

ਪ੍ਰੇਮ, ਅਣਖ ਤੇ ਆਜ਼ਾਦੀ ਦਾ ਰਾਖਾ ਆਇਆ ਹੈ ਤੇ ਇਸ ਲਈ ਗੁਰੂ ਤੇ ਉਨ੍ਹਾਂ ਦਾ ਸਿੱਖ ਹਰ ਕੁਰਬਾਨੀ ਕਰਨ ਲਈ ਤਿਆਰ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਬਚਿੱਤ੍ਰ ਨਾਟਕ ਵਿਚ ਇਸ ਪਾਸੇ ਦੀ ਗੱਲ ਆਖੀ ਹੈ ਕਿ ਉਧਰੋਂ ਬਾਬਰ ਧਾਇਆ ਤੇ ਇਧਰੋਂ ਬਾਬਾ ਆ ਗਿਆ। ਪ੍ਰਮੇਸ਼ਰ ਨੇ ਕੈਸਾ ਦੇ ਢੁਕਾਇਆ :
ਬਾਬੇ ਕੇ ਬਾਬਰ ਕੇ ਦਊ।
ਆਪ ਕਰੇ ਪਰਮੇਸਰ ਸਊ।
ਇਸੇ ਸਬੰਧ ਵਿਚ ਗੁਲਾਮ ਅਲੀ ਖ਼ਾਨ ਸੱਯਦ ਨੇ ਪੁਸਤਕ ਇਮਾਦ-ਉਸ- ਸੁਆਦਤ' ਵਿਚ ਲਿਖਿਆ ਹੈ ਕਿ ਬਾਬਰ ਨੇ ਤਾਂ ਕੇਵਲ ਇਲਾਕੇ ਹੀ ਜਿੱਤੇ ਪਰ ਨਾਨਕ ਸ਼ਾਹ ਨੇ ਹਕੀਕੀ ਰਾਜ ਨੂੰ ਆਪਣੇ ਅਧਿਕਾਰ ਹੇਠ ਲਿਆਂਦਾ।
ਐਮਨਾਬਾਦ, ਦੁਖੀਆਂ ਦਾ ਦਰਦ ਵੰਡਾਂਦੇ, ਆਪ ਜੀ ੧੫੨੧ ਦੇ ਅਖੀਰ ਵਿਚ ਤਲਵੰਡੀ ਪੁੱਜੇ। ਪੁਰਾਤਨ ਜਨਮ ਸਾਖੀ ਅਨੁਸਾਰ, ‘ਤਬ ਘਰਿ ਆਏ, ਕੋਈ ਦਿਨ ਘਰਿ ਰਹੇ ।' ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ :
'ਫਿਰ ਬਾਬਾ ਆਇਆ ਕਰਤਾਰ ਪੁਰਿ ਭੇਖ ਉਦਾਸੀ ਸਗਲ ਉਤਾਰਾ।
ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ।'
ਆਪ ਜੀ ਨੇ ਆਪਣਾ ਟਿਕਾਣਾ ਕਰਤਾਰਪੁਰ ਕਰ ਲਿਆ ਤੇ ਜੀਵਨ ਦੇ ਆਖ਼ਰੀ ੧੮ ਸਾਲ ਕਰਤਾਰਪੁਰ ਟਿਕੇ।