1. ਅੱਖਰਾਂ ਵਿੱਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ
ਅੱਖਰਾਂ ਵਿੱਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ ।
ਝੱਖੜਾਂ ਦੇ ਵਿੱਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ ।
ਲੋਕੀ ਮੰਗ ਮੰਗਾ ਕੇ ਆਪਣਾ, ਬੋਹਲ ਬਣਾ ਕੇ ਬਹਿ ਗਏ ਨੇ;
ਅਸਾਂ ਤਾਂ ਮਿੱਟੀ ਕਰ ਦਿੱਤਾ ਏ, ਸੋਨਾ ਗਾਲ ਪੰਜਾਬੀ ਦਾ ।
ਜਿਹੜੇ ਆਖਣ ਵਿੱਚ ਪੰਜਾਬੀ, ਵੁਸਅਤ ਨਹੀਂ ਤਹਿਜ਼ੀਬ ਨਹੀਂ;
ਪੜ੍ਹ ਕੇ ਵੇਖਣ ਵਾਰਸ, ਬੁੱਲ੍ਹਾ, ਬਾਹੂ, ਲਾਲ ਪੰਜਾਬੀ ਦਾ ।
ਮਨ ਦਾ ਮਾਸ ਖਵਾ ਦੇਂਦਾ ਏ, ਜਿਹੜਾ ਏਹਨੂੰ ਪਿਆਰ ਕਰੇ;
ਕੋਈ ਵੀ ਜਬਰਨ ਕਰ ਨਹੀਂ ਸਕਦਾ, ਵਿੰਗਾ ਵਾਲ ਪੰਜਾਬੀ ਦਾ ।
2. ਵਾਰਸ, ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਨੇ
ਵਾਰਸ, ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਨੇ ।
ਕਿਸਰਾਂ ਆਖਾਂ ਮਾਂ ਬੋਲੀ ਦੇ 'ਬਰਖ਼ੁਦਾਰ' ਪੰਜਾਬੀ ਨੇ ।
ਬਾਲਾਂ ਦੇ ਮੂੰਹ ਜਿਹੜੇ ਅੱਖਰ ਚੋਗੇ ਵਾਂਗੂੰ ਦੇਣੇ ਸਨ,
ਉਹਨਾਂ ਬਦਲੇ ਫੜ ਫੜ ਓਬੜ ਤੁੰਨਦੇ ਯਾਰ ਪੰਜਾਬੀ ਨੇ ।
ਅੱਚਣਚੇਤੀ ਵੀ ਨਾ ਲਾਵੀਂ ਮੇਰੇ ਮੱਥੇ ਉਹਨਾਂ ਨੂੰ,
ਜਿਹੜੇ ਵੀ ਇਸ ਧਰਤੀ ਉੱਤੇ ਬਦਬੂਦਾਰ ਪੰਜਾਬੀ ਨੇ ।