

ਪਤਾ ਨਹੀਂ ਕੀ ਆਇਆ ਸਵੇਰੇ ਉਠਦੇ ਸਾਰ ਹੀ ਉਸ ਦੀ ਮੰਜੀ, ਭਾਂਡੇ ਤੋੜ ਦਿੱਤੇ ਅਤੇ ਝੁੱਗੀ ਨੂੰ ਵੀ ਅੱਗ ਲਗਾ ਦਿੱਤੀ। ਉਸ ਹੱਥ ਜੋੜ ਪੁੱਛਿਆ : ਮਹਾਰਾਜ ਕੀ ਕੋਈ ਅਵਗਿਆ ਹੋਈ ਹੈ, ਆਪ ਸਭ ਤੋੜ, ਭੰਨ ਤੇ ਸਾੜ ਰਹੇ ਹੋ ਤਾਂ ਮਹਾਰਾਜ ਨੇ ਕਿਹਾ 'ਨਹੀਂ ਤੂੰ ਦਿਲ ਨਹੀਂ ਦੁਖਾਇਆ, ਇਸ ਅਣਸੁਖਾਵੀਂ ਵੰਡ ਨੇ ਦਿਲ ਦੁਖਾਇਆ ਹੈ। ਜਿਨ੍ਹਾਂ ਪਾਸ ਦੋਲਤ ਦੇ ਅੰਬਾਰ ਉਨ੍ਹਾਂ ਦੇ ਦਿਲ ਸੋੜੇ ਅਤੇ ਜਿਨ੍ਹਾਂ ਦੇ ਦਿਲ ਬਾਦਸ਼ਾਹ ਹੱਥ ਤੰਗ। ਆਪ ਜੀ ਨੇ ਉਸ ਨੂੰ ਨਵੀਂ ਝੁੱਗੀ ਉਸਾਰ ਕੇ ਨਵੇਂ ਬਸਤਰ, ਪਲੰਘ ਲਿਆ ਦਿੱਤੇ। ਉਪਦੇਸ਼ ਦਿੰਦੇ ਕਿਹਾ: ਕਿਰਤ ਕਰ ਕੇ ਖਾਈਂ। ਨੇਕ ਕਮਾਈ ਕਰਕੇ ਪਰਉਪਕਾਰ ਹਿੱਤ ਜ਼ਰੂਰ ਦੇਵੀਂ। ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿਚ : 'ਝੁੱਗੀ ਸਾੜੀ ਤੇ ਮਹੱਲ ਉਸਾਰੇ, ਮੰਜੀ ਤੋੜ ਕੇ ਉਸ ਨੂੰ ਪਲੰਘ ਦੇ ਸੁਖ ਦਿੱਤੇ।
ਪਾਨੀਪਤ : ਦਿੱਲੀ ਤੋਂ ਗੁਰੂ ਨਾਨਕ ਦੇਵ ਜੀ ਸੋਨੀਪਤ ਅਤੇ ਉਥੋਂ ਪਾਨੀਪਤ ਪੁੱਜੇ। ਪਾਨੀਪਤ ਸ਼ੇਖ਼ ਸ਼ਰਫ਼ ਦੀ ਦਰਗਾਹ ਸੀ। ਸ਼ੇਖ਼ ਸ਼ਰਫ਼ ਦਾ ਅਸਲ ਨਾਂ ਅਬੂ ਅਲੀ ਕਲੰਦਰ ਸੀ, ਜੋ ਈਰਾਨ ਤੋਂ ਆ ਕੇ ਪਾਨੀਪਤ ਵੱਸਿਆ ਸੀ। ਉਨ੍ਹਾਂ ਦੇ ਜਾਨਸ਼ੀਨਾਂ ਨੂੰ ਵੀ 'ਸ਼ਰਫ਼' ਕਹਿੰਦੇ ਸਨ। ਇਥੇ ਹੀ ਉਹ ਮਸਜਿਦ ਹੈ ਜਿਸ ਦੀਆਂ ਥੰਮੀਆਂ ਕਸਵੱਟੀ ਦੋ ਪੱਥਰ ਦੀਆਂ ਬਣੀਆਂ ਹੋਈਆਂ ਹਨ। ਸ਼ੇਖ਼ ਸ਼ਰਫ਼ ਦਾ ਚੇਲਾ ਤਾਹਿਰ ਖ਼ਾਨ ਸੀ, ਜਿਸ ਨੂੰ ਸਿੱਖ ਇਤਿਹਾਸ ਤੇ ਸਾਖੀਕਾਰਾਂ ਨੇ 'ਟਟਹੀਰੀ' ਲਿਖਿਆ ਹੈ। ਗੁਰੂ ਨਾਨਕ ਦੇਵ ਜੀ ਜਦ ਪਾਨੀਪਤ ਆਏ ਤਾਂ 'ਤਾਹਿਰ' ਨੇ ਝੁਕ ਕੇ ਸਲਾਮ-ਏ-ਲੈਕਮ ਕਿਹਾ। ਗੁਰੂ ਜੀ ਨੇ ਉਸ ਵੱਲ ਨੀਝ ਲਗਾ ਕੇ ਦੇਖਿਆ ਤੇ ਮੋੜਵਾਂ ਉੱਤਰ 'ਸਲਾਮ-ਅਲੋਕ' ਕਹਿ ਕੇ ਦਿੱਤਾ। ਫਿਰ ਪੀਰ ਕੇ ਦਸਤ ਪੇਸ਼ ਕਿਹਾ। ਤਾਹਿਰ ਹੈਰਾਨ ਹੋਇਆ ਕਿ ਸਲਾਮ ਦਾ ਜੁਆਬ ਮਿੱਥੀ ਭਾਸ਼ਾ ਅਨੁਸਾਰ 'ਵ ਅਲੈਕਮ ਸਲਾਮ' ਹੋਣਾ ਚਾਹੀਦਾ ਸੀ। ਉਹ ਨੱਸਦਾ ਆਪਣੇ ਪੀਰ ਸ਼ੇਖ ਸ਼ਰਫ਼ ਪਾਸ ਗਿਆ ਤੇ ਕਿਹਾ ਕਿ ਇਕ ਐਸਾ ਦਲੇਰ ਦਰਵੇਸ਼ ਦੇਖਿਆ ਹੈ ਜਿਸ ਨੇ ਸਲਾਮ ਨੂੰ ਫੇਰ ਕੇ ਉਲਟਾ ਪਲਟਾ ਦਿੱਤਾ ਹੈ ਤੇ 'ਸਲਾਮ ਅਲੋਕ' ਕਹਿੰਦਾ ਹੈ। ਜਦ ਗੁਰੂ ਨਾਨਕ ਦੇਵ ਜੀ ਕੋਲੋਂ ਪੀਰ ਤੇ ਟਟਹੀਰੀ ਨੇ ਸਲਾਮ-ਅਲੇਕ ਦੇ ਅਰਥ ਪੁੱਛੇ ਤਾਂ ਮਹਾਰਾਜ ਨੇ ਕਿਹਾ ਕਿ ਜਦ ਤੁਸੀਂ ਇਕ ਦੂਜੇ ਨੂੰ ਮਿਲਦੇ ਹੋ ਤਾਂ ਕਹਿੰਦੇ ਹੋ ਕਿ 'ਤੈਨੂੰ ਸ਼ਾਂਤੀ ਮਿਲੇ', ਅਗਲਾ ਮੋੜਵਾਂ ਉੱਤਰ ਦੇ ਕੇ ਕਹਿੰਦਾ ਹੈ 'ਤੈਨੂੰ ਵੀ ਉਹ ਹੀ ਮਿਲੇ'। ਹੋ ਤੁਸੀਂ ਇਕ ਅੱਲਾਹ ਦੇ ਪੁਜਾਰੀ ਪਰ ਤਮਾਸ਼ਾ ਅਜੀਬ! ਨ ਦੇਣ ਵਿਚ ਅੱਲਾਹ ਨੇ ਲੈਣ ਵਿਚ ਖ਼ੁਦਾ ਪਾਕ। ਸੋ ਜੱਚਦਾ ਇਹ ਹੀ ਹੈ 'ਸਲਾਮ-ਅਲੇਕ' ।ਨ ਦਿੱਸਦਾ ਅੱਲਾਹ ਸ਼ਾਂਤੀ ਦੇਵੇ। ਸ਼ੇਖ਼ ਨੇ ਕਈ ਸੁਆਲ ਕੀਤੇ ਜਿਨ੍ਹਾਂ ਦਾ ਵੇਰਵਾ ਪੁਰਾਤਨ ਜਨਮ ਸਾਖੀ ਤੇ ਭਾਈ ਮਨੀ ਸਿੰਘ ਜੀ ਨੇ ਦਿੱਤਾ ਹੈ। ਉਸ ਦਾ ਪਹਿਲਾ ਸੁਆਲ ਸੀ 'ਕਿਥੋਂ ਆਏ ਹੋ ? ਮਹਾਰਾਜ ਨੇ ਉੱਤਰ ਦੇਂਦੇ ਕਿਹਾ: 'ਇਥੋਂ ਹੀ ਆਏ ਹਾਂ।' ਕੁਝ ਕਾਹਲਾ ਪੈ ਕੇ ਕਹਿਣ ਲੱਗਾ 'ਬਸ ਇਕ ਮੈਂ-ਪਣ ਹੀ ਆਪ ਜੀ ਪਾਸ ਹੈ ਹੋਰ ਕੁਝ ਨਹੀਂ ?" ਮਹਾਰਾਜ ਨੇ ਉਸੇ ਠਰੰਮੂ ਵਿਚ ਉੱਤਰ ਦਿੱਤਾ, 'ਮੈਂ-ਪਣੇ ਦਾ ਮਾਨ ਮੁੱਕ ਚੁੱਕਾ ਹੈ। ਭਾਈ ਮਨੀ ਸਿੰਘ ਜੀ ਅਨੁਸਾਰ ਫ਼ਕੀਰ ਨੇ ਕਿਹਾ : 'ਅਸ਼ਮਨ ਮਨ। ਤਾਂ ਮਹਾਰਾਜ ਨੇ ਕਿਹਾ : 'ਸ਼ਮਨ ਸੁ ਮਾਨ । ਉਸ ਫਿਰ ਪੁੱਛਿਆ ਕਿ ਤੁਸਾਂ ਤ੍ਰਿਸ਼ਨਾ ਕਿਵੇਂ ਮਾਰ ਲਈ।