ਇਕੋ ਤੇ ਨਹੀਂ ਰਹਿਣੀ ਰੁੱਤ,
ਇਕ ਦਿਹਾੜੇ ਟੁਟਣੇ ਬੁੱਤ,
ਇਸ ਧਰਤੀ ਦਾ ਤੂੰ ਏਂ ਪੁੱਤ,
ਸੁੱਤਾ ਤੇਰਾ ਅਜੇ ਖ਼ੁਦਾ,
ਔਕੜ ਕੋਲੋਂ ਨਾ ਘਬਰਾ ।
ਢਿੱਡੋਂ ਭਾਵੇਂ ਭੁੱਖਾ ਰਹੁ,
ਧੁੱਪੇ ਭਾਵੇਂ ਛਾਵੇਂ ਬਹੁ,
ਜੀਵੇ ਜੀਵੇ ਧਰਤੀ ਕਹੁ,
ਦੁੱਧ ਗ਼ਜ਼ਾ ਤੇ ਮਿੱਟੀ ਪਾ,
ਸੱਧਰਾਂ ਧਰਤੀ ਲਈ ਦਫ਼ਨਾ ।
ਵਿੱਚ ਹਵਾਵਾਂ ਫਿਰਦੀ 'ਵਾਜ਼,
ਆਵਣ ਵਾਲਾ ਤੇਰ ਰਾਜ,
ਤੇਰੇ ਹੱਥੀਂ ਇਹਦੀ ਲਾਜ,
ਅਪਣੇ ਸੁੱਤੇ ਲੇਖ ਜਗਾ ।
ਕੱਸ ਲੰਗੋਟਾ ਫੜ ਲੈ ਡਾਂਗ,
ਕਿਉਂ ਨਹੀਂ ਦੇਂਦਾ ਅਪਣੀ ਬਾਂਗ,
ਜੀਣਾ ਲਾਹਨਤ ਬੁਜ਼ਦਿਲ ਵਾਂਗ,
ਤੂੰ ਵੀ ਅਪਣਾ ਘੁੰਡ ਹਟਾ ।
ਅਮਰੀਕਾ ਦੇ ਯਾਰਾਂ ਕੋਲ,
ਧਰਤੀ ਦੇ ਗ਼ੱਦਾਰਾਂ ਕੋਲ,
ਜ਼ਾਲਮ ਤੇ ਮੱਕਾਰਾਂ ਕੋਲ,
ਲੋਟੇ ਤੇ ਬਦਕਾਰਾਂ ਕੋਲ,
ਤੇਰਾ ਪਾਕਿਸਤਾਨ ਗਿਆ,
ਆਪਣਾ ਪਾਕਿਸਤਾਨ ਬਚਾ ।
ਉੱਠ ਗ਼ਰੀਬਾ ਭੰਗੜਾ ਪਾ ।
ਭੁੱਖਾ ਅਪਣਾ ਢਿੱਡ ਵਜਾ ।