ਲੋਕੀ ਤੇਲ ਨੇ ਚੋਂਦੇ ਬਾਬਾ ਸ਼ਗਨਾਂ ਤੇ
ਮਜ਼ਦੂਰਾਂ ਨੇ ਮੁੜ੍ਹਕਾ ਚੋਇਆ ਧੀਆਂ ਲਈਂ
26. ਚੰਗਿਆੜੇ
ਆਕੜ ਸੱਤ ਅਸਮਾਨਾਂ ਜਿੱਡੀ ਪੱਲੇ ਚਾਰ ਦਿਹਾੜੇ
ਕਦ ਤੱਕ ਜੀਣਗੇ ਬਾਬਾ ਨਜਮੀ ਭੁੱਬਲ਼ ਦੇ ਚੰਗਿਆੜੇ
ਫੜ ਸਰਦਾਰ ਮੇਰੀ ਥਾਂ ਤੇ ਬੰਨ੍ਹ ਲੈ ਪੁੱਤਰ ਮੇਰਾ
ਮੇਰੇ ਨਾਲੋਂ ਬਹੁਤੇ ਇਹਨੇ ਕਰ ਲਏ ਯਾਦ ਪਹਾੜੇ
ਉਹਦੇ ਕੋਲ਼ ਵੀ ਲਗਦਾ ਮੈਨੂੰ ਅੱਪੜ ਗਏ ਅਮਰੀਕੀ
ਤਾਂਹੀਓਂ ਕਿਧਰੇ ਪਿਆ ਵਸਾਵੇ ਕਿਧਰੇ ਪਿਆ ਉਜਾੜੇ
27. ਗੰਦੇ ਅੰਡੇ, ਇਧਰ ਵੀ ਨੇ ਓਧਰ ਵੀ
ਗੰਦੇ ਅੰਡੇ, ਇਧਰ ਵੀ ਨੇ ਓਧਰ ਵੀ
ਕੁਝ ਮੁਸ਼ਟੰਡੇ, ਇਧਰ ਵੀ ਨੇ ਓਧਰ ਵੀ
ਕਿਹਨਾਂ ਦੇ ਗੁਣ ਗਾਣੇ ਦੱਸੋ ਮੁੱਲਾਂ ਜੀ
ਹਲਵੇ ਮੰਡੇ, ਇਧਰ ਵੀ ਨੇ ਓਧਰ ਵੀ
ਜਿਹਨਾਂ ਸਿੰਗ ਵਿਖਾ ਕੇ ਖਾਧਾ ਅਜ਼ਲਾਂ ਤੋਂ
ਲੋਕੋ ਸੰਢੇ, ਇਧਰ ਵੀ ਨੇ ਓਧਰ ਵੀ
ਗੋਡੀ ਕੋਈ ਨਹੀਂ ਦੇਂਦਾ ਸਿਰਫ਼ ਵਿਖਾਲੇ ਲਈ
ਰੰਬੇ ਚੰਡੇ, ਇਧਰ ਵੀ ਨੇ ਓਧਰ ਵੀ
ਰਲਕੇ ਕਿਉਂ ਨਹੀਂ ਚੁਕਦੇ ਅਪਣੀ ਧਰਤੀ ਦੇ
ਜਿਹੜੇ ਕੰਡੇ, ਇਧਰ ਵੀ ਨੇ ਓਧਰ ਵੀ
ਏਥੇ ਸੱਚ ਉਛਾਲਣ ਵਾਲੇ ਲੋਕਾਂ ਨੂੰ
ਪੈਂਦੇ ਡੰਡੇ, ਇਧਰ ਵੀ ਨੇ ਓਧਰ ਵੀ