ਸਮਾਂ ਬੀਤਦਾ ਗਿਆ। ਮੱਰ ਦੇ ਸੂਣ ਵਿਚ ਮਹੀਨਾ ਕੁ ਬਾਕੀ ਸੀ ਕਿ ਇਕ ਦਿਨ ਦੁਪਹਿਰ ਵੇਲੇ ਬਚਨ, ਸਾਡਾ ਨੌਕਰ, ਡੰਗਰਾਂ ਨੂੰ ਵਾਹੋ ਦਾਹੀ ਦੁੜਾਉਂਦਾ ਹਵੇਲੀ ਵਿਚ ਲੈ ਆਇਆ। ਸੋਮਾਂ ਦੀ ਮਾਂ ਆਪਣੇ ਕਿੱਲੇ ਤਕ ਨਾ ਪੁੱਜ ਸਕੀ ਅਤੇ ਅੰਬਾਂ ਹੇਠ ਬੈਠੇ ਲੋਕਾਂ ਕੋਲ ਡਿੱਗ ਪਈ। ਸੋਮਾਂ ਜੀ ਭਿਆਣੀ ਉਸ ਕੋਲ ਪਲੇ ਗਈ। ਮੰਜੀਆਂ ਉੱਤੇ ਬੈਠੇ ਹੋਏ ਸਾਰੇ ਘਬਰਾ ਗਏ। "ਕੀ ਹੋਇਆ, ਕੀ ਹੋਇਆ ?" ਦੀਆਂ ਆਵਾਜ਼ਾਂ ਉਠੀਆਂ।
ਏਨੇ ਨੂੰ ਦੂਜੇ ਪਾਲੀ ਵੀ ਪੁੱਜ ਗਏ। ਉਹ ਇਕ ਟੱਪਰੀ-ਵਾਸ ਕੀਕਨ ਨੂੰ ਵੀ ਨਾਲ ਲਿਆਏ ਸਨ। ਲਿਆਏ ਹੀ ਨਹੀਂ, ਰਾਹ ਵਿਚ ਉਸਨੂੰ ਮਾਰਦੇ ਕੁੱਟਦੇ ਵੀ ਆਏ ਸਨ। ਉਹ ਤਹਲੇ ਮਿੰਨਤਾਂ ਕਰਕੇ ਆਪਣੀ ਜਾਣ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। 'ਕੀ ਹੋਇਆ' ਦੇ ਉੱਤਰ ਵਿਚ ਪਾਲੀਆਂ ਨੇ ਦੱਸਿਆ ਕਿ "ਇਸ ਕੀਕਨ ਨੇ ਸੂਏ ਵਿਚ ਬੈਠੀ ਮਹਿੰ ਨੂੰ ਕੁਝ ਦੇ ਦਿੱਤਾ ਸੀ। ਮਹਿੰ ਤੜਫ ਕੇ ਪਾਣੀ ਵਿਚੋਂ ਬਾਹਰ ਆ ਪਈ ਸੀ ਅਤੇ ਲੁੜਛਣੀਆਂ ਲੈਣ ਲੱਗ ਪਈ ਸੀ। ਪਰਸੋਂ ਇਨ੍ਹਾਂ ਕੀਕਨਾਂ ਨੇ ਔਜਲਿਆਂ ਵਾਲੇ ਸੋਹਣ ਸਿੰਘ ਦੀ ਮੱਝ ਜ਼ਹਿਰ ਦੇ ਕੇ ਮਾਰ ਦਿੱਤੀ ਸੀ। ਅਸਾਂ ਇਹਨੂੰ ਜੀਂਦੇ ਨਹੀਂ ਛੱਡਣਾ।" ਕੀਕਨ ਨੂੰ ਬਹੁਤ ਮਾਰਿਆ ਗਿਆ ਅਤੇ ਉਹ ਹੱਥ ਜੋੜ ਕੇ ਆਪਣੀ ਬੇ-ਗੁਨਾਹੀ ਦੇ ਵਾਸਤੇ ਪਾਉਂਦਾ ਗਿਆ। ਗੁਰਦਾਸਪੁਰ ਤੋਂ ਡਾਕਟਰ ਦੇ ਆ ਜਾਣ ਨਾਲ ਉਸ ਕੀਕਨ ਦਾ ਕਸ਼ਟ ਤਾਂ ਕੱਟਿਆ ਗਿਆ ਪਰ ਮੱਝ ਦੇ ਦੁੱਖ ਦਾ ਕੋਈ ਦਾਰੂ ਉਹ ਨਾ ਦੱਸ ਸਕਿਆ। ਉਸ ਦੇ ਅੰਗ ਅੰਗ ਵਿਚ ਜ਼ਹਿਰ ਫੈਲ ਗਿਆ ਸੀ। ਉਸਦਾ ਸਾਰਾ ਸਰੀਰ ਪੀੜ ਪੀੜ ਹੋ ਗਿਆ ਸੀ। ਉਸਦੀਆਂ ਲੱਤਾਂ ਕਦੇ ਸੁਕੜ ਕੇ ਉਸਦੇ ਪੇਟ ਨਾਲ ਜਾ ਲੱਗਦੀਆਂ ਸਨ, ਕਦੇ ਬਾਹਰ ਨੂੰ ਫੈਲ ਜਾਂਦੀਆਂ ਸਨ। ਉਸਦੀ ਧੌਣ ਪਿੱਛੇ ਨੂੰ ਮੁੜ ਜਾਂਦੀ ਸੀ ਅਤੇ ਉਸਦਾ ਮੂੰਹ ਉਸਦੇ ਮੋਢਿਆਂ ਨੂੰ ਜਾ ਲੱਗਦਾ ਸੀ। ਆਪਣੀ ਵੱਖੀ ਭਾਰ ਪਈ ਉਹ ਆਪਣਾ ਸਿਰ ਚੁੱਕ ਚੁੱਕ ਕੇ ਧਰਤੀ ਉੱਤੇ ਮਾਰਦੀ ਸੀ। ਉਸਦਾ ਦੁਖ ਦੇਖਿਆ ਨਹੀਂ ਸੀ ਜਾਂਦਾ।
ਸੋਮਾਂ ਇਹ ਸਭ ਕੁਝ ਵੇਖਦੀ ਸੀ। ਉਹ ਆਪਣੀ ਮਾਂ ਕੋਲ ਉਸੇ ਵਾਂਗ ਧਰਤੀ ਉੱਤੇ ਲੇਟ ਗਈ ਸੀ। ਜਦੋਂ ਉਸਦੀ ਮਾਂ ਦੀਆਂ ਲੱਤਾ ਸੁਕੜ ਕੇ ਉਸਦੇ ਸਰੀਰ ਨਾਲ ਲੱਗ ਜਾਂਦੀਆਂ, ਉਦੋਂ ਸਮਾਂ ਵੀ ਆਪਣੀਆਂ ਲੱਤਾਂ ਨੂੰ ਆਪਣੇ ਸਰੀਰ ਨਾਲ ਲਾ ਲੈਂਦੀ।