ਰੱਖ ਸਿਰਾਂ ਤੇ ਲੀਤੇ ਲੋਕਾਂ ਵਡੇਆਈ ਦੇ ਕਾਲ਼ੇ ਨਾਗ,
ਸੱਪ ਕਦੇ ਵੀ ਮੀਤ ਨਈਂ ਬਣਦੇ, ਇਹ ਤਕਦੀਰ ਕਰੇਗਾ ਕੌਣ?
ਰਾਂਝਾ ਬਣ ਕੇ ਟੁਰਦੀ ਜਾਵਾਂ ਜੇ ਮੈਂ ਪਿੰਡ ਸਿਆਲਾਂ ਦੇ,
ਵਾਰਸ ਵਾਂਗੂੰ 'ਬਾਬਾ ਨਜਮੀ' 'ਕੱਠੀ ਹੀਰ ਕਰੇਗਾ ਕੌਣ?
33. ਆਲ ਦੁਆਲੇ ਘੁੱਪ ਹਨੇਰਾ 'ਕੱਲਾ ਮੈਂ
ਆਲ ਦੁਆਲੇ ਘੁੱਪ ਹਨੇਰਾ 'ਕੱਲਾ ਮੈਂ।
ਲੱਖਾਂ ਸੱਪਾਂ ਵਿੱਚ ਸਪੇਰਾ 'ਕੱਲਾ ਮੈਂ।
ਕੁਝ ਵੀ ਨਈਂ ਜੇ ਰੱਖਿਆ ਵਿੱਚ ਇਬਾਦਤ ਦੇ,
ਬਾਂਗਾਂ ਦੇਵਾਂ ਮੱਲ ਬਨੇਰਾ 'ਕੱਲਾ ਮੈਂ।
ਭੈੜੇ ਨੂੰ ਮੈਂ ਭੈੜਾ ਕਹਿਣ ਤੋਂ ਡਰਦਾ ਨਈਂ,
ਕਿੱਡਾ ਵੱਡਾ ਜਿਗਰਾ ਮੇਰਾ 'ਕੱਲਾ ਮੈਂ।
ਮੈਨੂੰ ਕਾਗਜ਼ ਕਲਮ ਸਿਆਹੀ ਦੇਂਦੇ ਰਹੋ,
ਕਰ ਦੇਵਾਂਗਾ ਦੂਰ ਹਨੇਰਾ 'ਕੱਲਾ ਮੈਂ।
ਮੇਰਾ ਨਾਂਅ ਏ 'ਨਜਮੀ', ਰੱਬਾ ਮੂਸਾ ਨਈਂ,
ਕਿਸਰਾਂ ਵੇਖਾਂ ਜਲਵਾ ਤੇਰਾ, 'ਕੱਲਾ ਮੈਂ।
34. ਬੁੱਲ੍ਹਾਂ ਉੱਤੇ ਸਿੱਕਰੀ ਜੰਮੀ, ਰਹੇ ਨਾ ਪੰਜ ਦਰਿਆਵਾਂ ਵਿੱਚ
ਬੁੱਲ੍ਹਾਂ ਉੱਤੇ ਸਿੱਕਰੀ ਜੰਮੀ, ਰਹੇ ਨਾ ਪੰਜ ਦਰਿਆਵਾਂ ਵਿੱਚ।
ਫੁੱਲ ਪਏ ਨੇ ਕਬਰਾਂ ਉੱਤੇ, ਕੰਡੇ ਪਏ ਨੇ ਰਾਹਵਾਂ ਵਿੱਚ।
ਤਿੱਤਰ ਖੰਬੀ ਬੱਦਲੀ ਵਰਗੀ, ਇਹ ਮਨਜ਼ੂਰ ਆਜ਼ਾਦੀ ਨਈਂ,
ਬੋਲਣ ਦੀ ਆਜ਼ਾਦੀ ਦੇ ਕੇ, ਪਹਿਰੇ ਗਲ਼ੀਆਂ ਰਾਹਵਾਂ ਵਿੱਚ।
ਮੇਰੇ ਸ਼ਹਿਰ ਦਿਓ ਵਸਨੀਕੋ, ਰਲ਼ ਕੇ ਉਸਨੂੰ ਮਾਰ ਦਿਓ,
ਪਿਓ ਵੀ ਭਾਵੇਂ ਨਜ਼ਰੀਂ ਆਵੇ, ਪਾਉਂਦਾ ਫੁੱਟ ਭਰਾਵਾਂ ਵਿੱਚ।
ਅਸੀਂ ਤਾਂ ਚੁੱਪਾਂ ਇਸ ਲਈ ਵੱਟੀਆਂ, ਵਿਗੜੇ ਖੇਡ ਨਾ 'ਬਾਬਾ' ਜੀ,
ਦੁਸਮਣ ਕਮਲ਼ਾ ਸਮਝ ਰਿਹਾ ਏ, ਜ਼ੋਰ ਰਿਹਾ ਨਾ ਬਾਹਵਾਂ ਵਿੱਚ।