਢੀਆਂ ਉੱਤੇ ਰੱਖ ਕੇ ਹਵਾ ਲਵਾਈ ਜਾ ਰਹੀ ਸੀ, ਤੇ ਫਰ ਦੇ ਇੱਕ, ਪੁਰਾਣੇ ਦਰਖਤ ਹੇਠ ਜਿਸਦੇ ਤਣੇ ਨਾਲੋਂ ਤੁਰੀ ਕਾਈ ਦੀ ਦਾਹੜੀ ਲਟਕ ਰਹੀ ਸੀ, ਇਸਦੀਆਂ ਰੰਗਦਾਰ ਜੜ੍ਹਾਂ ਵਿਚਕਾਰ, ਸਾਰੇ ਨਿਯਮਾਂ ਦੇ ਮੁਤਾਬਕ, ਸ਼ਿਕਾਰ ਕੀਤਾ ਜਾਨਵਰ ਪਿਆ ਹੋਣਾ ਚਾਹੀਦਾ ਸੀ, ਇਕ ਗੰਦੀ ਹੋਈ ਹੋਈ ਟਾਕੀਆਂ ਤੋਂ ਬਣੀ ਗੁੱਡੀ ਪਈ ਸੀ, ਜਿਸ ਦਾ ਚਪਟਾ, ਮਾਸੂਮ