

ਤਉ ਹਰਿ ਗੁਣ ਗਾਇ॥ ਸੀਸ ਬੇਸ਼ੱਕ ਚਲਾ ਜਾਏ ਪਰ ਉਹ ਆਪਣੇ ਆਦਰਸ਼ ਨੂੰ ਨਹੀਂ ਛੱਡਣਗੇ। ਨਾਮ ਦੇਵ ਜੀ ਦੇ ਨਗਰ ਪੁੱਜ ਕੇ ਗੁਰੂ ਜੀ ਨੇ ਸ਼ਬਦ ਲਿਖ ਆਦੇ, ਜਿਨ੍ਹਾਂ ਨੂੰ ਪਿੱਛੋਂ ਗੁਰੂ ਅਰਜਨ ਦੇਵ ਜੀ ਨੇ ਆਦਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ। ਗੁਰੂ ਅਰਜਨ ਦੇਵ ਜੀ ਨੇ 'ਨਾਮਦੇਵ ਹਰਿ ਜੀਉ ਬਸਹਿ ਸੰਗਿ' ਫ਼ਰਮਾ ਕੇ ਭਗਤ ਜੀ ਦੀ ਉਪਮਾ ਵੀ ਕੀਤੀ। ੧੮ ਰਾਗਾਂ ਵਿਚ ਨਾਮ ਦੇਵ ਜੀ ਦੇ ੬੦ ਸ਼ਬਦ ਹਨ। ਅੰਤਲੇ ਦਿਨਾਂ ਵਿਚ ਆਪ ਜੀ ਪੰਜਾਬ ਦੇ ਪਿੰਡ ਘੁਮਾਣ (ਜ਼ਿਲ੍ਹਾ ਗੁਰਦਾਸਪੁਰ) ਆ ਟਿਕੇ ਸਨ ਅਤੇ ਉਥੇ ਹੀ ਅਕਾਲ-ਚਲਾਣਾ ਕੀਤਾ। ਕੈਸੀਆਂ ਸਾਂਝਾਂ ਉਪਜੀਆਂ ਹੋਣਗੀਆਂ ਜਦ ਗੁਰੂ ਨਾਨਕ ਦੇਵ ਜੀ ਪੰਜਾਬੋਂ ਉਥੇ ਗਏ।
ਭਗਤ ਤ੍ਰਿਲੋਚਨ ਜੀ : ਨਰਸੀ ਪਿੰਡ ਤੋਂ ਕੁਝ ਹੀ ਦੂਰ ਭਗਤ ਤ੍ਰਿਲੋਚਨ ਦਾ ਪਿੰਡ ਬਾਰਸੀ ਸੀ। ਭਗਤ ਤ੍ਰਿਲੋਚਨ ਜੀ ਵੈਸ਼ ਜਾਤ ਦੇ ਹੁੰਦੇ ਹੋਏ ਵੀ ਜਾਤ-ਪਾਤ, ਰੀਤ-ਰਸਮ ਵਿਰੁੱਧ ਪ੍ਰਚਾਰ ਕਰਦੇ ਰਹੇ ਸਨ। ਉਹ ਨਾਮ ਦੇਵ ਜੀ ਦੇ ਸਮਕਾਲੀ ਸਨ। ਆਪ ਜੀ ਦਾ ਜਨਮ ੧੨੬੭ ਈ: ਨੂੰ ਹੋਇਆ ਸੀ । ਨਾਮ ਦੇਵ ਜੀ ਨਾਲ ਗੂੜ੍ਹੇ ਸੰਬੰਧ ਸਨ। ਮਹਾਰਾਜ ਨੇ ਉਹਨਾਂ ਦੇ ਉਚਾਰੇ ਹੋਏ ਸ਼ਬਦ ਵੀ ਲਿਖ ਆਂਦੇ ਜੋ ਪਿੱਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਰਾਗ, ਗੁਜਰੀ ਅਤੇ ਧਨਾਸਰੀ ਰਾਗ ਵਿਚ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤੇ। ਗੁਰੂ ਅਰਜਨ ਦੇਵ ਜੀ ਨੇ ਭਗਤ ਤ੍ਰਿਲੋਚਨ ਜੀ ਦੀ ਉਪਮਾ ਕਰਦੇ ਲਿਖਿਆ: 'ਤ੍ਰਿਲੋਚਨ ਗੁਰ ਮਿਲਿ ਭਈ ਸਿਧਿ ।' ਭਗਤ ਜੀ ਦਾ ਕਥਨ ਸੀ ਕਿ ਜੋ ਮਨੁੱਖ ਲਛਮੀ, ਇਸਤਰੀ, ਬੱਚੇ, ਮਕਾਨਾਂ ਦੇ ਚੱਕਰ ਵਿਚੋਂ ਨਹੀਂ ਨਿਕਲਦਾ, ਉਹ ਸਦਾ ਦੁਖੀ ਰਹਿੰਦਾ ਹੈ। ਸੁਖੀ ਉਹ ਹੀ ਹੋਵੇਗਾ ਜੋ ਅੰਤਲੇ ਸੁਆਸ ਤੱਕ ਹਰੀ ਨੂੰ ਨਹੀਂ ਭੁੱਲਦਾ:
'ਅੰਤਿ ਕਾਲਿ ਨਾਰਾਇਣੁ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ ॥
ਬਦਤਿ ਤ੍ਰਿਲੋਚਨ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ (ਗੂਜਰੀ ਤ੍ਰਿਲੋਚਨ ਜੀਉ, ਪੰਨਾ ੫੨੬)
ਨਾਸਕ : ਬਾਰਸੀ ਤੋਂ ਆਪ ਜੀ ਮਾਲ ਟੇਕਰੀ (ਨੰਦੇੜ) ਗਏ ਜਿੱਥੇ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤਿ ਸਮਾਏ ਅਤੇ ਗੁਪਤ ਖ਼ਜ਼ਾਨੇ ਕੱਢੇ। ਫਿਰ ਨਾਸਕ ਪੁੱਜੇ। ਉਥੇ ਰਾਜਾ ਰਾਮ ਚੰਦਰ ਤੇ ਰਾਮ ਜੋ ਸਭ ਵਿਚ ਹੈ, ਦਾ ਭੇਦ ਦਰਸਾਇਆ। ਫਿਰ ਪੂਨਾ ਗਏ ਤੇ ਉਥੋਂ ਤਾਪਤੀ ਦੇ ਕਿਨਾਰੇ ਹੋ ਬੁਰਹਾਨਪੁਰ ਤੋਂ ਪੰਜਵਟੀ ਗਏ। ਪੰਜਵਟੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਥੇ ਪਿੱਪਲ, ਬਿਲ, ਬੜ, ਐਲੇ ਅਤੇ ਅਸ਼ੋਕ ਦੇ ਬ੍ਰਿਛ ਇੱਕੋ ਥਾਵੇਂ ਹੁੰਦੇ ਹਨ। ਉਥੋਂ ਨਰਮਦਾ ਦੇ ਕਿਨਾਰੇ ਬਣਾਏ ਓਅੰਕਾਰ ਦੇ ਮੰਦਰ ਪੁੱਜੇ।
ਓਅੰਕਾਰ : ਇਹ ਮਾਹਧਾਤਾ ਟਾਪੂ ਹੈ। ਨਰਮਦਾ ਬਾਰੇ ਪ੍ਰਸਿੱਧ ਹੈ ਕਿ ਇਹ ਰਿਸ਼ੀ ਮੇਕਲ ਦੀ ਪੁੱਤਰੀ ਸੀ। ਇਸ ਨਦੀ ਵਿਚੋਂ ਸ਼ਿਵਲਿੰਗ ਭਾਂਤ ਦੇ ਪੱਥਰ ਨਿਕਲਦੇ ਹਨ ਜਿਨ੍ਹਾਂ ਨੂੰ ਨਰਮਦੇਸ਼੍ਵਰ ਕਹਿੰਦੇ ਹਨ। ਇਕ ਅਜਿਹੇ ਹੀ ਪੱਥਰ ਨੂੰ ਉਨ੍ਹਾਂ ਓਅੰਕਾਰ ਮਿੱਥ ਕੇ ਮੰਦਰ ਬਣਾਇਆ ਹੋਇਆ ਹੈ। ਹੁਣ ਇਕ ਪਾਸੇ ਇਹ ਮੰਦਰ ਹੈ ਜੋ ਗੁਫ਼ਾ ਨੁਮਾ ਹੈ ਅਤੇ ਦੂਜੇ ਪਾਸੇ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਓਅੰਕਾਰ ਦੀ ਬਾਣੀ ਰਚੀ, ਗੁਰਦੁਆਰਾ ਹੈ