ਚਲਦੀ ਰਹੀ ਸੀ ਤੇ ਇਸ ਸੰਘਣੇ ਪੱਛਮੀ ਜੰਗਲ ਤੱਕ ਵੀ ਪੁੱਜ ਗਈ ਸੀ, ਜਿੱਥੇ ਪਹਿਲਾਂ ਸਿਰਫ਼ ਜੰਗਲ ਦੇ ਦਰੋਗੇ ਤੇ ਸ਼ਿਕਾਰੀ ਹੀ ਆਉਂਦੇ ਹੁੰਦੇ ਸਨ, ਤੇ ਉਹ ਵੀ ਕਦੀ ਕਦਾਈਂ। ਪਤਝੜ ਵਿੱਚ ਹੀ ਨੇੜੇ ਹੀ ਜੰਗ ਦੀ ਗਰਜ ਨੇ ਰਿੱਛ ਨੂੰ ਐਸੇ ਸਮੇਂ ਆਪਣੇ ਘੋਰਨੇ ਵਿੱਚੋਂ ਕੱਢ ਦਿੱਤਾ ਸੀ, ਜਦੋਂ ਇਹ ਆਪਣੀ ਸਿਆਲ ਦੀ ਨੀਂਦ ਦੀਆਂ ਤਿਆਰੀਆਂ ਕਰ ਰਿਹਾ ਸੀ, ਤੇ ਹੁਣ ਭੁੱਖ ਨਾਲ ਗੁੱਸੇ ਵਿੱਚ ਆਇਆ, ਇਹ ਜੰਗਲ ਦੇ ਚੱਕਰ ਕੱਟ ਰਿਹਾ ਸੀ ਤੇ ਬਿਲਕੁਲ ਅਰਾਮ ਨਹੀਂ ਸੀ ਕਰਦਾ।
ਰਿੱਛ ਮੈਦਾਨ ਦੇ ਕੰਢੇ ਉਸੇ ਥਾਂ ਆ ਕੇ ਰੁਕ ਗਿਆ, ਜਿਥੇ ਹੁਣੇ ਹੁਣੇ ਰੋਝ ਖੜ੍ਹਾ ਸੀ। ਇਸ ਨੇ ਰੋਝ ਦੀਆਂ ਵੱਡੀਆਂ ਸੱਜਰੀਆਂ, ਸੁਆਦੀ ਵਾਸ਼ਨਾ ਵਾਲੀਆਂ ਪੈੜਾਂ ਨੂੰ ਸੁੰਘਿਆ, ਜ਼ੋਰ ਜ਼ੋਰ ਦੀ ਤੇ ਹਾਬੜਿਆ ਹੋਇਆ ਸਾਹ ਲੈਣ ਲੱਗ ਪਿਆ, ਆਪਣੀਆਂ ਪਤਲੀਆਂ ਪਤਲੀਆਂ ਵੱਖੀਆਂ ਨੂੰ ਮਰੋੜਨ ਲੱਗਾ ਤੇ ਸੁਨਣ ਲੱਗ ਪਿਆ। ਰੋਝ ਜਾ ਚੁੱਕਾ ਸੀ, ਪਰ ਜਿੱਥੇ ਇਹ ਖੜ੍ਹਾ ਸੀ, ਉਸਦੇ ਨੇੜੇ ਰਿੱਛ ਨੂੰ ਐਸੀਆਂ ਅਵਾਜ਼ਾਂ ਸੁਣਾਈ ਦਿੱਤੀਆਂ ਜਿਹੜੀਆਂ ਕੋਈ ਜਿਉਂਦਾ-ਜਾਗਦਾ ਤੇ ਸ਼ਾਇਦ ਕਮਜ਼ੋਰ ਜੀਵ ਪੈਦਾ ਕਰਦਾ ਲੱਗਦਾ ਸੀ। ਰਿੱਛ ਦੇ ਰੁੱਖੇ ਲੂੰ ਖੜੇ ਹੋ ਗਏ। ਇਸਨੇ ਆਪਣੀ ਥੂਥਣੀ ਅੱਗੇ ਨੂੰ ਕੀਤੀ। ਤੇ ਫਿਰ ਮੈਦਾਨ ਦੇ ਕਿਨਾਰੇ ਵੱਲੋਂ ਕਰੁਣਾਮਣੀ ਅਵਾਜ਼ ਆਉਣ ਲੱਗੀ ਜਿਹੜੀ ਮਸਾਂ ਹੀ ਸੁਣਾਈ ਦੇਂਦੀ ਸੀ।
ਹੌਲੀ ਹੌਲੀ, ਆਪਣੇ ਨਰਮ ਪੰਜਿਆਂ ਭਾਰ ਚਲਦਾ, ਜਿੰਨ੍ਹਾਂ ਹੇਠਾਂ ਸਖ਼ਤ, ਖੁਸ਼ਕ ਬਰਫ਼ ਕਰਚ ਕਰਚ ਕਰਨ ਲੱਗ ਪਈ ਸੀ, ਰਿੱਛ ਬੇਹਰਕਤ ਪਏ ਮਨੁੱਖੀ ਅਕਾਰ ਵੱਲ ਤੁਰ ਪਿਆ, ਜਿਹੜਾ ਬਰਫ਼ ਵਿੱਚ ਅੱਧ ਦੱਬਿਆ ਪਿਆ ਸੀ।
2
ਪਾਇਲਟ ਅਲੈਕਸੇਈ ਮਰੇਸੇਯੇਵ ਦੂਹਰੀ "ਕੈਂਚੀ" ਵਿੱਚ ਫਸ ਗਿਆ ਸੀ । ਹਵਾਈ ਲੜਾਈ ਵਿੱਚ ਇਹ ਭੈੜੀ ਤੋਂ ਭੈੜੀ ਚੀਜ਼ ਹੈ ਜਿਹੜੀ ਕਿਸੇ ਨਾਲ ਵਾਪਰ ਸਕਦੀ ਹੈ। ਉਸਦਾ ਸਾਰਾ ਅਸਲਾ ਖ਼ਤਮ ਹੋ ਚੁੱਕਾ ਸੀ ਜਦੋਂ ਜਰਮਨ ਹਵਾਈ ਜਹਾਜ਼ਾਂ ਨੇ ਉਸਨੂੰ ਘੇਰ ਲਿਆ ਤੇ ਬਚ ਨਿਕਲਣ ਜਾਂ ਆਪਣਾ ਰਾਹ ਬਦਲਣ ਦਾ ਕੋਈ ਵੀ ਮੌਕਾ ਦਿੱਤੇ ਬਿਨਾਂ ਉਸਨੂੰ ਆਪਣੇ ਅੱਡੇ ਵੱਲ ਲਿਜਾਣ ਲਈ ਮਜ਼ਬੂਰ ਕਰਨ ਦੀ ਕੋਸ਼ਿਸ਼ ਕਰਨ ਲੱਗੇ।
ਇਹ ਇੰਝ ਵਾਪਰਿਆ। ਲੈਫ਼ਟੀਨੈਂਟ ਮਰੇਸੇਯੇਵ ਦੀ ਕਮਾਨ ਹੇਠ ਲੜਾਕਾ ਹਵਾਈ ਜਹਾਜ਼ਾਂ ਦਾ ਇੱਕ ਦਸਤਾ "ਇਲ" ਹਵਾਈ ਜਹਾਜ਼ਾਂ ਦੇ ਰਖਵਾਲੇ ਦਸਤੇ ਵੱਜੋਂ ਗਿਆ। ਇਹਨਾਂ "ਇਲ" ਹਵਾਈ ਜਹਾਜ਼ਾਂ ਨੇ ਦੁਸ਼ਮਣ ਦੇ ਹਵਾਈ ਅੱਡੇ ਉੱਤੇ ਹਮਲਾ ਕਰਨਾ ਸੀ। ਇਹ ਦਲੇਰ ਕਾਰਵਾਈ ਸਫ਼ਲ ਰਹੀ। ਸਤੋਰਮੇਵਿਕ, ਜਿਨ੍ਹਾਂ ਨੂੰ ਕਿ ਪੈਦਲ ਫ਼ੌਜ ਵਿੱਚ "ਉਡਣੇ ਟੈਂਕ" ਕਿਹਾ ਜਾਂਦਾ ਸੀ, ਦਿਆਰ ਦੇ ਦਰਖਤਾਂ ਦੀਆਂ ਟੀਸੀਆਂ ਨੂੰ ਲਗਭਗ ਛੁੰਹਦੇ ਹੋਏ, ਚੁਪ-ਚੁਪ ਬਿਲਕੁਲ ਹਵਾਈ ਅੱਡੇ ਤੱਕ ਚਲੇ ਗਏ, ਜਿੱਥੇ ਕਿੰਨੇ ਸਾਰੇ ਵੱਡੇ ਟਰਾਂਸਪੋਰਟ ਜੁੰਕਰ ਕਤਾਰਾਂ ਵਿੱਚ ਖੜੇ ਸਨ। ਇੱਕਦਮ ਸਲੇਟੀ ਨੀਲੇ ਦਿਆਰਾਂ ਦੇ ਜੰਗਲ ਦੇ ਪਿੱਛੋਂ ਟੁੱਭੀ ਲਾਉਂਦਿਆਂ, ਉਹ ਗਰਜਦੇ ਹੋਏ ਅੱਡੇ ਦੇ ਉੱਪਰ ਟੁੱਟ ਪਏ, ਆਪਣੀਆਂ ਮਸ਼ੀਨ-ਗੰਨਾਂ ਤੇ