Back ArrowLogo
Info
Profile

ਹੱਥ ਹਿਲਾ ਕੇ ਭੈਣਾਂ ਵੱਲੇ

ਸੰਗੀ ਬੇਲੀ ਰਲ ਕੇ ਚੱਲੇ

ਮਾਵਾਂ ਪੁੱਤਰ ਜਾਂਦੇ ਵੇਖੇ

ਮੁੜ ਨਹੀਂ ਘਰ ਨੂੰ ਆਂਦੇ ਵੇਖੇ

ਹਾਲ ਉਏ ਹਾਲ ਉਏ ਹਾਲ ਉਏ ਰੱਬਾ

 

ਰੱਬਾ ਇਹ ਨਿਆਂ ਨਹੀਂ ਤੇਰਾ

ਸ਼ਿਕਵਾ ਸ਼ਿਕਵਾ ਸ਼ਿਕਵਾ ਮੇਰਾ

ਸਾਡੇ ਮੁਸਤਕਬਿਲ ਦੇ ਦੀਵੇ

ਅੱਲਾਹ ਦੀ ਸਹੁੰ ਦਿਲ ਦੇ ਦੀਵੇ

ਹਾਲ ਉਏ ਹਾਲ ਉਏ ਹਾਲ ਉਏ ਰੱਬਾ

 

ਖ਼ੌਰੇ ਕਿਧਰੋਂ ਸ਼ਿਮਰਾਂ ਜਾਏ

ਬਾਬਾ ਨਜਮੀ ਅੰਦਰ ਆਏ

ਕਿੱਧਰੇ ਵੀ ਨਹੀਂ ਐਵੇਂ ਹੋਇਆ

ਵਿੱਚ ਪਸ਼ੌਰੇ ਜਿਵੇਂ ਹੋਇਆ

ਹਾਲ ਉਏ ਹਾਲ ਉਏ ਹਾਲ ਉਏ ਰੱਬਾ

 

ਇਲਮ ਦਾ ਬੂਹਾ ਵੜ ਕੇ ਬੈਠੇ

ਕਾਗ਼ਜ਼ ਕਲਮ ਸੀ ਫੜ ਕੇ ਬੈਠੇ

ਕਲਮਾ ਪੜ੍ਹ ਪੜ੍ਹ ਮਾਰੇ ਸਾਡੇ

ਕਬਰਾਂ ਵਿੱਚ ਉਤਾਰੇ ਸਾਡੇ

ਹਾਲ ਉਏ ਹਾਲ ਉਏ ਹਾਲ ਉਏ ਰੱਬਾ

 

ਕੀਹਦਾ ਕੀਹਦਾ ਸੋਗ ਮਨਾਈਏ

ਕੀਹਦੇ ਕੀਹਦੇ ਵੱਲੇ ਜਾਈਏ

ਕੀਹਦਾ ਕੀਹਦਾ ਦੁਖ ਵੰਡਾਈਏ

ਕਿਹਨੂੰ ਕਿਹਨੂੰ ਜਾ ਦਫ਼ਨਾਈਏ

ਹਾਲ ਉਏ ਹਾਲ ਉਏ ਹਾਲ ਉਏ ਰੱਬਾ

 

ਅੱਖਾਂ ਦੇ ਖੋਹ ਖ਼ਾਲੀ ਹੋਏ

ਲੋਕੀ ਅੱਜ ਨੇ ਏਨਾ ਰੋਏ

ਰੋਂਦਾ ਅਸਾਂ ਜ਼ਮਾਨਾ ਤੱਕਿਆ

ਅਪਣਾ ਅਸਾਂ ਬਿਗਾਨਾ ਤੱਕਿਆ

ਹਾਲ ਉਏ ਹਾਲ ਉਏ ਹਾਲ ਉਏ ਰੱਬਾ

25 / 27
Previous
Next