

ਕਰਤਾਰਪੁਰ ਵਿਚ ਉਪਦੇਸ਼, ਸਿੱਖਾਂ ਦਾ ਆਉਣਾ : ਉਂਝ ਤਾਂ ਅਨੇਕਾਂ ਹੀ ਲੋਕ ਕਰਤਾਰਪੁਰ ਪੁੱਜਦੇ ਤੇ ਗੁਰੂ ਜੀ ਪਾਸ ਟਿਕ ਕੇ ਮਨ ਦੇ ਸ਼ੰਕੇ ਨਿਵਾਰਦੇ, ਪਰ ਭਾਈ ਗੁਰਦਾਸ ਜੀ ਨੇ ਕੇਵਲ ਵੀਹ ਹੀ ਸਿੱਖਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਜੀਵਨ ਪਦਵੀ ਪਾਈ। ਸਭ ਤੋਂ ਪਹਿਲੀ ਥਾਂ ਉਨ੍ਹਾਂ ਭਾਈ ਤਾਰੂ ਨੂੰ ਦਿੱਤੀ ਹੈ । ਤਾਰੂ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ :
'ਤਾਰੂ ਤੇ ਕੁਲ ਤਾਰੂ ਹੋਵੇਗਾ। ਧਰਮ ਦੀ ਕਿਰਤ ਕਰਕੇ ਵੰਡ ਖਾਵਣਾ, ਦੁੱਖ ਵੰਡਿ ਆਉਣਾ। ਸਵਾਸ-ਸਵਾਸ ਵਾਹਿਗੁਰੂ ਜਪਣਾ। ਰਿਦਾ ਸ਼ੁੱਧ ਰੱਖਣਾ। ਭਾਈ ਮਨੀ ਸਿੰਘ ਜੀ ਲਿਖਦੇ ਹਨ ਕਿ ਭਾਈ ਤਾਰੂ ਇਸ ਤਰ੍ਹਾਂ ਹੀ ਵਰਤੇ ਤੇ ਧਰਮ ਦੀ ਕ੍ਰਿਤ ਕਰੋ. ਭਜਨ ਕਰੋ ਤੇ ਆਇਆ ਸਿੱਖਾਂ ਦੀ ਸੇਵਾ ਕਰੋ ਤੇ ਤੁਰਨ ਤਾਂ ਨਾਲ ਜਾਇ ਕੇ ਪਹੁੰਚਾਇ ਆਵੇ। ਕਿਸੇ ਦਾ ਦਰਦ ਤੇ ਦੁੱਖ ਦੇਖ ਕੇ ਆਪੂੰ ਤੜਫ਼ੇ। ਲਾਹੌਰ ਵਿਚ ਜਦ ਅੱਗ ਲੱਗੀ ਤੇ ਸ਼ਹਿਰ ਸੜਨ ਲੱਗਾ ਤਾਂ ਭਾਈ ਤਾਰੂ ਜੀ ਨੇ ਘਰੋਂ ਬਾਲਟੀ ਉਠਾ ਲਈ ਤੇ ਖੂਹ ਤੋਂ ਪਾਣੀ ਭਰ ਕੇ ਅੱਗ ਬੁਝਾਉਣ ਲਈ ਟੁਰ ਪਏ। ਨਾਲ ਦਿਆਂ ਕਿਹਾ : 'ਭਾਈ ਜੀ ਇੰਨੀ ਭਿਆਨਕ ਅੱਗ ਤੁਹਾਡੀ ਇਕ ਬਾਲਟੀ ਨਾਲ ਨਹੀਂ ਬੁੱਝਣ ਲੱਗੀ। ਇਹ ਉੱਦਮ ਨਿਸਫਲ ਜਾਏਗਾ। ਪਰਉਪਕਾਰੀ ਭਾਈ ਤਾਰੂ ਜੀ ਨੇ ਕਿਹਾ ਕਿ ਮੈਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਕਿ ਮੇਰੀ ਪਾਈ ਬਾਲਟੀ ਨਾਲ ਅੱਗ ਬੁੱਝਦੀ ਹੈ ਜਾਂ ਨਹੀਂ ਪਰ ਗੁਰੂ ਨਾਨਕ ਦਾ ਸਿੱਖ ਅੱਗ ਲੱਗੀ ਦੇਖ ਚੁੱਪ ਕਰ ਕੇ ਆਰਾਮ ਨਾਲ ਨਹੀਂ ਬੈਠ ਸਕਦਾ। ਭਾਈ ਤਾਰੂ ਜੀ ਫਾਇਰ ਬਰਗੇਡ ਦੇ ਬਾਨੀ ਕਹੇ ਜਾ ਸਕਦੇ ਹਨ।
ਭਾਈ ਗੁਰਦਾਸ ਜੀ ਨੇ ਦੂਜੇ ਸਿੱਖ ਦਾ ਨਾਂ ਭਾਈ ਮੂਲਾ ਕੀੜ ਲਿਖਿਆ ਹੈ ।
'ਮੂਲਾ ਕੀੜ ਵਖਾਣੀਐ ਚਲਿਤੁ ਅਚਰਜ ਲੁਭਤਿ ਗੁਰਦਾਸੀ।'
ਕੀੜ ਜਾਤੀ ਦਾ ਮੂਲਾ ਸੀ, ਜਿਸ ਦੇ ਕਈ ਕੰਮ ਅਚਰਜ ਸਨ ਤੇ ਗੁਰੂ ਦੇ ਦਾਸਾਂ ਦਾ ਦਾਸ ਹੋ ਕੇ ਰਹਿੰਦਾ ਸੀ । ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸੰਜਮੀ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੱਤਾ। ਉਸ ਨੇ ਸੇਵਾ ਦੀ ਹੱਦ ਦੱਸ ਦਿੱਤੀ। ਇਕ ਵਾਰੀ ਉਸ ਦੇ ਘਰ ਇਕ ਬਹੁਰੂਪੀਆ ਆਇਆ ਜਿਸ ਗੁਰੂ ਨਾਨਕ ਦੇਵ ਜੀ ਦੀ ਬਾਣੀ ਕੰਠ ਕੀਤੀ ਹੋਈ ਸੀ। ਭਾਈ ਜੀ ਸ਼ਬਦ ਸੁਣ ਕੇ, ਉਸ ਬਹੁਰੂਪੀਏ ਨੂੰ ਰਾਤੀ ਬਿਸ੍ਰਾਮ ਕਰਨ ਲਈ ਘਰ ਲੈ ਗਿਆ ਪਰ ਜਦ ਉਹ ਰਾਤੀਂ ਉਸ ਦੀ ਘਰਵਾਲੀ ਦੇ ਗਹਿਣੇ ਹੀ ਚੁੱਕ ਕੇ ਲੈ ਚੱਲਿਆ ਤਾਂ ਭਾਈ ਮੂਲਾ ਜੀ ਨੂੰ ਭਾਵੇਂ ਉਸ ਦੀ ਕਰਤੂਤ ਦਾ ਪਤਾ ਲੱਗ ਗਿਆ ਸੀ ਪਰ ਕਿਹਾ ਕੁਝ ਨਾ। ਘਰਵਾਲੀ ਨੂੰ ਹੋਰ ਗਹਿਣੇ ਘੜਵਾ ਦਿੱਤੇ ਪਰ ਸ਼ਬਦ ਦਾ ਨਿਰਾਦਰ ਨਾ ਹੋਣ ਦਿੱਤਾ। ਉਸ ਬਹੁਰੂਪੀਏ ਦੇ ਜੀਵਨ ਵਿਚ ਵੀ ਪਲਟਾ ਆਇਆ।
ਤੀਜੇ ਤੇ ਚੌਥੇ ਸਿੱਖ ਦਾ ਨਾਂ ਭਾਈ ਪ੍ਰਿਥਾ ਤੇ ਖੇਡਾ ਲਿਖਿਆ ਹੈ। ਉਹ ਸੋਇਨੀ ਜਾਤ ਦੇ ਸਨ। ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਸ਼ਰਨ ਲੈ ਕੇ ਸ਼ਾਂਤ ਸੁਖ ਦੇ ਨਿਵਾਸੀ ਹੋਏ :
'ਪਿਰਥਾ ਖੇਡਾ ਸੋਇਨੀ ਚਰਣ ਸਰਣ ਸੁਖ ਸਹਿਜ ਨਿਵਾਸੀ।'
ਭਾਈ ਮਨੀ ਸਿੰਘ ਅਨੁਸਾਰ ਪ੍ਰਿਥਾ ਤੇ ਖੇਡਾਂ ਸੋਇਨੀ ਜਾਤ ਦੇ ਖੱਤਰੀ ਹੈਸਨਿ,