

'ਚਹੁ ਵਰਣਾਂ ਦਾ ਉਪਦੇਸ਼ ਛਿਅ ਦਰਸ਼ਨ ਸਭ ਸੇਵਕ ਸੇਉ।
ਜਗਤ ਗੁਰੂ-ਗੁਰੂ ਨਾਨਕ ਦੇਉ॥੨॥੨੪॥
ਸਿਆਸੀ ਤੌਰ ਤੇ ਉਹ ਊਚ-ਨੀਚ, ਰਾਜਾ ਪਰਜਾ, ਹਾਕਮ ਤੇ ਹਜ਼ੂਰ ਦੀ ਵੰਡ ਨੂੰ ਠੀਕ ਨਹੀਂ ਸਨ ਸਮਝਦੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੋ ਹਿੰਦੁਸਤਾਨ ਇਹ ਸੁਣ ਰਿਹਾ ਸੀ, 'ਰਾਜਾ ਨਿਹਕਲੰਕੀ ਹੈ' ਉਸੇ ਨੂੰ ਸੰਬੋਧਨ ਕਰਕੇ ਆਖਿਆ ਗਿਆ ਕਿ ਰਾਜੇ ਸ਼ੀਂਹ ਹੋ ਗਏ ਹਨ ਅਤੇ ਉਨ੍ਹਾਂ ਦੇ ਕਰਮਚਾਰੀ ਕੁੱਤੇ। 'ਰਾਜੇ ਸੀਹ ਮੁਕਦਮ ਕੀਤੇ। ਕਉਨ ਕਹਿੰਦਾ ਹੈ ਕਿ ਰਾਜਾ ਕਦੇ ਗਲਤੀ ਨਹੀਂ ਕਰਦਾ (King can do no wrong), ਉਨ੍ਹਾਂ ਦੀਆਂ ਗਲਤੀਆਂ ਦੀ ਸਜ਼ਾ ਤਾਂ ਅਸੀਂ ਭੁਗਤ ਰਹੇ ਹਾਂ । ਜਦ ਮੁਗ਼ਲ ਪਠਾਣਾਂ ਦੀ ਲੜਾਈ ਹੋਈ ਤਾਂ ਮੁਗ਼ਲ ਜਿੱਤ ਗਏ ਕਿਉਂਕਿ ਉਹ ਤੋਪਾਂ, ਘੋੜਿਆਂ ਨਾਲ ਲੈਸ ਹੋ ਕੇ ਆਏ ਤੇ ਇਹ ਪਠਾਣ ਸ਼ਾਹ, ਜੋ ਸੁੱਤੇ ਹੋਏ ਸਨ, ਇਕ ਹਮਲਾ ਵੀ ਨਾ ਸਹਾਰ ਸਕੇ। ਗੁਰੂ ਨਾਨਕ ਦੇਵ ਜੀ ਤਾਂ ਇਕ ਪਰਮਾਤਮਾ ਦੀ ਬਾਦਸ਼ਾਹਤ ਵਿਚ ਯਕੀਨ ਕਰਦੇ ਸਨ। 'ਏਕੋ ਹੁਕਮ ਵਰਤੈ ਸਭ ਲੋਇ' ਉਨ੍ਹਾਂ ਦਾ ਫ਼ਰਮਾਨ ਹੈ। ਉਸ ਬਾਦਸ਼ਾਹਤ ਵਿਚ ਕੋਈ ਰਾਜਾ, ਪਰਜਾ ਜਾਂ ਕੋਈ ਦੂਜਾ ਹੁਕਮ ਦੇਣ ਵਾਲਾ ਨਹੀਂ : 'ਰਯਤਿ ਰਾਜੇ ਕਹਾ ਸਬਾਏ, ਦੁਹੁ ਅੰਤਰ ਸੋ ਜਾਸੀ। ਕਹਤ ਨਾਨਕੁ ਗੁਰ ਸਚੇ ਕੀ ਪਉੜੀ, ਰਹਸੀ ਅਲਖ ਨਿਵਾਸੀ।' (ਮਾਰੂ ਕਾਫੀ ਮ: ੧, ਪੰਨਾ ੧੦੧੬
ਗੁਰੂ ਨਾਨਕ ਦੇਵ ਜੀ ਇਹ ਹੀ ਚਾਹੁੰਦੇ ਹਨ ਕਿ ਆਦਲ ਇਨਸਾਫ਼ ਕਰੋ, ਜ਼ਾਲਮ ਜ਼ੁਲਮ ਨਾ ਕਰ ਸਕਣ। ਕੋਈ ਕਿਸੇ ਨੂੰ ਜ਼ੋਰ ਨਾਲ ਜ਼ਖਮੀ ਨਾ ਕਰੇ ਤੇ ਰਾਜ ਸਾਰਿਆਂ ਲਈ ਹੋਵੇ ਜਿਸ ਵਿਚ ਸ਼ੋਰ ਸ਼ਰਾਬਾ ਨੂੰ ਥਾਂ ਨਾ ਹੋਵੇ :
'ਇਕ ਛਤ ਰਾਜ ਕਮਾਂਵਦਾ, ਦੁਸ਼ਮਨ ਦੂਤ ਨ ਸ਼ੋਰ ਸ਼ਰਾਬਾ।
ਆਦਲ ਅਦਲ ਚਲਾਇੰਦਾ, ਜ਼ਾਲਮ ਜ਼ੁਲਮ ਨ ਜ਼ੋਰ ਜ਼ਰਾਬਾ।
ਜ਼ਾਹਰ ਪੀਰ ਜਗਤ ਗੁਰੂ ਬਾਬਾ ।'
ਜ਼ਿੰਦਗੀ ਉਹ ਹੀ ਹੈ ਜੋ ਅਣਖ ਵਾਲੀ ਹੈ। ਵਿਚੋਂ ਅਣਖ ਹੀ ਨਿਕਲ ਗਈ ਤਾਂ ਕੁਝ ਵੀ ਪੈਦਾ ਨਹੀਂ ਹੋਣ ਲੱਗਾ। ਆਸਾ ਦੀ ਵਾਰ ਦੀ ਗਯਾਰਵੀਂ ਪਉੜੀ ਦੇ ਨਾਲ ਲਗਦੇ ਪਹਿਲੇ ਸਲੋਕ ਵਿਚ ਫ਼ਰਮਾਂਦੇ ਹਨ ।
'ਬੀਉ ਬੀਜਿ ਪਤਿ ਲੈ ਗਏ,
ਅਬ ਕਿਉਂ ਉਗਵੈ ਦਾਲਿ।''
ਅਤੇ ਫਿਰ ਮਾਝ ਰਾਗ ਦੀ ਵਾਰ ਵਿਚ ਉਚਾਰਦੇ ਹਨ :
'ਜੇ ਜੀਵੈ ਪਤਿ ਲਥੀ ਜਾਇ।
ਸਭੁ ਹਰਾਮੁ ਜੇਤਾ ਕਿਛੁ ਖਾਇ।'2
1. ਆਸਾ ਦੀ ਵਾਰ, ਗੁਰੂ ਗ੍ਰੰਥ ਸਾਹਿਬ, ਪੰਨਾ ੪੬੮।
2. ਗੁਰੂ ਗ੍ਰੰਥ ਸਾਹਿਬ, ਪੰਨਾ ੧੪੨।