

ਪਾਤਾਲਾ ਆਕਾਸ਼ ਲਖ ਓੜਕਿ ਭਾਲੀ ਖਬਰੁ ਸੁਣਾਈ।
ਫੇਰਿ ਦੁਰਾਇਣਿ ਦਸਤਗੀਰ ਅਸੀਂ ਭਿ ਵੇਖਾ ਜੋ ਤੁਹਿ ਪਾਈ।
ਨਾਲਿ ਲੀਤਾ ਬੇਟਾ ਪੀਰ ਦਾ ਅਖੀ ਮੀਟਿ ਗਿਆ ਹਾਵਾਈ।
ਲਖ ਅਕਾਸ ਪਤਾਲ ਲਖ ਅਖਿ ਫੁਰਕ ਵਿਚਿ ਸਭ ਦਿਖਲਾਈ।
ਭਰਿ ਕਚਕੋਲ ਪ੍ਰਸਾਦਿ ਦਾ ਧੁਰੋ ਪਤਾਲੋਂ ਲਈ ਕੜਾਹੀ।
ਜ਼ਾਹਰ ਕਲਾ ਨ ਛਪੈ ਛਪਾਈ। ੩੬।੧।
ਜਿੱਥੇ ਗੁਰੂ ਮਹਾਰਾਜ ਜੀ ਨੇ ਬੈਠ ਕੇ ਸਾਰੇ ਉਪਦੇਸ਼ ਦਿੱਤੇ ਸਨ, ਉਹ ਬੜ੍ਹਾ ਯਾਦਗਾਰ ਵਜੋਂ ਕਾਇਮ ਕਰ ਦਿੱਤਾ ਗਿਆ। ਪਿੱਛੋਂ ਉਸ ਦੀ ਮੁੜ ਉਸਾਰੀ ਵੀ ਕੀਤੀ ਗਈ ਤੇ ਇਹ ਸ਼ਬਦ ਤੁਰਕੀ ਵਿਚ ਲਿਖ ਦਿੱਤੇ ਗਏ :
'ਕੋਰਲਾ ਮੁਰਾਦ ਐਲਦੀ ਹਜ਼ਰਤ ਰਬਿਲ ਮਜੀਦ ।
ਬਾਬਾ ਨਾਨਕ ਫ਼ਕੀਰ ਔਲਾ ਨਾਕਿ ਇਮਾਰਤੇ ਜਦੀਦ।
ਯਦੀਲਰ ਇਮਦਾਦ ਐਦ੍ਰਬ ਕਿਲਦੀ ਕਿ ਤਾਰੀਖੇਨਾ,
ਯਾਪਦੀ ਨਾਬ ਅਜਰਾਯਾਰ ਅਬੀ ਮੁਰੀਦ ਸਈਦ। (ਸੰਨ ੯੧੭ ਹਿ:)
ਇਸ ਦਾ ਭਾਵ ਇਹ ਹੈ, 'ਮੁਰਾਦ ਨੇ ਦੇਖੀ ਡਿੱਗੀ ਹੋਈ ਹਜ਼ਰਤ ਰੱਬ ਮਜੀਦ ਬਾਬਾ ਨਾਨਕ ਔਲੀਆ ਅੱਲਾ ਦੀ ਇਮਾਰਤ ਤਾਂ ਨਵੀਂ ਆਪਣੇ ਹੱਥਾਂ ਦੀ ਸਹਾਇਤਾ ਨਾਲ ਬਣਾ ਦਿੱਤੀ ਤਾਂਕਿ ਇਤਿਹਾਸ ਦੇ ਤੋਰ ਤੇ ਪੀੜ੍ਹੀ ਦਰ ਪੀੜ੍ਹੀ ਕਾਇਮ ਰਹੇ ਅਤੇ ਉਨ੍ਹਾਂ ਦੇ ਧੰਨ ਭਾਗੇ ਮੁਰੀਦ ਦੀ ਨੇਕੀ ਜਾਰੀ ਰਹੇ। ਸੰਨ ੯੧੭ ਹਿਜਰੀ ।
ਪਾਦਰੀ ਮੈਕਲੋਡ ਨੇ ਆਪਣੀ ਪੁਸਤਕ 'ਗੁਰੂ ਨਾਨਕ ਐਂਡ ਦੀ ਸਿੱਖ ਰੀਲੀਜਨ' ਨਾਂ ਦੀ ਪੁਸਤਕ ਵਿਚ ਇਹ ਕਿੰਤੂ ਕੀਤਾ ਹੈ ਕਿ ਬੜ੍ਹਾ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਨਹੀਂ। ਇਸ ਤੋਂ ਵੱਡੀ ਇਤਿਹਾਸਕ ਬਦਦਿਆਨਤੀ ਜੋ ਮੈਕਲੋਡ ਨੇ ਕੀਤੀ, ਨਹੀਂ ਹੋ ਸਕਦੀ। ਜਦ ਉਹ ਆਪ ਭਾਈ ਗੁਰਦਾਸ ਜੀ ਦੇ ਲਿਖੇ ਨੂੰ ਠੀਕ ਤੇ ਸ਼ੁੱਧ ਮੰਨਦਾ ਹੈ, ਤਾਂ ਹੋਰ ਕਿਸੇ ਗਵਾਹੀ ਦੀ ਲੋੜ ਨਹੀਂ। ਭਾਈ ਗੁਰਦਾਸ ਜੀ ਦਾ 'ਬਾਹਰ ਜਾਇ ਕੀਆ ਅਸਥਾਨਾ' ਲਿਖਣਾ ਹੀ ਇਸ ਥੜ੍ਹੇ ਨੂੰ ਠੀਕ ਸਾਬਤ ਕਰਨ ਲਈ ਕਾਫ਼ੀ ਹੈ। ਇਹ ਅਸਥਾਨ ਸ਼ਹਿਰ ਤੋਂ ਬਾਹਰ ਹੈ ਤੇ ਰੇਲਵੇ ਯਾਰਡ ਦੇ ਵਿਚਕਾਰ ਹੁਣ ਘਿਰ ਗਿਆ ਹੈ। ਦੂਜੇ ਉਸ ਨੇ ਆਪੂੰ ਤਰਜਮਾ ਨਾ ਕਰਕੇ ਡਾਕਟਰ ਵੀ. ਐਲ. ਮੈਨਗ, ਰੀਡਰ ਇਨ ਤੁਰਕੀ, ਓਰੀਐਂਟਲ ਤੇ ਅਫ਼ਰੀਕਨ ਸਟੱਡੀਜ਼, ਲੰਡਨ ਕੋਲੋਂ ਕਰਾਉਣ ਦਾ ਯਤਨ ਕੀਤਾ, ਅਰੰਭ ਵਿਚ ਹੀ ਉਸ ਨੇ ਤਰਜਮਾ ਕਰਦੇ ਭੁੱਲ ਖਾਧੀ, ਜਦ ਉਸ ਨੇ 'ਕੋਰ' ਨੂੰ ਗੋਰ ਪੜ੍ਹਿਆ ਤੇ ਫਿਰ ਜਿੱਥੇ 'ਨਾਨਕ' ਸ਼ਬਦ ਆਉਂਦਾ ਹੈ, ਉਸ ਬਾਰੇ ਲਿਖ ਦਿੱਤਾ ਕਿ ਇਹ ਹੋ ਨਹੀਂ ਸਕਦਾ। ਪਾਦਰੀ ਮੈਕਲੋਡ ਦਾ ਐਸੇ ਸਹਾਰੋ ਲੈ ਕੇ ਨਤੀਜੇ ਕੱਢਣੇ ਨਾ ਸਿਰਫ਼ ਮਾੜੇ ਹਨ ਸਗੋਂ ਕੋਝਾਪਣ ਵੀ ਹੈ।
1. ਇਥੇ ਸ਼ਾਨਦਾਰ ਗੁਰਦੁਆਰਾ ਬਣ ਗਿਆ ਸੀ ਪਰ ਇਰਾਕ ਤੇ ਅਮ੍ਰੀਕਾ ਵਲੋਂ ਬਗਦਾਦ ਤੇ ਹਵਾਈ ਹਮਲੇ (1991) ਦੌਰਾਨ ਕੁਝ ਨੁਕਸਾਨ ਹੋਇਆ ਸੀ ਪਰ ਫਿਰ ਉਸਾਰ ਦਿੱਤਾ ਗਿਆ ਹੈ।