Back ArrowLogo
Info
Profile

ਲੈਣ ਲੱਗੇ :

ਬਾਣੀ ਮੁਖਹੁ ਉਚਾਰੀਐ, ਹੁਇ ਰੁਸ਼ਨਾਈ ਮਿਟੈ ਅੰਧਿਆਰਾ।

ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦ ਉਠੇ ਧੁਨਕਾਰਾ।

ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ।

ਗੁਰਮੁਖਿ ਭਾਰ ਅਥਰਬਣਿ ਤਾਰਾ ॥੩੮॥੧॥

          ਮੈਕਾਲਫ਼ ਨੇ ਲਿਖਿਆ ਹੈ ਕਿ ਗੁਰੂ ਜੀ ਨੇ ਸਾਰੇ ਉਦਾਸੀਆਂ ਵਾਲੇ ਕੱਪੜੇ ਉਤਾਰ ਦਿੱਤੇ ਸਨ ਤੇ ਆਮ ਰਿਵਾਜ ਅਨੁਸਾਰ ਕੱਪੜੇ ਪਾ ਲਏ। ਲੱਕ ਦੁਆਲੇ ਕੱਪੜਾ, ਮੋਢਿਆਂ 'ਤੇ ਚਾਦਰ ਅਤੇ ਸਿਰ 'ਤੇ ਦਸਤਾਰ ਬੰਨ੍ਹ ਲਈ। ਇਸ ਪੋਸ਼ਾਕ ਵਿਚ ਗੁਰੂ ਨਾਨਕ ਦੇਵ ਜੀ ਦੀ ਝਾਲ ਝੱਲੀ ਨਹੀਂ ਸੀ ਜਾਂਦੀ। ਲੋਕੀਂ ਕਹਿੰਦੇ ਕਿ ਗੁਰੂ ਜੀ ਦੀ ਸ਼ੋਭਾ ਦੀ ਗੁੱਡੀ ਆਕਾਸ਼ 'ਤੇ ਚੜ੍ਹੀ ਹੋਈ ਹੈ। ਹਰ ਕੋਈ ਦਰਸ਼ਨ ਕਰਕੇ ਇਹ ਹੀ ਕਹਿੰਦਾ ਸੀ, ‘ਧੰਨ ਗੁਰੂ ਨਾਨਕ ਸੰਸਾਰ ਉੱਤੇ ਇਹ ਤਾਂ ਇਕ ਵੱਡਾ ਮਹਾਤਮਾ ਸੰਤਪੁਰਖ ਪ੍ਰਗਟ ਹੋਇਆ ਹੈ। ਕਵੀ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਹੈ :

ਭੇਖ ਫ਼ਕੀਰੀ ਤਯੋ ਸਰੀਰਾ।

ਸੰਸਾਰੀ ਪਹਰਹਿ ਪੁਨ ਚੀਰਾ।

ਕਿਸ਼ੀ ਕਰਾਵਨ ਲਗੇ ਬਸਾਲਾ।

ਦੇਗ ਚਲਾਵਹਿ ਪਰਮ ਕਿਰਪਾਲਾ।

ਦਰਸ਼ਨ ਕਰਨ ਹੇਤ ਸਿਧ ਆਵਹਿ।

ਕਿਤਕਿ ਰਹਿ ਘਰ ਕਿਤਕ ਸਧਾਵਹਿ।

ਸਵਾ ਜਾਮ ਨਿਸ ਰਹੇ ਸਦਾਈ।

ਹੋਣ ਕੀਰਤ ਸਭ ਸੁਖਦਾਈ।

          ਦਿਨ ਨਿਕਲਣ ਤੋਂ ਡੇਢ ਪਹਿਰ ਰਹਿੰਦੇ ਗੁਰੂ ਨਾਨਕ ਦੇਵ ਜੀ ਉੱਠ ਪੈਂਦੇ। ਸੰਗਤਾਂ ਇਸ਼ਨਾਨ ਕਰਕੇ ਧਰਮਸਾਲ ਜੁੜ ਜਾਂਦੀਆਂ। ਜਪੁਜੀ ਦਾ ਪਾਠ ਤੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ। ਸੂਰਜ ਨਿਕਲਣ ਦੇ ਪਿੱਛੋਂ ਸਵਾ ਪਹਿਰ ਤੱਕ ਗੁਰਬਾਣੀ ਦਾ ਕੀਰਤਨ ਹੁੰਦਾ ਰਹਿੰਦਾ। ਸ਼ਬਦ ਦੀ ਕਥਾ ਵੀ ਉਸੇ ਸਮੇਂ ਵਿਚ ਹੋ ਜਾਂਦੀ ਸੀ। 'ਗਗਨ ਮੈਂ ਬਾਲ' ਸਵੇਰੇ ਪੜ੍ਹਿਆ ਜਾਂਦਾ ਸੀ। ਇੰਝ ਲਗਦਾ ਹੈ, ਇਹ ਕਰਤਾਰਪੁਰ ਦਾ ਕੌਮੀ ਤਰਾਨਾ ਸੀ। ਫਿਰ ਸਵੇਰੇ ਦਾ ਪ੍ਰਸਾਦ ਵਰਤਾਇਆ ਜਾਂਦਾ। ਦਿਹਾੜੀ ਸਭ ਕਿਰਤ ਵਿਚ ਜੁੱਟ ਜਾਂਦੇ । ਗੁਰੂ ਜੀ ਬਹੁਤ ਕਰਕੇ ਖੇਤਾਂ ਨੂੰ ਚਲੇ ਜਾਂਦੇ।

ਤੀਸਰੇ ਪਹਿਰ ਫਿਰ ਸ਼ਬਦ ਕੀਰਤਨ ਹੁੰਦਾ। ਉਸ ਉਪਰੰਤ ਸ਼ਾਮ ਨੂੰ ਸੋਦਰ ਦਾ ਪਾਠ ਹੁੰਦਾ। ਸਾਰੇ ਸਿੱਖ ਇਕੱਠੇ ਹੀ ਪ੍ਰਸ਼ਾਦ ਛਕਦੇ। ਇਕ ਪਹਿਰ ਰਾਤ ਜਦ ਗੁਜ਼ਰ ਜਾਂਦੀ ਤਾਂ ਸਾਰੇ ਸੋਹਿਲਾ ਦਾ ਪਾਠ ਕਰ ਕੇ ਬਿਸ੍ਰਾਮ ਕਰਦੇ।

ਮੁਨਸ਼ੀ ਸੋਹਣ ਲਾਲ ਦਾ ਕਹਿਣਾ ਹੈ ਕਿ ਆਤਮਕ ਸ਼ਾਂਤੀ ਲਈ ਹਰ ਸ਼ਹਿਰ ਤੇ ਹਰ ਪ੍ਰਾਂਤ ਦੇ ਲੋਕੀਂ ਆਪ ਜੀ ਦੀ ਸੇਵਾ ਵਿਚ ਹਾਜ਼ਰ ਹੁੰਦੇ ਤੇ ਖ਼ੁਸ਼ੀਆਂ ਪ੍ਰਾਪਤ ਕਰਦੇ। ਆਪ ਜੀ ਦੇ ਦੀਦਾਰ ਸਦਕਾ ਉਨ੍ਹਾਂ ਦੀਆਂ ਅੱਖਾਂ ਵਿਚ ਨੂਰ ਤੇ ਚਮਕ ਆ ਜਾਂਦੀ।

183 / 237
Previous
Next