

ਮਰਨ ਕੰਟੀਏ ਜੀ । ਭਾਈ ਮਨੀ ਸਿੰਘ ਜੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਕਹਿਆ: ਤੂੰ ਤਾਂ ਅਜੇ ਬਾਲਕ ਹੈਂ, ਤੈਨੂੰ ਇਹ ਬੁੱਧ ਕਿੱਥੋਂ ਪ੍ਰਾਪਤ ਹੋਈ ਤਾਂ ਉਸ ਆਖਿਆ : ਜੀ, ਸਾਡੇ ਪਿੰਡ ਮੁਗ਼ਲ ਆਨਿ ਉਤਰੇ ਸਨ, ਨਾਲੇ ਉਨ੍ਹਾਂ ਕੱਚੀਆਂ ਖੇਤੀਆਂ ਵੱਢ ਲਈਆਂ ਨਾਲੇ ਪੱਕੀਆਂ, ਨਾਲੇ ਡੱਡਰੀਆਂ ਤਾਂ ਮੇਰੇ ਮਨ ਵਿਚ ਆਈ ਜੇ ਉਨ੍ਹਾਂ ਡਾਢਿਆਂ ਦਾ ਹੱਥ ਕਿਸੇ ਨਹੀਂ ਫੜਿਆ ਤਾਂ ਜਮਾਂ ਦਾ ਹੱਥ ਕਿਸ ਫੜਨਾ ਹੈ। ਗੁਰੂ ਜੀ ਨੇ ਬਚਨ ਕੀਤਾ : 'ਤੂੰ ਬਾਲਕ ਤਾਂ ਨਹੀਂ, ਤੇਰੀ ਤਾਂ ਬੁੱਢਿਆਂ ਕੀ ਜੈਸੀ ਮਤਿ ਹੈ। ਤੂੰ ਤਾਂ ਬੁੱਢਾ ਹੈ। ਇਕ ਮਨ ਹੋਇਕੈ ਨਾਮ ਧਿਆਵੇਂਗਾ ਤਾਂ ਤੇਰੀ ਕਲਯਾਨ ਹੋਵੇਗੀ, ਆਰਜਾ ਵਧੇਗੀ ।' ਉਸ ਸਮੇਂ ਤੋਂ ਹੀ ਉਸ ਦਾ ਨਾਮ ਬਾਬਾ ਬੁੱਢਾ ਜੀ ਪੱਕ ਗਿਆ। ਅਹਿਮਦ ਸ਼ਾਹ ਬਟਾਲਵੀ ਲਿਖਦਾ ਹੈ ਕਿ ਅੰਮ੍ਰਿਤਸਰ ਲਾਗੇ ਗੁਰੂ ਨਾਨਕ ਦੇਵ ਜੀ ਵਿਚਰ ਰਹੇ ਸਨ ਕਿ ਇਕ ਬਾਲਕ ਦਾ ਮੇਲ ਹੋਇਆ। ਉਸ ਸਮੇਂ ਉਹ ਬਾਲਕ ਮੱਝੀਆਂ ਚਾਰ ਰਿਹਾ ਸੀ। ਪਾਣੀ ਲਿਆਉਣ ਲਈ ਕਿਹਾ ਤਾਂ ਉਸ ਬਾਲਕ ਨੇ ਕਿਹਾ ਕਿ ਕਿਸੇ ਤਲਾਬ ਵਿਚ ਹੀ ਜਲ ਨਹੀਂ ਹੈ। ਗੁਰੂ ਜੀ ਨੇ ਕਿਹਾ ਕਿ ਤੁਸੀਂ ਆਪੂੰ ਜਾ ਕੇ ਦੇਖੋ। ਜਦ ਉਹ ਬਾਲਕ (ਬੁੱਢਾ ਜੀ) ਉਸ ਤਲਾਬ ਕੋਲ ਪੁੱਜਾ ਤਾਂ ਉਹ ਨਿਰਮਲ ਜਲ ਨਾਲ ਭਰਿਆ ਹੋਇਆ ਸੀ। ਉਸ ਬਾਲਕ 'ਤੇ ਬਾਬੇ ਦੇ ਬਚਨਾਂ ਨੇ ਐਸਾ ਪ੍ਰਭਾਵ ਪਾਇਆ ਕਿ ਉਹ ਘਰ ਘਾਟ ਛੱਡ ਕੇ ਉਨ੍ਹਾਂ ਪਾਸ ਟੁਰ ਗਿਆ। ਬਾਬਾ ਨਾਨਕ ਨੇ ਉਸ ਨੂੰ ਅਸੀਸ ਦਿੱਤੀ ਕਿ ਉਹ ਲੰਮੀ ਆਯੂ ਭੋਗੇਗਾ ਬਟਾਲਵੀ ਲਿਖਦਾ ਹੈ ਕਿ ਬਾਬਾ ਨਾਨਕ ਦੇ ਉਪਰੰਤ ਉਸ ਨੇ ਬੜੀ ਨਾਮਵਰੀ ਖੱਟੀ। ਲੋਕ ਉਨ੍ਹਾਂ ਪ੍ਰਤੀ ਬੜੀ ਸ਼ਰਧਾ ਰੱਖਦੇ ਸਨ । ਗੁਰੂ ਹਰਿਗੋਬਿੰਦ ਜੀ ਦੇ ਸਮੇਂ ਤੱਕ ਆਪ ਜੀ ਜੀਉਂਦੇ ਰਹੇ। ਤਰਨਤਾਰਨ ਦੀ ਨੀਂਹ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਦੇ ਕਹਿਣ 'ਤੇ ਹੀ ਰੱਖੀ। ਇਸ ਤੋਂ ਪਹਿਲਾਂ ਬਾਬਾ ਬੁੱਢਾ ਜੀ ਵਲੋਂ ਸੰਕੇਤ ਕੀਤੀ ਥਾਂ ਉੱਤੇ ਹੀ ਅੰਮ੍ਰਿਤਸਰ ਦੀ ਉਸਾਰੀ ਹੋਈ ਸੀ। ਬੁੱਢਾ ਜੀ ਕਰਤਾਰਪੁਰ ਹੀ ਆ ਟਿਕੇ ਤੇ ਸੇਵਾ ਵਿਚ ਜੁੱਟ ਗਏ। ਗੁਰੂ ਨਾਨਕ ਦੇਵ ਜੀ ਨੇ ਜਦ ਧਾਣਕ ਰੂਪ ਧਾਰ ਗੁਰੂ ਗੱਦੀ ਸੌਂਪਣ ਵੇਲੇ ਅੰਤਮ ਪ੍ਰੀਖਿਆ ਲਈ ਤਾਂ ਅਖੀਰ ਵਿਚ ਜੋ ਤਿੰਨ ਰਹਿ ਗਏ ਉਨ੍ਹਾਂ ਵਿਚੋਂ ਇਕ ਬਾਬਾ ਬੁੱਢਾ ਜੀ ਹੀ ਸਨ। ਉਨ੍ਹਾਂ ਦੀ ਲਗਨ ਦੇਖ ਕੇ ਹੀ ਗੁਰੂ ਨਾਨਕ ਦੇਵ ਜੀ ਨੇ ਵਰ ਦਿੱਤਾ ਕਿ ਤੈਥੋਂ ਕਦੇ ਓਹਲੇ ਨਾ ਹੋਸਾਂ। ਗੁਰੂ ਨਾਨਕ ਦੇਵ ਜੀ ਨੇ ਪਰਦਖਣਾ ਕਰ ਕੇ ਜਦ ਗੁਰੂ ਅੰਗਦ ਦੇਵ ਜੀ ਨੂੰ ਤਖ਼ਤ 'ਤੇ ਬਿਠਾਇਆ ਤਾਂ ਤਿਲਕ ਦੇਣ ਲਈ ਭਾਈ ਬੁੱਢਾ ਜੀ ਨੂੰ ਹੀ ਆਗਿਆ ਕੀਤੀ।
ਫਿਰ ਗੁਰੂ ਅੰਗਦ ਦੇਵ ਜੀ ਨੇ 'ਤਿੰਨ ਕਉ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦੇਉ' ਆਖ ਕੇ ਮਾਣ ਦਿੱਤਾ ਸੀ । ਗੁਰੂ ਅਮਰਦਾਸ ਜੀ ਨੇ ਸਿੱਖੀ ਦੀ ਅਵਿਧ (ਸੀਮਾ, ਹੱਦ) ਆਖ ਸਤਿਕਾਰਿਆ ਸੀ । ਗੁਰੂ ਅਮਰਦਾਸ ਜੀ ਨੇ ਤਾਂ ਗੁਰ ਗੱਦੀ ਦੇਣ ਸਮੇਂ ਪਹਿਲੀ ਸਲਾਹ ਹੀ ਉਨ੍ਹਾਂ ਕੋਲੋਂ ਲਈ ਤੇ ਬਾਬਾ ਜੀ ਨੇ ਗੁਰਗੱਦੀ ਦੇਣ ਦੀ ਸਾਰੀ ਮਰਯਾਦਾ ਦੱਸੀ। ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਿਗੋਬਿੰਦ ਜੀ ਦੀ ਵਿੱਦਿਆ ਦਾ ਸਾਰਾ ਪ੍ਰਬੰਧ ਉਨ੍ਹਾਂ 'ਤੇ ਹੀ ਸੁੱਟਿਆ ਤੇ ਦਰਬਾਰ ਸਾਹਿਬ ਦਾ ਪਹਿਲਾ ਗ੍ਰੰਥੀ ਉਨ੍ਹਾਂ ਨੂੰ ਹੀ ਥਾਪਿਆ ਤੇ ਉਨ੍ਹਾਂ ਨੇ ਹੀ ਪਹਿਲਾ ਵਾਕ ਗੁਰੂ ਗ੍ਰੰਥ ਸਾਹਿਬ ਤੋਂ ਲਇਆ ਤੇ ਅੰਤ ਵਿਚ ਆਪਣੀ