Back ArrowLogo
Info
Profile

          ਫਿਰ ਇਕ ਹੋਰ ਡਾਕਟਰ ਹਰੀ ਰਾਮ ਗੁਪਤਾ ਨੇ ਨਿਰੋਲ ਹਵਾਈ ਉਡਾ ਕੇ ਗੁਰੂ ਨਾਨਕ ਦੇਵ ਜੀ ਦੀ ਸੰਖੇਪ ਜੀਵਨੀ ਵਿਚ ਇਥੋਂ ਤਕ ਲਿਖਣ ਦੀ ਕੋਸ਼ਿਸ਼ ਕੀਤੀ ਕਿ ਮੁਰਾਦ ਦੇ ਅਰਥ ਮਰਦਾਨਾ ਹਨ ਤੇ ਮਰਦਾਨਾ ਬਗਦਾਦ ਵਿਚ ਗੁਜ਼ਰਿਆ ਤੇ ਬੜ੍ਹਾ ਗੁਰੂ ਨਾਨਕ ਦੇਵ ਜੀ ਨੇ ਬਣਵਾਇਆ। ਹੋਰ ਜੋ ਕੁਝ ਹਰੀ ਰਾਮ ਗੁਪਤਾ ਨੇ ਲਿਖਿਆ ਉਹ ਕਿਸੇ ਇਤਿਹਾਸਕਾਰ ਨੂੰ ਸੋਭਦਾ ਹੀ ਨਹੀਂ। ਉਸ ਦਾ ਇਹ ਲਿਖਣਾ ਕਿ ਮਰਦਾਨਾ ਗੁਰੂ ਲਗਦਾ ਸੀ ਤੇ ਗੁਰੂ ਨਾਨਕ ਚੇਲਾ, ਕੈਸਾ ਘਟੀਆ ਖ਼ਿਆਲ ਹੈ। ਕੋਰਲਾ ਨੂੰ ਗੋਰ ਪੜ੍ਹ ਕੇ ਐਸੇ ਗਲਤ ਨਤੀਜੇ ਕੱਢਣੇ ਘੱਟ ਤੋਂ ਘੱਟ ਇਤਿਹਾਸਕਾਰ ਨੂੰ ਤਾਂ ਨਹੀਂ ਸੋਭਦੇ। ਅਸਲ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਅਜ਼ਮਤ ਇਹ ਲੋਕੀਂ ਆਪਣੇ ਘੜੇ ਪੈਮਾਨਿਆਂ ਨਾਲ ਮਾਪਣਾ ਚਾਹੁੰਦੇ ਹਨ ਤੇ ਜਦ ਉਨ੍ਹਾਂ ਦੇ ਬਣਾਏ ਹੋਏ ਪੈਮਾਨਿਆਂ ਵਿਚ ਗੁਰੂ ਜੀ ਦੀ ਸ਼ਖ਼ਸੀਅਤ ਮਿਉਂਦੀ ਨਹੀਂ ਤਾਂ ਉਹ ਐਸੇ ਕੋਝੇ ਨਤੀਜੇ ਕੱਢਦੇ ਹਨ।

          ਕੀਰਤਨ ਦੀ ਮਹੱਤਤਾ : ਗੁਰੂ ਜੀ ਨੇ ਬਗਦਾਦ ਵਿਚ ਹੀ ਰਾਗ ਤੇ ਸ਼ਬਦ ਦੀ ਮਹੱਤਤਾ ਦਰਸਾਈ। ਆਪ ਜੀ ਦਾ ਫ਼ਰਮਾਣਾ ਸੀ ਰਤਨ ਰੂਪੀ ਰਾਗ ਵਿਚ ਅੱਲਾਹ ਤੱਕ ਲੈ ਜਾਣ ਦੀ ਸ਼ਕਤੀ ਵੀ ਹੈ ਅਤੇ ਅੰਦਰ ਅੰਮ੍ਰਿਤ ਦਾ ਚਸ਼ਮਾ ਚਲਾਉਣ ਦਾ ਵੱਲ ਵੀ। ਵਾਹਿਗੁਰੂ ਦਾ ਖਜ਼ਾਨਾ ਇਹ ਰਾਗ ਹੀ ਹੈ। ਇਸ ਸਚਾਈ ਨੂੰ ਜਾਣਨਾ ਜ਼ਰੂਰੀ ਹੈ। ਰਾਗ ਇਕਸੁਰਤਾ, ਸਮਤੋਲਤਾ, ਸ੍ਵਛਤਾ, ਸਰੂਰ ਤੇ ਮਹਾਨਤਾ ਪੈਦਾ ਕਰਦਾ ਹੈ, ਰਾਗ ਅੰਦਰਲੇ ਦੀ ਬੋਲੀ ਹੈ। ਜਿਵੇਂ ਮਨ ਦੇ ਖ਼ਿਆਲਾਂ ਨੂੰ ਪ੍ਰਗਟ ਕਰਨ ਦੀ ਬੋਲੀ ਭਾਖਾ ਹੈ, ਰਾਗ ਅੰਦਰਲੇ ਦੀ ਬੋਲੀ ਹੈ। ਰਾਗ ਵਿਚ ਸ਼ਬਦ ਰਲ ਜਾਏ ਤਾਂ ਕੀਰਤਨ ਹੋ ਜਾਂਦਾ ਹੈ, ਜੋ ਆਤਮਾ ਤੇ ਪਰਮਾਤਮਾ ਨੂੰ ਮਿਲਾ ਦਿੰਦਾ ਹੈ । ਫਿਰ ਰਾਗ ਮਨੁੱਖ ਦੀ ਰਚਨਾ ਨਹੀਂ ਹੈ, ਮਨੁੱਖ ਨੇ ਇਸ ਦੇ ਨੇਮਾਂ ਨੂੰ ਲੱਭਿਆ ਹੈ। ਇਹ ਕੁਦਰਤੀ ਵਸਤੂ ਹੈ। ਜਦ ਪੀਰ ਨੇ ਸ਼ਰਹ ਵਿਚ ਰਾਗ ਬੰਦ ਦੀ ਗੱਲ ਕਹੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ 'ਮਾੜਾ ਰਾਗ' ਉਨ੍ਹਾਂ ਬੰਦ ਕੀਤਾ, ਅਲਾਹ ਦੀ ਯਾਦ ਵਾਲਾ ਨਹੀਂ। ਜੇ ਐਸਾ ਨਾ ਹੁੰਦਾ ਤਾਂ ਆਪਣੀ ਸੁਪਤਨੀ ਆਇਸ਼ਾ ਨੂੰ ਮੋਢਿਆਂ 'ਤੇ ਚੁੱਕ ਕੇ ਅਬਦਾਲਾਂ ਦਾ ਸੰਗੀਤ ਸੁਣਾਉਣ ਲਈ ਹਜ਼ਰਤ ਮੁਹੰਮਦ ਆਪੂੰ ਨਾ ਲੈ ਜਾਂਦੇ। ਰਾਗ ਲਿਵ ਜੋੜਦਾ ਹੈ ਤੇ ਸਾਡਾ ਮਾਰਗ ਲਿਵ ਦਾ ਮਾਰਗ ਹੈ। ਜਦ ਕੋਈ ਪੁਰਸ਼ ਆਪਣਾ ਸਭ ਕੁਝ ਰੱਬ ਨੂੰ ਸੌਂਪ ਦੇਵੇ ਤਾਂ ਵਾਹਿਗੁਰੂ ਉਸ ਨੂੰ ਆਪਣੇ ਚੁਣੇ ਹੋਏ ਬੰਦਿਆਂ ਵਿਚ ਗਿਣਦਾ ਹੈ । ਵਾਹਿਗੁਰੂ ਐਸੇ ਬੰਦੇ ਨੂੰ ਉੱਜਲ ਬੁੱਧੀ, ਪਿਆਰ ਦਾ ਖ਼ਜ਼ਾਨਾ, ਸਭ ਇਲਮ ਅਤੇ ਮੇਹਰ ਮੁਹੱਬਤ ਦੀ ਦਾਤ ਦੇਂਦਾ ਹੈ।

          ਜਿਸ ਬਹਿਲੋਲ ਨੂੰ ਨਿਸਚੇ ਦੀ ਦਾਤ ਦਿੱਤੀ ਸੀ, ਉਹ ਇਤਨਾ ਬੇਪ੍ਰਵਾਹ ਹੋ ਗਿਆ ਕਿ ਇਕ ਸਮੇਂ ਇਰਾਕ ਦਾ ਬਾਦਸ਼ਾਹ ਉਸ ਪਾਸ ਆਇਆ ਤਾਂ ਉਹ ਕੰਧ ਨਾਲ ਢੋ ਲਗਾ ਲੱਤਾਂ ਨਿਸਲ ਕਰ ਆਰਾਮ ਪਏ ਕਰਦੇ ਸਨ। ਉਸ ਕੁਝ ਮੰਗਣ ਲਈ ਕਿਹਾ ਤਾਂ ਕਹਿਣ ਲੱਗੇ :

  1. ਰਾਗ ਰਤਨ ਪਰੀਆ ਪਰਵਾਰ। ਤਿਸ ਵਿਚ ਉਪਜੇ ਅੰਮ੍ਰਿਤ ਸਾਰ।

ਨਾਨਕ ਕਰਤੇ ਕਾ ਇਹੁ ਧਨੁ ਮਾਲੁ॥ ਜੇ ਕੋ ਬੂਝੈ ਏਹੁ ਬੀਚਾਰ। (ਆਸਾ ਮ: ੧, ਪੰਨਾ ੩੫੧)

172 / 237
Previous
Next