

'ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ॥
ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸ ਜੀਉ॥' (ਕੁਚਜੀ, ਸੂਹੀ ਮਹਲਾ ੧, ਪੰਨਾ ੭੬੨)
ਉਥੇ ਹੀ 'ਕੁਚੱਜੀ' ਤੇ 'ਸੁਚੱਜੀ' ਦੇ ਗੁਣ ਦਰਸਾਏ। ਸੁਚੱਜੀ ਉਹ ਹੀ ਹੈ ਜੋ ਭਾਣੇ ਨੂੰ ਮਿੱਠਾ ਕਰ ਕੇ ਮੰਨਦੀ ਹੈ। ਪਰਮਾਤਮਾ ਜੋ ਕਰੇ ਜੀਵ ਨੂੰ ਭਾਏ, ਇਹ ਹੀ ਸੁਚੱਜੀ ਦਾ ਵੱਡਾ ਗੁਣ ਹੈ :
'ਭਾਣੈ ਤਖਤਿ ਵਡਾਈਆ, ਭਾਣੈ ਭੀਖ ਉਦਾਸਿ ਜੀਉ ॥
ਭਾਣੈ ਥਲ ਸਿਰਿ ਸਰ ਵਹੈ, ਕਮਲ ਫੁਲੈ ਆਕਾਸਿ ਜੀਉ॥
ਭਾਣੈ ਭਵਜਲੁ ਲੰਘੀਐ, ਭਾਣੇ ਮੰਝਿ ਭਰੀਆਸਿ ਜੀਉ॥
ਭਾਣੈ ਸੋ ਸਹੁ ਰੰਗੁਲਾ, ਸਿਫਤਿ ਰਤਾ ਗੁਣਤਾਸਿ ਜੀਉ॥
ਭਾਣੈ ਸਹੁ ਭੀਹਾਵਲਾ ਹਉ ਆਵਣਿ ਜਾਣਿ ਮੁਈਆਸ ਜੀਉ॥ (ਸੁਚਜੀ, ਸੂਹੀ ਮਹਲਾ ੧, ਪੰਨਾ ੭੬੨)
ਪ੍ਰਸਿੱਧ ਮੰਦਰ ਅਵੰਤੀਪੁਰ ਦੇ ਖੰਡਰਾਤ ਵੀ ਵੇਖੇ ਅਤੇ ਧਰਮ ਦੇ ਨਾਂ 'ਤੇ ਧੱਕਾ ਦਾ ਪ੍ਰਤੱਖ ਪ੍ਰਮਾਣ ਡਿੱਠਾ। ਉਥੇ ਹੀ ਗੋਰਖ ਦੀ ਗੁਫਾ ਹੈ, ਜੋ ਸ਼ਹਿਰ ਦੇ ਬਾਹਰ ਸਪਰਾ ਨਦੀ ਦੇ ਕਿਨਾਰੇ ਹੈ। ਇਹ ਸ਼ਹਿਰ ਤੋਂ ਕੁਝ ਕੁ ਮੀਲ 'ਤੇ ਹੈ। ਇਸੇ ਨੂੰ ਅਵਿਤਕਾ ਪੁਰੀ ਵੀ ਕਹਿੰਦੇ ਹਨ। ਮਹਾਰਾਜ ਨੇ ਉਥੇ ਰਹਿੰਦੇ ਜੋਗੀਆਂ ਨੂੰ ਕਿਹਾ ਕਿ ਜੀਵਨ ਇਹ ਨਹੀਂ ਕਿ ਜੀਵਨ ਸੰਗ੍ਰਾਮ ਤੋਂ ਨੱਸਿਆ ਜਾਏ :
'ਜਿਸ ਕੈ ਅੰਤਰਿ ਸਾਚੁ ਵਸਾਵੈ॥
ਜੋਗ ਜੁਗਤਿ ਕੀ ਕੀਮਤਿ ਪਾਵੇ॥ (ਗਉੜੀ ਮਹਲਾ ੧, ਪੰਨਾ ੨੨੩)
ਉਥੇ ਹੀ ਭਰਥਰੀ ਨਾਂ ਦੇ ਜੋਗੀ ਨਾਲ ਜਦ ਗੋਸ਼ਟ ਹੋਈ ਤਾਂ ਉਸ ਨੂੰ ਕਿਹਾ ਕਿ ਜੋਗੀ ਤਾਂ ਉਹ ਹੈ ਜਿਸ ਪਾਸ ਖਿਮਾ, ਸੀਲ, ਸੰਤੋਖ, ਨਿਰਭੈ ਤੇ ਸਹਿਜ ਹੈ। ਮਾਇਆ ਦਾ ਲੇਸ਼ ਨਹੀਂ ਤੇ ਅਹੰਕਾਰ ਦਾ ਅੰਸ਼ ਨਹੀਂ। ਐਸੇ ਜੋਗੀ ਹੀ ਮੈਨੂੰ ਚੰਗੇ ਲਗਦੇ ਹਨ। ਜਦ ਉਸ ਨੇ ਪੁੱਛਿਆ ਕਿ ਤੁਹਾਡੇ ਪਾਸ ਇੰਨਾ ਨੂਰ ਕਿਸ ਤਰ੍ਹਾਂ ਆਇਆ ਤੇ ਤੁਸੀਂ ਕਿਹੜਾ ਇਸ਼ਨਾਨ ਰੋਜ਼ ਕਰਦੇ ਹੋ ਕਿ ਇੰਨੇ ਸਵੱਛ ਹੋ ਤਾਂ ਗੁਰੂ ਜੀ ਨੇ ਕਿਹਾ : 'ਸੰਸਾਰ ਦਾ ਘਾਟ ਛੱਡ ਕੇ ਇਕ ਅਨੋਖੀ ਘਾਟੀ ਰਾਮ ਦੀ ਚੜ੍ਹ ਕੇ ਸਤਿਸੰਗ ਦੇ ਸਰੋਵਰ ਇਸ਼ਨਾਨ ਕੀਤਾ ਹੈ, ਕੁਝ ਵਾਧੂ ਨਹੀਂ ਬੋਲਦਾ ਤੇ ਪ੍ਰਭੂ ਦੇ ਗੁਣ ਗਾਂਦਾ ਹਾਂ :
'ਉਤਰਿ ਅਵਘਟਿ ਸਰਵਰਿ ਨਾਵੈ॥
ਬਕੈ ਨ ਬੋਲੈ ਹਰਿ ਗੁਣ ਗਾਵੈ ॥ (ਆਸਾ ਮਹਲਾ ੧, ਅਸਟਪਦੀਆਂ, ਪੰਨਾ ੪੧੧)
ਬਸ ਸੱਚ ਦਾ ਵਰਤ ਰੱਖਿਆਂ ਮੌਤ ਦਾ ਡਰ ਨਹੀਂ ਸਤਾਂਦਾ ਤੇ ਸ਼ਬਦ ਦੇ ਸਿਵਾ ਕਿਸੇ ਹੋਰ ਵਿਚ ਕ੍ਰੋਧ ਗਵਾਉਣ ਦੀ ਸ਼ਕਤੀ ਨਹੀਂ :
'ਸਚੁ ਬ੍ਰਤੁ ਨੇਮ ਨ ਕਾਲ ਸੰਤਾਵੈ ॥
ਸਤਿਗੁਰ ਸਬਦਿ ਕਰੋਧੁ ਜਲਾਵੈ ॥