

ਦੇ ਕੇ ਸ਼ਬਦ ਦੀ ਜਾਗ ਲਗਾਈ। ਸਾਧ ਸੰਗਤ ਵਿਚ ਜਾ ਟਿਕਾ ਦਿੱਤਾ ਅਤੇ ਮਨ ਬੀਚਾਰ ਦਾ ਰੇੜਕਾ ਪਾਇਆ। 'ਮਨ ਬੀਚਾਰ ਕਾ ਮਥਨ ਕੀਆ।' ਆਪੇ ਦਾ ਖ਼ਿਆਲ ਛੱਡ ਕੇ ਭਾਣਾ ਮੰਨਣ ਨੂੰ ਰੱਖਣਾ ਬਣਾਇਆ। ਐਸਾ ਸਵਾਦ ਆਇਆ ਕਿ ਰੱਜ ਗਏ।
"ਭਾਣਾ ਮੰਨਣ ਚਾਖ ਕਰ ਸਾਦਾ।
ਤ੍ਰਿਪਤ ਭਏ ਸ੍ਰੀ ਗੁਰ ਪਰਸਾਦਾ।''
ਆਪ ਜੀ ਦੇ ਵਿਚਾਰਾਂ ਨੇ ਸਿਧਾਂ ਵਿਚ ਹਲਚਲ ਮਚਾ ਦਿੱਤੀ। ਆਪਣੇ ਟਿਕਾਣਿਆਂ ਤੋਂ ਸਾਰੇ ਹੀ ਹਿੱਲ ਗਏ। ਇਹ ਹੀ ਕਾਰਨ ਹੈ ਕਿ ਖੁਣਸ ਖਾ ਕੇ ਸਾਰੇ ਕੁਝ ਸਾਲਾਂ ਬਾਅਦ ਇਕੱਠੇ ਹੋ ਕੇ ਅਚਲ ਬਟਾਲਾ, ਕਰਤਾਰਪੁਰ ਦੇ ਨੇੜੇ ਆਏ। ਮਹਾਰਾਜ ਆਪਣੇ ਮੰਤਵ ਵਿਚ ਕਾਮਯਾਬ ਸਨ। ਉਨ੍ਹਾਂ ਨੂੰ ਪਹਾੜਾਂ ਤੋਂ ਥੱਲੇ ਲੋਕਾਂ ਵਿਚ ਲਿਆਉਣਾ ਸੀ. ਉਹ ਉਸ ਵਿਚ ਸਫਲ ਹੋ ਗਏ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ :
'ਸਿਧ ਨਾਥ ਅਵਤਾਰ ਸਭ ਗੋਸ਼ਟ ਕਰ ਕਰ ਕੰਨ ਫੜਾਯਾ'॥੨॥
ਅਤੇ ਹੁਣ :
'ਸਿਧ ਆਸਣੁ ਸਭ ਜਗਤ ਦੇ, ਨਾਨਕ ਆਦਿ ਮਤੇ ਜੇ ਕੋਆ।'
ਸਾਰੇ ਸਿਧਾਂ ਦੇ ਆਸਣਾਂ, ਟਿਕਾਣਿਆਂ ਨੇ ਗੁਰੂ ਨਾਨਕ ਦਾ ਮਤ ਮੰਨ ਲਿਆ। ਸਭ 'ਨਾਨਕ ਮਤਾ ਹੋਏ।
ਨੇਪਾਲ : ਉਥੇ ਆਪ ਜੀ ਨੇਪਾਲ ਦੀ ਰਿਆਸਤ ਜਾ ਪੁੱਜੇ । ਚਤਰੇ ਨਗਰ ਦੇ ਗੁਸਾਈਂ ਨੇ ਗੁਰੂ ਦੀਖਿਆ ਲਈ। ਉਥੋਂ ਹੀ ਵਰਾਹ ਖੇਤਰ ਪਾਰ ਕਰ ਕੇ ਪਲਟੀ ਝੀਲ ਦੇ ਕਿਨਾਰੇ ਹਵੇਲ ਖਾਂਚੀ ਦੇ ਪਰਬਤਾਂ ਨੂੰ ਚੀਰਦੇ, ਕਿਸ਼ਨ ਤਾਲ, ਧੌਲਗੜ੍ਹ ਹੁੰਦੇ ਹੋਏ ਖਟਮੰਡ, ਨੇਪਾਲ ਦੀ ਰਾਜਧਾਨੀ ਪੁੱਜੇ। ਵਰਾਹ ਖੇਤਰ ਵਿਚ ਬੇਰੀ ਵਰਗੇ ਦਰੱਖ਼ਤ ਹਨ ਜਿਨ੍ਹਾਂ ਦੇ ਫਲ ਦੀ ਗੁਠਲੀ ਦੇ ਮਣਕੇ ਸਨਯਾਸੀ ਪਾਸ ਰੱਖਦੇ ਹਨ।
ਖਟਮੰਡ ਵਿਖੇ ਪਸ਼ੂਪਤੀ ਮੰਦਰ ਲਾਗੇ ਹੀ ਬਾਘਮਤੀ ਗੰਗਾ ਦੇ ਕਿਨਾਰੇ ਆਪ ਜੀ ਨੇ ਟਿਕਾਣਾ ਕੀਤਾ ਤੇ ਸ਼ਬਦ ਗਾਵਿਆ। ਸ਼ਬਦ ਦੀ ਆਵਾਜ਼ ਸੁਣ ਕੇ ਗੋਸਾਈਂ ਚਰਚਾ ਲਈ ਉੱਠ ਆਏ। ਸਭ ਨੂੰ ਮਹਾਰਾਜ ਨੇ ਸ਼ਬਦ ਵਿਚ ਜੁੜਨ ਦਾ ਉਪਦੇਸ਼ ਦਿੱਤਾ ਤੇ ਪਾਖਾਨ-ਪੂਜਾ ਤੋਂ ਵਰਜਿਆ। ਉਥੋਂ ਦਾ ਰਾਜਾ ਰਣਬੀਰ ਸਿੰਘ ਗੁਰੂ ਜੀ ਦਾ ਸੰਗਤੀ ਬਣ ਗਿਆ। ਗੁਰੂ ਬਖਸ਼ਸ਼ ਨਾਲ ਰਾਜੇ ਘਰ ਸੰਤਾਨ ਵੀ ਹੋਈ। ਅੱਜ ਤੱਕ ਗੁਰੂ ਘਰ ਦਾ ਨੇਪਾਲ ਵਿਖੇ ਸਨਮਾਨ ਹੁੰਦਾ ਹੈ।
ਤਿੱਬਤ : ਦਰਿਆ ਸੁਣਕੋਸੀ, ਅਰੁਣ ਪਾਰ ਕਰਕੇ ਕੰਚਨ ਜੰਗਾ ਤੋਂ ਹੁੰਦੇ ਅਤੇ ਸੁਨਹਿਰੀ ਪਹਾੜਾਂ ਨੂੰ ਲਿਤਾੜਦੇ ਹੋਏ ਸਿੱਕਮ ਦੇਸ਼ ਪੁੱਜੇ। ਮਰਦਾਨਾ ਜੀ ਨੇ ਕਿਹਾ ਕਿ ਅਸੀਂ ਤਾਂ ਸੋਨਾ ਲਿਤਾੜਦੇ ਜਾ ਰਹੇ ਹਾਂ ਤਾਂ ਮਹਾਰਾਜ ਨੇ ਉੱਤਰ ਦਿੱਤਾ ਕਿ ਜਦ ਉੱਚੇ ਹੋ ਜਾਈਏ ਤਾਂ ਮਾਇਆ ਪੈਰਾਂ ਥੱਲੇ ਹੀ ਰਹਿੰਦੀ ਹੈ। ਉੱਤਰ ਵਾਲੇ ਪਾਸੇ ਸਿਕਮ ਦੀ ਰਾਜਧਾਨੀ ਗੰਗਟੋਕ ਪੁੱਜੇ। ਸਿੱਕਮ ਤੋਂ ਹੀ ਤਿੱਬਤ ਚਲੇ ਗਏ। ਕਈਆਂ ਦਾ ਕਹਿਣਾ ਹੈ ਕਿ ਜਨਮ ਸਾਖੀ ਵਿਚ ਜਿਸ ਅਲਲਾਚੀਨ ਦਾ ਜ਼ਿਕਰ ਹੈ ਉਹ ਚੀਨ ਦਾ ਸ਼ਹਿਰ ਹੈ ਤੇ ਉਥੇ ਹੀ ਚੀਨਿਆਂ ਦਾ ਵੱਡਾ ਮੇਲਾ ਹੁੰਦਾ ਹੈ। ਚੀਨ ਦੀਆਂ ਹੱਦਾਂ ਨੂੰ ਛੋਹ ਕੇ