ਏਹਦੇ ਵਰਗੀ ਦੋਜ਼ਖ਼ ਦੀ ਵੀ ਹੋਣੀ ਨਈਂ,
ਚੱਲੇ ਜੇਹੜੀ ਏਥੇ ਅਸੀਂ ਹੰਢਾ ਕੇ ਅੱਗ ।
ਬੁੱਲੇ ਨਾਲੋਂ ਹੱਥ ਅਗੇਰੇ ਜਾਵਾਂਗਾ,
ਜਦ ਮੈਂ ਨੱਚਿਆ ਅਪਣੇ ਪੈਰੀਂ ਪਾ ਕੇ ਅੱਗ ।
ਕਿਬਲਾ ਸਿੱਧਾ ਕਰ ਲਉ ਆਪਣਾ ਚੌਧਰੀਓ,
ਜਨਤਾ ਨਿਕਲ ਪਵੇ ਨਾ ਕਿਧਰੇ ਖਾ ਕੇ ਅੱਗ ।
ਦਿੱਤੀ ਢਿੱਲ ਤੇ ਤੇਰੇ ਅੰਬਰ ਸਾੜੇਗੀ,
ਰੱਖੀ ਜੇਹੜੀ ਸੀਨੇ ਵਿੱਚ ਦਬਾ ਕੇ ਅੱਗ ।
ਖੇੜੇ ਜੇਹੜੀ ਬਾਲੀ ਮੈਨੂੰ ਸਾੜਨ ਲਈ,
ਪਰਤਾਂਗਾ ਮੈਂ ਵੰਝਲੀ ਨਾਲ ਬੁਝਾ ਕੇ ਅੱਗ ।
ਮੈਂ ਕੀ 'ਬਾਬਾ ਨਜਮੀ' ਤੇਰੇ ਚੁਲ੍ਹੇ ਦੀ,
ਰੋਜ਼ ਭਰਾਵਾਂ ਵੀ ਨਹੀਂ ਬਾਲਣੀ ਆ ਕੇ ਅੱਗ ।
13. ਮਿੱਟੀ ਪਾਣੀ ਸੱਚਾ ਇਕੋ ਪੱਕੀਆਂ ਵੀ ਇੱਕ ਭੱਠੇ
ਮਿੱਟੀ ਪਾਣੀ ਸੱਚਾ ਇਕੋ ਪੱਕੀਆਂ ਵੀ ਇੱਕ ਭੱਠੇ ।
ਇਹ ਕਿਉਂ ਨਾਲੀ ਵਿੱਚ ਨੇ ਲੱਗੀਆਂ ਉਹ ਕਿਉਂ ਮਹਿਲ ਦੇ ਮੱਥੇ ।
ਮਾੜੇ ਨੂੰ ਵੱਖ ਬੰਨ੍ਹਣ ਨਾਲੋਂ ਤਗੜੇ ਦੇ ਸਿੰਗ ਭੰਨੋ,
ਸਾਂਝੀ ਖੁਰਲੀ ਵਿਚੋਂ ਜੇਹੜਾ ਖਾਣ ਨਹੀਂ ਦੇਂਦਾ ਪੱਠੇ ।
ਸਾਡੇ ਵਿੱਚ ਕਮੀ ਏ ਕਿਹੜੀ ਸਾਨੂੰ ਆਖੋ ਕੰਮੀਂ,
ਸਾਡੇ ਨਾਲ ਖਲੋ ਕੇ ਵੇਖਣ ਰਾਜੇ ਚੀਮੇ ਚੱਠੇ ।
ਪਰ੍ਹਿਆ ਦੇ ਵਿੱਚ ਤਾਂ ਜਾਵਾਂਗਾ ਸ਼ਰਤ ਮੇਰੀ ਜੇ ਮੰਨੋਂ,
ਕਿਸੇ ਵੀ ਇਕ ਦੀ ਖ਼ਾਤਰ ਓਥੇ ਮੰਜਾ ਕੋਈ ਨਾ ਡੱਠੇ ।
ਖ਼ਬਰੇ ਕਿਹੜੇ ਕੱਚੇ ਕੋਠੇ ਢਹਿਣ ਦੀ ਫੇਰ ਏ ਵਾਰੀ,
ਅਸਮਾਨਾਂ ਤੇ ਕਾਲੇ ਬੱਦਲ ਫਿਰ ਹੋ ਗਏ ਨੇ ਕੱਠੇ ।