

ਨਵੀਂ ਬਣਵਾਈ ਤਾਂ ਵੀ ਭੈਣ ਜੀ ਕੋਲੋਂ ਹੀ ਰੁਪਏ ਲਏ ਸਨ।
ਭਾਈ ਕਾਹਨ ਸਿੰਘ ਜੀ ਨੇ ਮਹਾਨਕੋਸ਼ ਵਿਚ ਲਿਖਿਆ ਹੈ: 'ਉਹ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਵਾਲੀ ਸਭ ਤੋਂ ਪਹਿਲੀ ਸੀ। ਗੱਲ ਬਿਲਕੁਲ ਠੀਕ ਹੈ। ਗੁਰੂ ਨਾਨਕ ਦੇਵ ਜੀ ਨੂੰ ਬੇਬੇ ਨਾਨਕੀ ਨੇ ਵੀਰ ਕਰਕੇ ਨਹੀਂ, ਪੀਰ ਕਰਕੇ ਜਾਣਿਆ। ਇਕੋ ਉਦਾਹਰਨ ਹੀ ਬਹੁਤ ਹੈ ਕਿ ਜਦ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਮੋਦੀਖਾਨੇ ਦੀ ਕਾਰ ਸੰਭਾਲਣ ਲਈ ਪੁੱਜੇ ਤਾਂ ਬੇਬੇ ਨਾਨਕੀ ਨੇ ਪੈਰ ਛੂਹੇ। ਗੁਰੂ ਨਾਨਕ ਦੇਵ ਜੀ ਕੁਝ ਪਿੱਛੇ ਹਟ ਗਏ ਤੇ ਕਹਿਣ ਲੱਗੇ : ਬੇਬੇ ਜੀ, ਵੱਡੀ ਹੈਂ, ਮੈਂ ਤੇਰੇ ਪੈਰਾਂ 'ਤੇ ਪਵਾਂ ਕਿ ਤੂੰ ਪਵੇਂ ਤਾਂ ਸ਼ਰਧਾ ਵਿਚ ਭਿੱਜੀ ਭੈਣ ਨੇ ਕਿਹਾ ਸੀ : ਭਾਈ ਜੀ! ਤੂੰ ਸੱਚ ਆਖਦਾ ਹੈਂ ਪਰ ਜੇ ਤੂੰ ਆਦਮੀ ਹੋਵੇਂ ਤਾਂ? ਤੂੰ ਤਾਂ ਪਰਮੇਸ਼ਰ ਨਜ਼ਰ ਆਉਂਦਾ ਹੈ। ਉਹ ਸਦਾ ਕਿਹਾ ਕਰਦੇ ਸਨ : ਨਾਨਕ ਕੋਈ ਇਸ ਜਗਤ ਦਾ ਜੀਵ ਨਹੀਂ, ਫ਼ਕੀਰ ਦੋਸਤ ਹੈ।
ਇਕ ਵਾਰੀ ਜਦ ਗੁਰੂ ਨਾਨਕ ਦੇਵ ਜੀ ਦੀ ਸੱਸ ਚੰਨੋ ਨੇ ਸੁਲਤਾਨਪੁਰ ਆ ਕੇ ਕੁਝ ਵੱਧ ਘੱਟ ਗੱਲ ਕੀਤੀ ਤਾਂ ਬੇਬੇ ਨਾਨਕੀ ਜੀ ਨੇ ਜੋ ਉਸ ਸਮੇਂ ਕਿਹਾ। ਉਸ ਤੋਂ ਉਨ੍ਹਾਂ ਦਾ ਭੈਣ-ਪਿਆਰ ਤਾਂ ਡਲ੍ਹਕਾਂ ਮਾਰਦਾ ਹੀ ਹੈ ਪਰ ਗੁਰੂ ਜੀ ਦੀ ਸ਼ਖਸੀਅਤ ਦਾ ਇਕ ਹੋਰ ਪੱਖ ਵੀ ਉੱਘੜ ਆਉਂਦਾ ਹੈ। ਬੇਬੇ ਜੀ ਨੇ ਕਿਹਾ :
'ਸੁਣਿ ਮਾਸੀ ਜੀ! ਮੈਂ ਭਰਾਉਂ ਤਕ ਕੀ ਸਮਝਾਵਾਂ। ਭਿਰਾਉ ਮੇਰਾ ਚੋਰ ਨਾਹੀ, ਯਾਰ ਨਾਹੀ, ਜੁਆਰੀ ਨਾਹੀ, ਕੋਈ ਬੁਰਾ ਕੰਮ ਨਹੀਂ ਕਰਦਾ। ਮੈਂ ਉਸ ਨੂੰ ਕਿਆ ਸਮਝਾਵਾਂ। ਉਹ ਪੁੰਨ ਦਾਨ ਕਰਦਾ ਹੈ, ਨੰਗੇ ਭੁੱਖੇ ਨੂੰ ਦੇਂਦਾ ਹੈ, ਤਾਂ ਆਪਣੀ ਖੱਟੀ ਕਮਾਈ ਵਿਚੋਂ ਕਰਦਾ ਹੈ। ਮੈਂ ਕੀ ਸਮਝਾਵਾਂ ? ਆਪਣੀ ਕਮਾਈ ਵਿਚੋਂ ਭਾਵੇਂ ਸੋ ਕਰੇ।'
'ਮਾਸੀ। ਤੁਸੀਂ ਉਲ੍ਹਾਮੇ ਤਾਂ ਦੇਵੋ ਜੇ ਤੇਰੀ ਧੀ ਨੰਗੀ ਭੁੱਖੀ ਰਹਿੰਦੀ ਹੋਵੇ ਤਾਂ ਤੁਸੀਂ ਉਲ੍ਹਾਮੇ ਦੇਂਦੇ ਬਣੇ ਅਤੇ ਮਾਸੀ ਚੰਗੇ ਭਲੇ ਖਾਂਦੇ ਕਮਾਂਵਦੇ ਨੂੰ ਤਾਂ ਖੁਆਰ ਨਾ ਕਰੋ ਤਾਂ ਤੁਸੀਂ ਜਾਣੋ ਤੁਸਾਡੀ ਖ਼ੁਸ਼ੀ। ਅਸਾਡਾ ਮੂੰਹੋਂ ਸੁਆਦ ਨਹੀਂ ਦੇਂਦਾ। ਅਸੀਂ ਮੂੰਹੋਂ ਕੁਝ ਆਖੀਅਹਿ। ਤੂੰ ਸੁਣ ਮਾਸੀ । ਗਹਿਣੇ ਦੀ ਜਾਇ ਗਹਿਣਾ ਹੈ। ਕਪੜੇ ਦੀ ਜਾਇ ਕਪੜਾ ਹੈ। ਅੰਨ ਦੀ ਜਾਇ ਅੰਨ ਹੈ ਅਤੇ ਮੈਂ ਅਸਤ-ਅਸਤ ਕਰਦੀ ਰਹਿੰਦੀ ਹਾਂ ਅਤੇ ਭਾਬੀ ਬਿਨਾਂ ਮੈਂ ਇਸ ਮੂੰਹੋਂ ਨਾਉਂ ਕਦੇ ਸੱਦਿਆ ਨਹੀਂ।
ਬੇਬੇ ਨਾਨਕੀ ਦਾ ਜਨਮ ਆਪਣੇ ਨਾਨਕੇ ਪਿੰਡ ਚਾਹਲ, ਥਾਣਾ ਬਰਕੀ, ਜ਼ਿਲ੍ਹਾ ਲਾਹੌਰ ਸੰਨ ੧੪੬੪ ਨੂੰ ਹੋਇਆ ਸੀ। ਗਿਆਰਾਂ ਸਾਲ ਦੀ ਉਮਰ ਵਿਚ ਜੈ ਰਾਮ ਜੀ ਨਾਲ ਵਿਆਹ ਹੋ ਗਿਆ ਸੀ । ਜੇ ਰਾਮ ਜੀ ਨਾਨਕੀ ਜੀ ਨੂੰ ਕਿੰਨਾ ਆਦਰ ਦੇਂਦੇ ਸਨ ਉਹ ਉਨ੍ਹਾਂ ਦੇ ਇਕ ਵਾਰੀ ਆਖੇ ਸ਼ਬਦਾਂ ਤੋਂ ਪ੍ਰਗਟ ਹੈ।
ਜੈ ਰਾਮ ਜੀ ਨੇ ਕਿਹਾ ਸੀ :
'ਬਹੂ ਜੀ! ਤੂੰ ਨਾਨਕ ਜੀ ਦੀ ਭੈਣ ਹੈਂ, ਤੈਨੂੰ ਵੀ ਇਸ ਦਾ ਕੁਝ ਅਸਰ ਹੈ ਅਤੇ ਅਸੀਂ ਈਵੇਂ ਭਰਮ ਵਿਚ ਭਟਕਦੇ ਹਾਂ। ਧੰਨ ਪਰਮੇਸ਼ਰ ਜੀ ਹੈ ਅਤੇ ਧੰਨ ਨਾਨਕ ਜੀ ਹੈ ਅਤੇ ਤੂੰ ਵੀ ਧੰਨ ਹੈਂ ਜੋ ਇਸ ਦੀ ਭੈਣ ਹੈਂ। ਪਰ ਥੋੜ੍ਹੇ-ਥੋੜ੍ਹੇ ਅਸੀਂ ਵੀ ਧੰਨ ਹਾਂ