ਅੱਪੜ ਜਾਵਣ ਜਿਸ ਦਿਨ ਵਿੱਚ ਅਸੰਬਲੀ ਦੇ
ਤੱਕਣਾ ਫੇਰ ਜਲਾਲ, ਸਿਆਸਤਦਾਨਾਂ ਦਾ
ਅਸੀਂ ਆਂ ਭੋਲ਼ੇ ਪੰਛੀ ਫਸਣਾ ਫੇਰ ਅਸਾਂ
ਲੱਗਾ ਫੇਰ ਏ ਜਾਲ, ਸਿਆਸਤਦਾਨਾਂ ਦਾ
ਹੁਣ ਤੇ ਪਾ ਲਓ ਜੱਫੀਆਂ ਕੱਲ੍ਹ ਪਰਛਾਵਾਂ ਵੀ
ਖਹਿ ਨਹੀਂ ਸਕਦਾ ਨਾਲ, ਸਿਆਸਤਦਾਨਾਂ ਦਾ
ਸਾਡੀ ਫੇਰ ਚੰਗੇਰ ਨੇ ਖਾਲੀ ਰਹਿਣਾ ਏ
ਭਰ ਜਾਣਾ ਏ ਥਾਲ, ਸਿਆਸਤਦਾਨਾਂ ਦਾ
ਜਿੰਨਾ ਤੀਕ ਇਲੈਕਸ਼ਨ 'ਬਾਬਾ' ਹੁੰਦਾ ਨਈਂ
ਰਿਸ਼ਤਾ ਸਾਡੇ ਨਾਲ਼, ਸਿਆਸਤਦਾਨਾਂ ਦਾ
30. ਇਸ਼ਕ਼ ਦੀ ਬਾਜ਼ੀ ਜਿੱਤਣ ਨਾਲੋਂ, ਹਰ ਜਾਈਏ ਤੇ ਚੰਗਾ ਏ
ਇਸ਼ਕ਼ ਦੀ ਬਾਜ਼ੀ ਜਿੱਤਣ ਨਾਲੋਂ, ਹਰ ਜਾਈਏ ਤੇ ਚੰਗਾ ਏ
ਭੱਜਣ ਨਾਲੋਂ ਵਿੱਚ ਮੈਦਾਨੇ, ਮਰ ਜਾਈਏ ਤੇ ਚੰਗਾ ਏ।
ਚੜੀ ਹਨੇਰੀ , ਰੱਬ ਈ ਜਾਣੇ, ਕਿਹੜਾ ਰੰਗ ਲਿਆਵੇਗੀ
ਇਹਦੇ ਆਉਣ ਤੋਂ ਪਹਿਲਾਂ, ਘਰ ਜਾਈਏ ਤੇ ਚੰਗਾ ਏ।
ਖੌਰੇ ਕੱਲ੍ਹ ਮਿਲੇ ਨਾ ਮੌਕਾ, ਫੇਰ ਇਕੱਠਿਆਂ ਹੋਵਣ ਦਾ
ਕੱਲ੍ਹ ਦੀਆਂ ਵੀ ਅੱਜ ਈ ਗੱਲਾਂ, ਕਰ ਜਾਈਏ ਤੇ ਚੰਗਾ ਏ।
ਕਿਉਂ ਵੇਲੇ ਦੀ ਉਂਗਲ ਫੜ ਕੇ ਬਾਲ ਸਦਾਈਏ ਲੋਕਾਂ ਤੋਂ
ਨਕਲਾਂ ਨਾਲੋਂ ਕੋਰਾ ਪਰਚਾ, ਧਰ ਜਾਈਏ ਤੇ ਚੰਗਾ ਏ।
ਖੂਹ ਗਰਜ਼ਾਂ ਦਾ ਸਦੀਆਂ ਹੋਈਆਂ, ਸਾਡੇ ਕੋਲੋਂ ਭਰਿਆ ਨਹੀਂ
ਅਜੇ ਵੀ ਵੇਲਾ, ਇਹਦੇ ਕੋਲੋਂ ਡਰ ਜਾਈਏ ਤੇ ਚੰਗਾ ਏ।