

ਰਹੀਆਂ। ਪੁਰਾਤਨ ਜਨਮ ਸਾਖੀ ਅਨੁਸਾਰ ਗੁਰੂ ਜੀ ਨੇ ਆਸਾ ਦੀ ਵਾਰ ਦੀਆਂ ੯ ਪਉੜੀਆਂ ਉਥੇ ਉਚਾਰੀਆਂ। ੧੫ ਪਉੜੀਆਂ ਦੁਨੀ ਚੰਦ ਦੀ ਡਿਉੜੀ, ਲਾਹੌਰ ਵਿਚ ਉਚਾਰੀਆਂ ਸਨ। ਉਥੇ ਦੁਨੀ ਦਾ ਪ੍ਰਭਾਵ ਲਾਹਿਆ ਸੀ, ਇਥੇ ਅਸਲ ਦੀਨ ਦਰਸਾਇਆ। ਜਦ ਸ਼ੇਖ ਬ੍ਰਹਮ ਨੇ ਪੁੱਛਿਆ, 'ਨਾਨਕ। ਨਦਰ ਪਿਛੇ ਸੇਵਾ ਕਿ ਸੇਵਾ ਪਿਛੈ ਨਦਰ', ਤਾਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ :
'ਸੇਵਾ ਕਰਿ-ਕਰਿ ਗਰਬੁ ਨ ਕਰੀ, ਨਿਹਗਰਬਾ (ਨਿਰ ਹੰਕਾਰ) ਹੋਇ ਤਾਂ ਇਸ ਊਪਰ ਸਾਹਿਬ ਕੀ ਨਦਰ ਹੋਇ। ਸੋ ਪਹਿਲੋਂ ਸੇਵਾ ਤੇ ਸਾਹਿਬ ਪਾਈਵੇ । ਫਿਰ ਉਸ ਨੇ ਪੁੱਛਿਆ ਕਿ 'ਕਿਹੜੀ ਛੁਰੀ ਚਲਾਈ ਜਾਏ ਕਿ ਬੰਦਾ ਹਲਾਲ ਹੋਵੇ।' ਗੁਰੂ ਨਾਨਕ ਦੇਵ ਜੀ ਨੇ ਫ਼ਰਮਾਇਆ:
'ਸਚ ਕੀ ਕਾਤੀ, ਸਚੁ ਸਭੁ ਸਾਰੁ ॥
ਘਾੜਤ ਤਿਸ ਕੀ ਅਪਰ ਅਪਾਰ।
ਸਬਦੇ ਸਾਣ ਰਖਾਈ ਲਾਇ।
ਗੁਣ ਕੀ ਥੇਕੈ ਵਿਚਿ ਸਮਾਇ।
ਤਿਸ ਦਾ ਕੁਠਾ ਹੋਵੈ ਸੇਖੁ।
ਲੋਹੂ ਲਬੁ ਨਿਕਥਾ ਵੇਖੁ।
ਹੋਇ ਹਲਾਲੁ ਲਗੈ ਹਕਿ ਜਾਇ।
ਨਾਨਕ ਦਰਿ ਦੀਦਾਰਿ ਸਮਾਇ।'
(ਰਾਮਕਲੀ ਕੀ ਵਾਰ, ਮਹਲਾ ੧)
ਭਾਵ ਸੀ : ਛੁਰੀ ਪ੍ਰਭੂ ਦੇ ਨਾਮ ਵਿਚ ਤਿਆਰ ਕਰੋ ਅਤੇ ਉਸ ਨੂੰ ਸ਼ਬਦ ਦੀ ਸਾਣ 'ਤੇ ਰੱਖ ਕੇ ਤਿੱਖਾ ਕਰੇ ਤੇ ਪ੍ਰਭੂ ਦੇ ਗੁਣਾਂ ਵਾਲੀ ਮਿਆਨ ਵਿਚ ਛੁਰੀ ਟਿਕਾਈ ਰੱਖੇ, ਰਾਹ ਜਾਂਦੇ ਗਲਾ ਨਾ ਕੱਟੀ ਫਿਰੇ। ਇਸ ਛੁਰੀ ਨਾਲ ਸ਼ੇਖ ਜੀ, ਜੇ ਆਪਣੇ ਆਪ ਨੂੰ ਕੱਟ ਦਿੱਤਾ ਜਾਏ ਤਾਂ ਲਬ ਰੂਪ ਲਹੂ ਜ਼ਰੂਰ ਨਿਕਲ ਜਾਏਗਾ ਪਰ ਪ੍ਰਭੂ ਦਰ ਪ੍ਰਾਪਤ ਹੋ ਜਾਏਗਾ।
ਉਸ ਨੇ 'ਵਾਹ ਨਾਨਕ ਜਿਨਿ ਸਾਹਿਬ ਦੇ ਰਾਹਿ ਦੀ ਸੋਝੀ ਦਿੱਤੀਅਸੁ' ਆਖ ਸਿਰ ਝੁਕਾਇਆ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿਚ :
'ਜਬ ਪੀਰ ਯਹ ਜਾਮ ਵਹਦਤ ਪੀਆ।
ਮੁਹਬਤ ਕੇ ਦਰਿਯਾਇ ਗੋਤਾ ਲੀਆ।''
ਗੁਰੂ ਨਾਨਕ ਦੇਵ ਜੀ ਨੇ ਉਸ ਕੋਲੋਂ ਹੀ ਬਾਬਾ ਫ਼ਰੀਦ ਜੀ ਦੇ ੧੧੨ ਸਲੋਕ ਤੇ 8 ਸ਼ਬਦ ਲੈ ਕਿਤਾਬ ਵਿਚ ਦਰਜ ਕੀਤੇ ਜਿਨ੍ਹਾਂ ਨੂੰ ਪਿੱਛੋਂ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਦੇਵ ਜੀ ਨੇ ਦਰਜ ਕਰ ਕੇ 'ਏਕੋ ਧਰਮ ਦ੍ਰਿੜੈ ਸਚ ਕੋਇ' ਦਾ ਪ੍ਰਤੱਖ ਪ੍ਰਮਾਣ ਦਿੱਤਾ।
1. ਗੁਰੂ ਗ੍ਰੰਥ ਸਾਹਿਬ, ਪੰਨਾ ੯੫੬।
2. ਮਹਿਮਾ ਪ੍ਰਕਾਸ਼, ਸਾਖੀ ਸ਼ੇਖ ਬ੍ਰਹਮ ਸੋ ਚਰਚਾ।