

ਉਥੇ ਬ੍ਰਾਹਮਣਾਂ ਨੂੰ, ਜੋ ਵਿੱਦਿਆ ਦੇ ਅਹੰਕਾਰ ਵਿਚ ਸੜ ਰਹੇ ਸਨ, 'ਦੱਖਣੀ' ਵਿਚ ਓਅੰਕਾਰ ਦੀ ਮਹਿਮਾ ਸੁਣਾਈ। ਪੜ੍ਹਿਆ ਉਸੇ ਨੂੰ ਹੀ ਜਾਣੋ ਜੋ ਫਿਰ ਜੰਜਾਲਾਂ ਤੇ ਬੰਧਨਾਂ ਵਿਚ ਨਹੀਂ ਪੈਂਦਾ :
'ਸੁਣਿ ਪਾਡੇ ਕਿਆ ਲਿਖਹੁ ਜੰਜਾਲਾ॥
ਲਿਖੁ ਰਾਮ ਨਾਮ ਗੁਰਮੁਖਿ ਰੀਪਾਲਾ ॥' ੧॥ ਰਹਾਉ॥ (ਰਾਮਕਲੀ ਮਹਲਾ ੧ ਓਅੰਕਾਰ, ਪੰਨਾ ੯੩੦)
ਬ੍ਰਾਹਮਣ ਸਾਰੀ ਪੜ੍ਹਾਈ ਮਾਇਆ ਇਕੱਠੀ ਕਰਨ ਲਈ ਕਰ ਰਿਹਾ ਹੈ। ਉਸ ਨੂੰ ਇਹ ਪ੍ਰਵਾਹ ਨਹੀਂ ਹੈ ਕਿ ਲੋਕਾਂ ਨਾਲ ਕੀ ਬੀਤ ਰਹੀ ਹੈ। 'ਮਾਇਆ ਮਾਇਆ ਕਰਿ ਮੁਇ ਮਾਇਆ ਕਿਸੈ ਨ ਸਾਥਿ ॥ ਜਿਨ੍ਹਾਂ ਧਨੀਆਂ ਦਾ ਪਾਣੀ ਭਰਦੇ ਪਾਂਡੇ ਨਹੀਂ ਥੱਕਦੇ ਉਹ ਵੀ ਇਥੇ ਬੈਠੇ ਨਹੀਂ ਰਹਿਣੇ। ਫਿਰ ਉਨ੍ਹਾਂ ਦੇ ਪਿਛੇ ਲੱਗ ਪੁੱਠੀ ਪੜ੍ਹਾਈ ਕਿਉਂ ਪੜ੍ਹੀ ਜਾਏ। ਮਨੁੱਖ ਨੂੰ ਏਕੰਕਾਰ, ਬ੍ਰਹਮ ਨਾਲ ਜੋੜਨਾ ਹੀ ਬ੍ਰਾਹਮਣ ਤੇ ਪੜ੍ਹੇ-ਲਿਖੇ ਦਾ ਕੰਮ ਹੈ। ਉਸ ਪਾਂਧੇ ਨੂੰ ਹੀ ਵਿਦਵਾਨ ਕਹਿਣਾ ਚਾਹੀਦਾ ਹੈ ਜਿਹੜਾ ਵਿੱਦਿਆ ਦੀ ਰਾਹੀਂ ਸ਼ਾਂਤੀ ਵਾਲੇ ਸੁਭਾਅ ਵਿਚ ਜੀਵਨ ਬਤੀਤ ਕਰਦਾ ਹੈ। ਜਿਹੜਾ ਵਿੱਦਿਆ ਰਾਹੀਂ ਆਪਣੇ ਅਸਲੇ ਦੀ ਵਿਚਾਰ ਕਰਦਾ ਹੈ ਅਤੇ ਪਰਮਾਤਮਾ ਦੇ ਨਾਮ ਨਾਲ ਸੁਰਤ ਜੋੜ ਕੇ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ ਪਰ ਜੋ ਮਨ ਦੇ ਪਿੱਛੇ ਤੁਰਦਾ ਹੈ ਉਹ ਵਿੱਦਿਆ ਨੂੰ ਵੇਚ ਰਿਹਾ ਹੈ, ਜ਼ਹਿਰ ਖੱਟ ਰਿਹਾ ਹੈ ਤੇ ਸ਼ਬਦ ਦੀ ਸ਼ੁੱਧ ਬੁੱਧ ਨਹੀਂ :
'ਪਾਧਾ ਪੜਿਆ ਆਖੀਐ,
ਬਿਦਿਆ ਬਿਚਰੈ ਸਹਜਿ ਸੁਭਾਇ॥
ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ॥
ਮਨਮੁਖੁ ਬਿਦਿਆ ਬਿਕੁਦਾ, ਬਿਖੁ ਖਟੇ, ਬਿਖੁ ਖਾਇ॥
ਮੂਰਖੁ ਸਬਦ ਨ ਚੀਨਈ ਸੂਝ ਬੂਝ ਨਹ ਕਾਇ॥' ੫੩॥ (ਰਾਮਕਲੀ ਮਹਲਾ ੧. ਪੰਨਾ ੯੩੮)
ਅਸਲ ਉਹ ਹੀ ਪਾਂਧਾ ਹੈ ਜੋ ਆਪਣੇ ਸ਼ਗਿਰਦਾਂ ਨੂੰ ਇਹ ਮੱਤ ਦਿੰਦਾ ਹੈ ਕਿ ਵਿਦਿਆਰਥੀਓ, ਪ੍ਰਭੂ ਦਾ ਨਾਮ ਜਪੋ ਤੇ ਨਾਮ ਧਨ ਇਕੱਠਾ ਕਰੋ । ਬਸ ਉਹ ਹੀ ਪੜ੍ਹਿਆ ਲਿਖਿਆ ਹੈ ਜੋ ਪ੍ਰਭੂ ਨੂੰ ਹਰ ਥਾਵੇਂ ਵੇਖਦਾ ਹੈ :
'ਪਾਂਧਾ ਗੁਰਮੁਖਿ ਆਖੀਐ ਚਾਟੜਿਆਂ ਮਤਿ ਦੇਇ॥
ਨਾਮੁ ਸਮਾਲਹੁ ਨਾਮੁ ਸੰਗਰਹੁ,
ਲਾਹਾ ਜਗ ਮਹਿ ਲੇਇ॥
ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥
ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ,
ਜਿਸੁ ਰਾਮ ਨਾਮੁ ਗਲਿ ਹਾਰੁ ॥ ੫੪॥੧॥