(ਸੀਦੇ ਸ਼ਾਹ ਕਦੀ ਪਾਕਿਸਤਾਨ ਦਾ ਵਿਦਿਆ ਮੰਤਰੀ
ਹੁੰਦਾ ਸੀ। ਉਸ ਨੇ ਪੰਜਾਬੀ ਭਾਸ਼ਾ ਬਾਰੇ ਕੁਝ ਮੰਦੇ
ਲਫ਼ਜ਼ ਬੋਲੇ ਸਨ। ਬਾਬਾ ਨਜ਼ਮੀ ਨੂੰ ਆਪਣੀ ਸੰਵੇਦਨਾ
ਹਿਤ ਜੇਲ ਦੀ ਹਵਾ ਵੀ ਖਾਣੀ ਪਈ ਸੀ)
23. ਇੰਝ ਭਰੇ ਨੇ ਬਕਸੇ ਕੁੰਡੇ ਵੱਜਦੇ ਨਈਂ
ਇੰਝ ਭਰੇ ਨੇ ਬਕਸੇ ਕੁੰਡੇ ਵੱਜਦੇ ਨਈਂ।
ਫ਼ਿਰ ਵੀ ਸ਼ਹਿਰ ਦੇ ਲੋਕੀਂ ਸਿਰ ਨੂੰ ਕੱਜਦੇ ਨਈਂ।
ਲਿੱਬੜੇ ਵੀ ਕਈ ਚਿਹਰੇ ਚੰਗੇ ਲੱਗਦੇ ਨੇ।
ਕਈਆਂ ਨੂੰ ਲਿਸ਼ਕਾਈਏ, ਫ਼ਿਰ ਵੀ ਸੱਜਦੇ ਨਈਂ।
ਸੁਣ ਸਿਰਨਾਵਾਂ ਤੂੰ ਪੰਜਾਬ ਕਹਾਣੀ ਦਾ।
ਵਿੱਚ ਮੈਦਾਨੇ ਮਰ ਜਾਨੇ ਆਂ, ਭੱਜਦੇ ਨਈਂ।
ਹੱਕ ਨਾ ਮੰਗੋ ਗ਼ਾਸਿਬ1 ਕੋਲੋਂ ਨਰਮੀ ਨਾਲ।
ਫੁੱਲਾਂ ਨਾਲ ਕਦੀ ਵੀ ਪੱਥਰ ਭੱਜਦੇ ਨਈਂ।
ਖੌਰੇ ਕਿਹੜੀ ਚੱਸ ਏ ਉਹਦੇ ਅੱਖਰਾਂ ਵਿੱਚ।
ਸਦੀਆਂ ਬਹਿ ਦੁਹਰਾਈਏ ਤਾਂ ਵੀ ਰੱਜਦੇ ਨਈਂ।
ਪਲਦਾ ਪਿਆ ਵਾਂ ਮੈਂ ਸਦੀਆਂ ਤੋਂ ਇਹਨਾਂ ਹੇਠ।
ਇਹ ਜ਼ੁਲਮਾਂ ਦੇ ਬੱਦਲ ਸਿਰ 'ਤੇ ਅੱਜ ਦੇ ਨਈਂ।
1. ਧੱਕੇ ਨਾਲ ਹੱਕ ਖੋਹਣ ਵਾਲਾ
24. ਝੱਖੜਾਂ ਅੱਗੇ ਤਾਹਿਓਂ ਅੜਿਆ ਹੋਇਆ ਵਾਂ
ਝੱਖੜਾਂ ਅੱਗੇ ਤਾਹਿਓਂ ਅੜਿਆ ਹੋਇਆ ਵਾਂ ।
ਲੋਕਾਂ ਨਾਲੋਂ ਵੱਖ ਨਾ ਖੜਿਆ ਹੋਇਆ ਵਾਂ ।
ਅੱਜ ਵੀ ਜਿਹੜੇ ਕਹਿਣ ਕਸੀਦੇ ਹਾਕਮ ਦੇ,
ਉਨ੍ਹਾਂ ਸ਼ਾਇਰਾਂ ਕੋਲੋਂ ਸੜਿਆ ਹੋਇਆ ਵਾਂ ।
ਜਿਹੜੇ ਨਾਲ ਟੁਰੇ ਸਨ, ਕਿਧਰ ਟੁਰ ਗਏ ਨੇ,
ਵਖਤਾਂ ਨੂੰ ਮੈਂ 'ਕੱਲਾ' ਫੜਿਆ ਹੋਇਆ ਵਾਂ ।