ਖ਼ਬਰੇ ਕੱਲ੍ਹ ਨੂੰ ਪੀੜ ਮਨਾਵੇ, ਜੁੱਸਾ ਬਾਬਾ ਫੁੱਲਾਂ ਦੀ
ਪਰਖ਼ ਕਰਾਉਣ ਲਈ ਕੁਝ ਤੇ ਪੱਥਰ ਜਰ ਜਾਈਏ ਤੇ ਚੰਗਾ ਏ।
31. ਸਾਡੇ ਲਈ ਤਾਂ ਲਾਲ ਇਸ਼ਾਰੇ ਰਹਿ ਗਏ ਨੇ
ਸਾਡੇ ਲਈ ਤਾਂ ਲਾਲ ਇਸ਼ਾਰੇ ਰਹਿ ਗਏ ਨੇ ।
ਚੁੱਕਣ ਦੇ ਲਈ ਪੱਥਰ ਭਾਰੇ ਰਹਿ ਗਏ ਨੇ ।
ਇੰਝ ਖਲੋਤੇ ਵਿਦਿਆ ਕਰਕੇ ਡੋਲੀ ਨੂੰ,
ਵਿੱਚ ਮੈਦਾਨੇ ਜਿਸਰਾਂ ਹਾਰੇ ਰਹਿ ਗਏ ਨੇ ।
ਜਿਹਨਾਂ ਮੁੜ੍ਹਕਾ ਦਿੱਤਾ ਬੂਟੇ ਬੂਟੇ ਨੂੰ,
ਪੱਕਾ ਫੱਲ ਤੇ ਤੱਕਦੇ ਸਾਰੇ ਰਹਿ ਗਏ ਨੇ ।
ਉਹਦੇ ਕੋਲ ਵੀ ਸਾਡਾ ਦਿਲ ਪ੍ਰਚਾਵਣ ਲਈ,
ਜੰਨਤ ਵਰਗੇ ਫਿੱਕੇ ਲਾਰੇ ਰਹਿ ਗਏ ਨੇ ।
ਸਦੀਆਂ ਵਾਂਗੂੰ ਅੱਜ ਵੀ ਖਾਲੀ ਕੰਮੀਆਂ ਦੇ,
ਸੱਧਰਾਂ ਵਾਲੇ ਮਹਿਲ ਉਸਾਰੇ ਰਹਿ ਗਏ ਨੇ ।
ਸੇਕ ਪਿਆ ਏ ਵੱਧਦਾ 'ਬਾਬਾ' ਭੁੱਬਲ ਦਾ,
ਹਾਲੇ ਉਹਦੇ ਵਿੱਚ ਅੰਗਾਰੇ ਰਹਿ ਗਏ ਨੇ ।
ਨਫ਼ਰਤ ਵਾਲੀ ਭਰੀ ਹਵਾ ਏ ਪਾੜ ਦਿਓ,
ਜਿਹੜੇ ਬਾਲਾਂ ਹੱਥ ਗੁਬਾਰੇ ਰਹਿ ਗਏ ਨੇ ।
32. ਨਦੀਆਂ ਤੇ ਦਰਿਆਵਾਂ ਉੱਤੇ ਪੁਲ ਤਾਮੀਰ ਕਰੇਗਾ ਕੌਣ
ਨਦੀਆਂ ਤੇ ਦਰਿਆਵਾਂ ਉੱਤੇ ਪੁਲ ਤਾਮੀਰ ਕਰੇਗਾ ਕੌਣ?
ਖਿਲਰੇ ਤਸਬੀਹ ਵਾਲੇ ਦਾਣੇ, ਹੁਣ ਜੰਜ਼ੀਰ ਕਰੇਗਾ ਕੌਣ?
ਸਾਰੇ ਲੋਕਾਂ ਹੱਥ ਨੇ ਰੰਗੇ, ਇੱਕ ਦੂਜੇ ਦੇ ਲਹੂ ਦੇ ਨਾਲ਼,
ਵਿੱਚ ਮਿਆਨਾ ਦੇ ਤਲਵਾਰਾਂ ਵਿੰਗੇ ਤੀਰ ਕਰੇਗਾ ਕੌਣ?
ਹੌਲ਼ੀ ਹੌਲ਼ੀ ਵੱਢਦੇ ਪਏ ਨੇ ਮੇਰਾ ਜੁੱਸਾ ਜਿਹੜੇ ਲੋਕ,
ਉਹਨਾਂ ਕੋਲੋਂ ਪੁੱਛੋ ਮੈਨੂੰ ਲੀਰੋ ਲੀਰ ਕਰੇਗਾ ਕੌਣ?