ਵੇਖੋ ਢੋਲ ਵਜਾ ਕੇ ਚੱਲੇ ਫੋਲਣ ਉਹਦੇ ਅੰਬਰ ਨੂੰ ।
ਕਦੇ ਕਦੇ ਤੇ ਇਹੋ ਜੇਹੀ ਵੀ ਹਰਕਤ ਬੰਦਾ ਕਰਦਾ ਏ,
ਆਪਣਾ ਮੂੰਹ ਲੁਕਾਉਣਾ ਔਖਾ ਹੋ ਜਾਂਦਾ ਏ ਡੰਗਰ ਨੂੰ ।
ਅਸਾਂ ਨਈਂ ਆਉਣਾ 'ਬਾਬਾ' ਤੇਰਾ ਮੁੜ ਕੇ ਮੇਲਾ ਵੇਖਣ ਲਈ,
ਸ਼ਕਲਾਂ ਵੇਖ ਕੇ ਦੇਂਦੇ ਨੇ ਵਰਤਾਵੇ ਤੇਰੇ ਲੰਗਰ ਨੂੰ ।
11. ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ
ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ ।
ਹੱਥੀਂ ਮਹੁਰਾ ਖਾ ਕੇ ਮਰਨਾ ਪੈਂਦਾ ਏ ।
ਬੇਚ ਕੇ ਅਪਣੇ ਜੁੱਸੇ ਦਾ ਲਹੂ ਕਦੇ ਕਦੇ,
ਆਟੇ ਵਾਲਾ ਪੀਪਾ ਭਰਨਾ ਪੈਂਦਾ ਏ ।
ਲਹੂ ਦਾ ਹੋਵੇ ਭਾਵੇਂ ਦਰਿਆ ਭਾਂਬੜ ਦਾ,
ਆਪਣੀ ਮੰਜ਼ਲ ਦੇ ਲਈ ਤਰਨਾ ਪੈਂਦਾ ਏ ।
ਕਦੇ ਕਦੇ ਤਾਂ ਮਾਣ ਕਿਸੇ ਦਾ ਰੱਖਣ ਲਈ,
ਚਿੱਟੇ ਬੱਦਲਾਂ ਨੂੰ ਵੀ ਵਰ੍ਹਨਾ ਪੈਂਦਾ ਏ ।
ਵਿੱਚ ਹਿਆਤੀ ਇੰਝ ਦੇ ਮੋੜ ਵੀ ਆਉਂਦੇ ਨੇ,
ਦੁਸ਼ਮਣ ਦਾ ਵੀ ਪਾਣੀ ਭਰਨਾ ਪੈਂਦਾ ਏ ।
ਜਿਹਨਾਂ ਦੇ ਘਰ ਬੇਰੀ 'ਬਾਬਾ' ਉਹਨਾਂ ਨੂੰ,
ਕੱਚਾ ਪੱਕਾ ਰੋੜਾ ਜਰਨਾ ਪੈਂਦਾ ਏ ।
12. ਮੇਰੀ ਅੱਗ ਦੇ ਉੱਤੇ ਅਪਣੀ ਪਾ ਕੇ ਅੱਗ
ਮੇਰੀ ਅੱਗ ਦੇ ਉੱਤੇ ਅਪਣੀ ਪਾ ਕੇ ਅੱਗ ।
ਕਿਧਰ ਚੱਲੇ ਭਾਂਬੜ ਬਣਾ ਕੇ ਮੇਰੀ ਅੱਗ ।
ਦੀਵੇ ਨਾਲ ਨਈਂ ਜਾਣਾ ਏਸ ਹਨੇਰੇ ਨੇ,
ਰੱਖ ਤਲੀ ਤੇ ਅਪਣੇ ਦਿਲ ਨੂੰ ਲਾ ਕੇ ਅੱਗ ।