ਮੇਰੀ ਆਕੇ ਸੰਘੀ ਘੁੱਟੋ,
ਮੇਰੇ ਚਿੱਟੇ ਕਾਗਜ਼ ਪਾੜੋ,
ਲਿਖੀਆਂ ਸੱਭੇ ਲਿਖਤਾਂ ਸਾੜੋ,
ਮੇਰਾ ਜ਼ੁਰਮ ਵੀ ਸੁਣ ਲਓ ਮੈਥੋਂ,
ਮੈਂ ਤੁਹਾਡੇ ਵਿੱਚੋਂ ਹੋਕੇ,
ਤੁਹਾਡੇ ਵੱਲ ਦੀ ਗਲ ਨਈਂ ਕਰਦਾ,
ਮੈਂ ਤੁਹਾਡਾ ਮੁਜ਼ਰਮ ਜੇ।
ਮੈ ਤੁਹਾਡਾ ਮੁਜ਼ਰਮ ਜੇ।।
37. ਸ਼ੱਕਰ ਨਾਲੋਂ ਮਿੱਠੀ ਲੱਗੀ, ਮਿੱਟੀ ਤੇਰੀ ਧਰਤੀ ਦੀ
ਸ਼ੱਕਰ ਨਾਲੋਂ ਮਿੱਠੀ ਲੱਗੀ, ਮਿੱਟੀ ਤੇਰੀ ਧਰਤੀ ਦੀ
ਸੂਲਾਂ ਵਾਂਗੂੰ ਚੁਭਿਆ ਮੈਨੂੰ, ਚੌਕੀਦਾਰ ਮਦੀਨੇ ਦਾ।
ਸੱਭੇ ਸੋਚਾਂ, ਸੱਭੇ ਸਧਰਾਂ, ਵੇਖ ਕੇ ਮਿੱਟੀ ਹੋਈਆਂ ਨੇ
ਏਥੇ ਵੀ ਸਰਦਾਰਾਂ ਹੱਥ ਏ, ਕਾਰੋਬਾਰ ਮਦੀਨੇ ਦਾ।
ਫਜਰ ਤੋਂ ਲੈਕੇ ਸ਼ਾਮਾ ਤੀਕਰ ਟੁੱਕਰ ਪੂਰਾ ਹੁੰਦਾ ਨਈਂ
ਬਾਬਾ ਨਜਮੀ ਕਿੰਝ ਖਰੀਦਾਂ, ਜਾ ਕੇ ਹਾਰ ਮਦੀਨੇ ਦਾ।
38. ਰੱਬਾ ਥੱਲੇ ਆਉਂਦਾ ਕਿਉਂ ਨਹੀਂ
ਹਾਲ ਉਏ ਹਾਲ ਉਏ ਹਾਲ ਉਏ ਰੱਬਾ
ਮਾਰੇ ਸਾਡੇ ਲਾਲ ਉਏ ਰੱਬਾ
ਮਾਵਾਂ ਬੋਦੇ ਵਾਹ ਕੇ ਘੱਲੇ
ਸੁਹਣੇ ਬਸਤੇ ਪਾ ਕੇ ਘੱਲੇ
ਫੁੱਲਾਂ ਵਾਂਗੂੰ ਹੱਸਦੇ ਨਿਕਲੇ
ਢਿੱਲੀਆਂ ਟਾਈਆਂ ਕਸਦੇ ਨਿਕਲੇ
ਹਾਲ ਉਏ ਹਾਲ ਉਏ ਹਾਲ ਉਏ ਰੱਬਾ