16. ਉੱਠ ਗ਼ਰੀਬਾ ਭੰਗੜਾ ਪਾ
ਉੱਠ ਗ਼ਰੀਬਾ ਭੰਗੜਾ ਪਾ ।
ਭੁੱਖਾ ਅਪਣਾ ਢਿੱਡ ਵਜਾ ।
ਜਸ਼ਨੇ ਪਾਕਿਸਤਾਨ ਮਨਾ ।
ਉੱਠ ਗ਼ਰੀਬਾ ਭੰਗੜਾ ਪਾ ।
ਝੰਡਾ ਇਹਦਾ ਫੜਕੇ ਰੱਖ,
ਨੀਵੀਂ ਅਪਣੀ ਕਰ ਕੇ ਅੱਖ,
ਕੱਠੇ ਕਰ ਕੇ ਸਾਡੇ ਕੱਖ,
ਅਪਣਾ ਠੰਢਾ ਚੁੱਲ੍ਹਾ ਤਾਅ ।
ਵਿੱਚ ਅਮਰੀਕਾ ਸਾਡਾ ਨਾਂ,
ਜਦ ਤੱਕ ਸਿਰ ਤੇ ਓਹਦੀ ਛਾਂ,
ਕੱਟਾ ਚੋਈਏ ਭਾਵੇਂ ਗਾਂ,
ਅਹਿ ਲੈ ਝੰਡੀ ਨੱਠਾ ਜਾਹ,
ਅਪਣੇ ਬਾਲਾਂ ਨੂੰ ਪਰਚਾ ।
ਤੈਨੂੰ ਧਰਤੀ ਸੋਹਣੀ ਲੱਗੇ,
ਸ਼ਾਵਾ ਸ਼ਾਵਾ ਅੰਨ੍ਹੇ ਢੱਗੇ,
ਤਾਂਹੀਉਂ ਤੈਨੂੰ ਕਰਦੇ ਅੱਗੇ,
ਡਾਂਗਾਂ ਸੋਟੇ ਗੋਲੀ ਖਾਹ ।
ਵਿੱਚ ਸ਼ਰੀਕਾਂ ਨਾਂ ਚਮਕਾ ।
ਵੱਲ ਅਸਮਾਨਾਂ ਤੂੰ ਨਾ ਵੇਖ,
ਸਾਡੇ ਹੱਥੀਂ ਤੇਰੇ ਲੇਖ,
ਭੁੱਖਾ ਸਾਡੇ ਹੱਥਾਂ ਵੱਲੇ ਵੇਖ,
ਜਿੰਨਾਂ ਦੇਈਏ ਓਨਾ ਖਾਹ ।
ਇਸ ਧਰਤੀ ਦੇ ਅਸੀਂ ਖ਼ੁਦਾ ।
ਅਸਲੀ ਪਾਕਿਸਤਾਨ ਅਸੀਂ,
ਤਾਂਹੀਉਂ ਤੇ ਪਰਧਾਨ ਅਸੀਂ,
ਧਰਤੀ ਵੀ ਅਸਮਾਨ ਅਸੀਂ,
ਸਾਡੇ ਪੈਰਾਂ ਹੇਠਾਂ ਲਾਅ ।
ਸਾਡੇ ਬਹਿਕੇ ਪੈਰ ਦਬਾ ।