ਇਕ ਦੂਜੇ ਦੀਆਂ ਲਾਸ਼ਾਂ ਉੱਤੇ ਭੁੜਕਣ ਲੋਕ,
ਰੱਬਾ! ਕਿਹੜੀ ਨਗਰੀ ਵੜਿਆ ਹੋਇਆ ਵਾਂ ।
ਨਿੰਦਿਆ ਕਿੰਝ ਕਰਾਂ ਨਾ ਕਾਣੀਆਂ ਵੰਡਾਂ ਦੀ,
ਬੁੱਲ੍ਹੇ ਦੇ ਮਦਰੱਸੇ ਪੜ੍ਹਿਆ ਹੋਇਆ ਵਾਂ ।
ਤੱਕੜੀ ਫੜ ਕੇ ਜੋ ਵੀ ਡੰਡੀ ਮਾਰੇਗਾ,
ਸਮਝੋ ਉਹਦੇ ਨਾਲ ਮੈਂ ਲੜਿਆ ਹੋਇਆ ਵਾਂ ।
25. ਧੀਆਂ
ਜਣੇ ਖਣੇ ਦਾ ਆਹਜੀ ਹੋਇਆ ਧੀਆਂ ਲਈ
ਧੀਆਂ ਕੋਲੋਂ ਲੁਕ ਲੁਕ ਰੋਇਆ ਧੀਆਂ ਲਈ
ਉੱਚਾ ਕਦ ਸੀ ਆਪਣੀ ਜੂਹ ਦੇ ਲੋਕਾਂ ਤੋਂ
ਦਾਜ ਬਣਾਉਂਦਾ ਕੁੱਬਾ ਹੋਇਆ ਧੀਆਂ ਲਈ
ਫ਼ਜ਼ਰ ਤੋਂ ਲੈ ਕੇ ਸ਼ਾਮਾਂ ਤੀਕਰ ਸੜਕਾਂ ਤੇ
ਲੂੰ ਲੂੰ ਮੁੜ੍ਹਕੇ ਵਿੱਚ ਡਬੋਇਆ ਧੀਆਂ ਲਈ
ਵਿੱਚ ਧੀਆਂ ਦੇ ਬਹਿਕੇ ਇਹ ਮੈਂ ਖੋਲ੍ਹਾਂਗਾ
ਜੋ ਮੈਂ ਪਰਨੇ ਵਿੱਚ ਲਕੋਇਆ ਧੀਆਂ ਲਈ
ਮੇਰੀ ਅੱਜ ਦਿਹਾੜੀ ਚੰਗੀ ਲੱਗੀ ਜੇ
ਅੱਜ ਲਵਾਂਗਾ ਮਿੱਠਾ ਖੋਇਆ ਧੀਆਂ ਲਈ
ਵਿੱਚ ਹਵਾਵਾਂ ਹੂਕਾਂ ਕੂਕਾਂ ਚੀਕਾਂ ਨੇ
ਫਿਰ ਕੋਈ ਮੇਰੇ ਵਰਗਾ ਮੋਇਆ ਧੀਆਂ ਲਈ
ਸਦੀਆਂ ਹੋਈਆਂ ਹੁਣ ਤੱਕ ਲੱਭਦਾ ਫਿਰਨਾ ਵਾਂ
ਹੈ ਕੋਈ ਬਾਬਲ ਜੋ ਨਹੀਂ ਰੋਇਆ ਧੀਆਂ ਲਈ
ਹੋਰ ਕਿਸੇ ਵੀ ਹੱਟੀ ਉੱਤੋਂ ਲੱਭਣਾ ਨਹੀਂ
ਇਹ ਮੈਂ ਜਿਹੜਾ ਹਾਰ ਪਰੋਇਆ ਧੀਆਂ ਲਈ