17. ਬੇ-ਹਿੰਮਤੇ ਨੇ ਜਿਹੜੇ ਬਹਿ ਕੇ
ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ।
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ।
ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਅਪਣੇ ਸਫ਼ਰਾਂ ਦਾ ।
18. ਅੱਖਾਂ ਬੱਧੇ ਢੱਗੇ ਵਾਂਗੂੰ
ਅੱਖਾਂ ਬੱਧੇ ਢੱਗੇ ਵਾਂਗੂੰ ਗੇੜਾਂ ਮੈਂ ਤੇ ਖੂਹ ਬਾਬਾ ।
ਮਾਲਕ ਜਾਣੇ ਖੂਹ ਦਾ ਪਾਣੀ ਜਾਵੇ ਕਿਹੜੀ ਜੂਹ ਬਾਬਾ ।
ਰੱਬ ਜਾਣੇ ਕੱਲ੍ਹ ਕੇਹੜਾ ਦਿਨ ਸੀ ਲੋਕਾਂ ਦੀਵੇ ਬਾਲੇ ਸਨ,
ਮੈਂ ਵੀ ਨਾਲ ਸ਼ਰੀਕਾਂ ਰਲਿਆ ਅਪਣੀ ਕੁੱਲੀ ਲੂਹ ਬਾਬਾ ।
19. ਉਹਦੇ ਕੋਲੋਂ ਚਾਰ ਦਿਹਾੜੇ ਲੱਭੇ ਸਨ
ਉਹਦੇ ਕੋਲੋਂ ਚਾਰ ਦਿਹਾੜੇ ਲੱਭੇ ਸਨ,
ਸਦੀਆਂ ਜਿੱਡੇ ਰੌਲੇ ਪੱਲੇ ਪੈ ਗਏ ਨੇ ।
ਫ਼ਜਰੇ ਲੈਣ ਚੜ੍ਹੇ ਸਾਂ ਆਟਾ ਬਾਲਾਂ ਲਈ,
ਪਰਤੇ ਆਂ ਤੇ ਧੌਲੇ ਪੱਲੇ ਪੈ ਗਏ ਨੇ ।
20. ਸਵਾਲ
ਇੱਕੋ ਤੇਰਾ ਮੇਰਾ ਪਿਉ,
ਇੱਕੋ ਤੇਰੀ ਮੇਰੀ ਮਾਂ ।
ਇਕੋ ਸਾਡੀ ਜੰਮਣ ਭੌਂ,
ਤੂੰ ਸਰਦਾਰ ਮੈਂ ਕੰਮੀਂ ਕਿਉਂ ?
21. ਹੋਕਾ
ਉੱਠ ਕਬਰ 'ਚੋਂ 'ਵਾਰਿਸ' 'ਬੁੱਲਿਆ'
ਮੀਆਂ ਮੁਹੰਮਦਾ, ਜਾਗ ਫਰੀਦਾ,
ਅੱਪੜ ਬਾਹੂ, ਬਹੁੜ- ਹੁਸੈਨਾ,
ਲਹਿਜਿਆਂ ਦੇ ਫੜ ਹੱਥੀਂ ਟੋਕੇ
ਥਾਉਂ ਥਾਈਂ ਉੱਠ ਖਲੋਤੇ