28. ਪੁੱਛੋ ਵੀ
ਕਿਹੜੀ ਸ਼ੈਅ ਦਾ ਮੁੱਲ ਘਟਾਇਆ, ਪੁੱਛੋ ਵੀ
ਕਿਹੜਾ ਵੱਖਰਾ ਤੀਰ ਚਲਾਇਆ, ਪੁੱਛੋ ਵੀ
ਜਿੰਨੇ ਵੀ ਨੇ ਬੈਠੇ ਵਿੱਚ ਅਸੰਬਲੀ ਦੇ
ਕੋਰਾ ਲੱਠਾ ਜਿਹਨੇ ਪਾਇਆ, ਪੁੱਛੋ ਵੀ
ਜਿਹਨੇ ਤੁਹਾਨੂੰ ਦਿੱਤੇ ਫੁੱਲ ਬਹਾਰਾਂ ਦੇ
ਸਾਡੇ ਵੇੜ੍ਹੇ ਕਿਉਂ ਨਹੀਂ ਆਇਆ, ਪੁੱਛੋ ਵੀ
ਸਾਡੇ ਨਾਂ 'ਤੇ ਜਿਹੜਾ ਕਰਜ਼ਾ ਲੈਂਦੇ ਨੇ
ਕਿੱਥੇ ਜਾਂਦਾ ਉਹ ਸਰਮਾਇਆ, ਪੁੱਛੋ ਵੀ
ਅਪਣੇ ਸੂਟਾਂ ਵੱਲੇ ਵੇਖੀਂ ਜਾਂਦੇ ਓ
ਮੈਂ ਕਿਉਂ ਪਾਟਾ ਕੁੜਤਾ ਪਾਇਆ, ਪੁੱਛੋ ਵੀ
ਸਾਇਕਲ ਵਾਲੇ ਵਾਰਸ ਬਣੇ ਪਜਾਰੋ ਦੇ
ਐਨਾ ਪੈਸਾ ਕਿੱਥੋਂ ਆਇਆ, ਪੁੱਛੋ ਵੀ
ਅਸਾਂ ਤੇ ਚੁੱਕ ਬਠਾਇਆ 'ਬਾਬਾ' ਕੁਰਸੀ 'ਤੇ
ਇਹਨਾਂ ਸਾਨੂੰ ਕਿਹਾ ਪਰਾਇਆ, ਪੁੱਛੋ ਵੀ
29. ਹਾਲ ਸਿਆਸਤਦਾਨਾਂ ਦਾ
ਦੱਸਾਂ ਕੀ ਮੈਂ ਹਾਲ, ਸਿਆਸਤਦਾਨਾਂ ਦਾ
ਕਿਬਲਾ ਕਾਅਬਾ ਮਾਲ, ਸਿਆਸਤਦਾਨਾਂ ਦਾ
ਜਲਸੇ ਵਿੱਚ ਜਲੂਸਾਂ ਕਦੇ ਵੀ ਹੋਇਆ ਨਹੀਂ
ਮਰਿਆ ਹੋਵੇ ਬਾਲ, ਸਿਆਸਤਦਾਨਾਂ ਦਾ
ਨੱਠੋ ਲੋਕੋ ਖ਼ੈਰ ਮਨਾਓ ਧਰਤੀ ਦੀ
ਆਇਆ ਫੇਰ ਭੂਚਾਲ, ਸਿਆਸਤਦਾਨਾਂ ਦਾ
ਸਾਡੇ ਮੂੰਹ ਤੇ ਆਖਣ ਸਾਨੂੰ ਆਣ ਗ਼ਰੀਬ
ਵੇਖੋ ਯਾਰ ਕਮਾਲ, ਸਿਆਸਤਦਾਨਾਂ ਦਾ